ਦੂਜੀ ਸਿੱਖ ਵਾਕ ਵਿੱਚ ਸੰਗਤਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ

ਪਾਪਾਟੋਏਟੋਏ (ਆਕਲੈਂਡ), 29 ਨਵੰਬਰ – ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੂਰਬ ਦੇ ਸੰਬੰਧ ਵਿੱਚ ਦੂਜੀ ਸਿੱਖ ਵਾਕ ਆ ਆਯੋਜਨ ਕੀਤਾ ਗਿਆ। ਜੋ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਨਾਨਕਸਰ ਈਸ਼ਰ ਦਰਬਾਰ, ਮੈਨੁਰੇਵਾ ਤੋਂ ਹੁੰਦੀ ਹੋਈ ਗੁਰਦੁਆਰਾ ਕਲਗੀਧਰ ਸਾਹਿਬ, ਟਾਕਾਨੀਨੀ ਵਿਖੇ ਸਮਾਪਤ ਹੋਈ। ਜਿਸ ਵਿੱਚ ਸੰਗਤਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਸਵੇਰੇ 9.00 ਵਜੇ ਦੇ ਲਗਭਗ ਸਿੱਖ ਵਾਕ ਦੇ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਬੰਧਕਾਂ ਵੱਲੋਂ ਸਿੱਖ ਵਾਕ ਵਿੱਚ ਭਾਗ ਲੈਣ ਵਾਲੀਆ ਸੰਗਤਾਂ ਨੂੰ ਟੀ-ਸ਼ਰਟਾਂ ਅਤੇ ਪਾਣੀ ਦੀਆਂ ਬੋਤਲਾਂ ਵੰਡੀਆਂ ਗਈਆਂ। ਆਪਣੀ ਦੁਕਾਨ ਸਾਹਮਣੇ ਗੋਲਡਕ੍ਰਇਏਸ਼ਨ ਪਾਪਾਟੋਏਟੋਏ ਦੇ ਗੁਰਦੀਪ ਸਿੰਘ ਲੂਥਰ ਵੱਲੋਂ ਸੰਗਤਾਂ ਨੂੰ ਪਾਣੀ ਦੀਆਂ ਬੋਤਲਾਂ ਤੇ ਡਰਾਈ ਫਰੂਟ ਦੇ ਪੈਕਟਾਂ ਦੀ ਸੇਵਾ ਕੀਤੀ ਗਈ। ਗੁਰਦੁਆਰਾ ਦਸਮੇਸ਼ ਦਰਬਾਰ ਵੱਲੋਂ ਸੰਗਤਾਂ ਲਈ ਕੜਾਹ ਪ੍ਰਸ਼ਾਦ ਅਤੇ ਛੋਲਿਆਂ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ। ਗੁਰਦੁਆਰਾ ਨਾਨਕਸਰ ਮੈਨੁਰਵਾ ਦੇ ਪ੍ਰਬੰਧਕਾਂ ਵੱਲੋਂ ਸਿੱਖ ਵਾਕ ਦੇ ਸਵਾਗਤ ਲਈ ਲੰਗਰਾਂ ਦੀ ਸੇਵਾ ਲਾਈ ਗਈ ਅਤੇ ਸਿੱਖ ਵਾਕ ਦੇ ਸਵਾਗਤ ਵਿੱਚ ਕਈ ਥਾਵਾਂ ਉੱਤੇ ਸੰਗਤਾਂ ਵੱਲੋਂ ਵੱਖ-ਵੱਖ ਢੰਗ ਨਾਲ ਲੰਗਰਾਂ ਦੀ ਸੇਵਾ ਕੀਤੀ ਗਈ।
ਸਿੱਖ ਵਾਕ ਦੀਆਂ ਸੰਗਤਾਂ ਨੂੰ ਗੁਰਦੁਆਰਾ ਟਾਕਾਨੀਨੀ ਵਿਖੇ ਪੁੱਜਣ ਉੱਤੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਨੇ ਸਿੱਖ ਵਾਕ ਵਿੱਚ ਭਾਗ ਲੈਣ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਦੂਜੀ ਸਿੱਖ ਵਾਕ ਦਾ ਆਯੋਜਨ ਐਜਜ਼ੈੱਡ ਪੰਜਾਬੀ ਨਿਊਜ਼, ਰੇਡੀਓ ਸਾਡੇ ਆਲਾ ਅਤੇ ਸੁਪਰੀਮ ਸਿੱਖ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਈ ਗਈ।