ਦੇਸ਼ ਨੇ ‘ਐਨਜ਼ੈਕ ਡੇ’ ਵਾਲੇ ਦਿਨ ਸ਼ਹੀਦ ਫ਼ੌਜੀਆਂ ਨੂੰ ਸ਼ਰਧਾਂਜਲੀ ਦਿੱਤੀ

ਆਕਲੈਂਡ, 25 ਅਪ੍ਰੈਲ – ਅੱਜ ‘ਐਨਜ਼ੈਕ ਡੇ’ ਵਾਲੇ ਦਿਨ ਪੂਰਾ ਦੇਸ਼ ‘ਐਨਜ਼ੈਕ ਡੇ’ ਪਰੇਡ ਕੱਢ ਕੇ ਸ਼ਹੀਦ ਫ਼ੌਜੀਆਂ ਨੂੰ ਯਾਦ ਕਰਕੇ ਇਹ ਦਿਨ ਮਨਾਇਆ ਗਿਆ। ਇਸ ਦਿਨ ‘ਪਹਿਲੀ ਵਿਸ਼ਵ ਜੰਗ’ ਦੌਰਾਨ ਨਿਊਜ਼ੀਲੈਂਡ, ਆਸਟਰੇਲੀਆ ਤੇ ਭਾਰਤੀ ਖ਼ਾਸ ਕਰਕੇ ਸਿੱਖਾਂ ਵੱਲੋਂ ਗੋਲੀਪਲੀ ਦੀ ਜੰਗ ਦੌਰਾਨ ਸ਼ਹਾਦਤ ਦਾ ਜਾਮਾ ਪਹਿਨਣ ਵਾਲੇ ਤੇ ਜ਼ਖ਼ਮੀ ਫ਼ੌਜੀਆਂ ਨੂੰ ਹਰ ਸਾਲ ਦੀ ਤਰ੍ਹਾਂ ਸ਼ਰਧਾਂਜਲੀ ਦਿੱਤੀ ਗਈ ਅਤੇ ਇਸ ਕੌਮੀ ਛੁੱਟੀ ਵਾਲੇ ਦਿਨ ਦੇਸ਼ ਭਰ ‘ਚ ਵੱਖ-ਵੱਖ ਥਾਵਾਂ ਉੱਤੇ ਲੋਕ ਸੁਰੱਖਿਆ ਫ਼ੌਜਾਂ ਦੇ ਸ਼ਰਧਾਂਜਲੀ ਪਰੇਡ ਸਮਾਗਮ ਵਿੱਚ ਸ਼ਾਮਿਲ ਹੁੰਦੇ ਅਤੇ ਦੇਖਦੇ ਹੋਏ ਉਨ੍ਹਾਂ ਦੀ ਕੁਰਬਾਨੀ ਨੂੰ ਸਜਦਾ ਕਰਦੇ ਹਨ।

ਇਸ ਮੌਕੇ ਸੂਰਜ ਚੜ੍ਹਨ ਤੋਂ ਪਹਿਲਾ ਦੇਸ਼ ਭਰ ਵਿੱਚ ‘ਡਾਨ ਸਰਵਿਸ’ ਅਦਾ ਕਰਕੇ ਸ਼ਹੀਦਾਂ ਨੂੰ ਵਿਸ਼ੇਸ਼ ਸ਼ਰਧਾਂਜਲੀ ਦਿੱਤੀ ਗਈ ਅਤੇ ਬਾਅਦ ਵਿੱਚ ਵੱਖ-ਵੱਖ ਥਾਵਾਂ ਉੱਤੇ ਪਰੇਡ ਦੇ ਆਯੋਜਨ ਕੀਤੇ ਗਏ। ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਿਖੇ ਸਥਿਤ ਵਾਰ ਮੈਮੋਰੀਅਲ ਗਾਰਡਨ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਜਦੋਂ ਕਿ ਪਾਪਾਟੋਏਟੋਏ ਵਿਖੇ ਪਹਿਲਾਂ ਮੈਨੁਕਾਓ ਮੈਮੋਰੀਅਲ ਗਾਰਡਨ ਵਿਖੇ ਸਵੇਰੇ ਡਾਨ ਸਰਵਿਸ ਦੀ ਰਸਮ ਨਿਭਾਈ ਗਈ ਅਤੇ ਬਾਅਦ ਵਿੱਚ ੧੦ ਵਜੇ ਦੇ ਲਗਭਗ ਪਾਪਾਟੋਏਟੋਏ ਦੇ ਸੈਂਟਰਲ ਪ੍ਰਾਈਮਰੀ ਸਕੂਲ ਤੋਂ ਆਰੰਭ ਹੋ ਕੇ ਪਰੇਡ ਪਾਪਾਟੋਏਟੋਏ ਲਾਈਬ੍ਰੇਰੀ ਵਿਖੇ ਸਮਾਪਤ ਹੋਈ ਅਤੇ ਉੱਥੇ ਆਰ. ਐੱਸ. ਏ. ਵੱਲੋਂ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ। ਪਰੇਡ ਵਿੱਚ ਫ਼ੌਜੀ ਬੈਂਡ ਤੋਂ ਇਲਾਵਾ ਵੱਖ-ਵੱਖ ਰਿਟਾਇਰਡ ਫ਼ੌਜੀਆਂ, ਨੌਜਵਾਨਾਂ, ਸਕੂਲੀ ਬੱਚਿਆਂ, ਵੱਖ-ਵੱਖ ਜਥੇਬੰਦੀਆਂ ਤੇ ਪੰਜਾਬੀ ਭਾਈਚਾਰੇ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਵੱਖ-ਵੱਖ ਵਕਤਿਆਂ ਵੱਲੋਂ ਸ਼ਰਧਾਂਜਲੀ ਪੇਸ਼ ਕਰਨ ਦੇ ਨਾਲ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਵਿੱਚ ਵੱਡੀ ਗਿਣਤੀ ‘ਚ ਵੱਖ-ਵੱਖ ਕਮਿਊਨਿਟੀ ਦੇ ਲੋਕਾਂ ਨੇ ਪਰਿਵਾਰਾਂ ਸਣੇ ਹਾਜ਼ਰੀ ਭਰੀ।

ਗੌਰਤਲਬ ਹੈ ਕਿ ਸਮਾਪਤੀ ਤੋਂ ਪਹਿਲਾਂ ਕੌਮੀ ਝੰਡੇ ਨੂੰ ਹੇਠਾਂ ਕਰਕੇ ਕੇ ਮੁੜ ਲਹਿਰਾਇਆ ਗਿਆ। ਪਰੇਡ ਵਿੱਚ ਬੈਂਡ, ਛਾਤੀ ਉੱਤੇ ਤਗਮੇ ਸਜਾਈ ਤਿੰਨੇ ਫ਼ੌਜਾਂ ਦੇ ਮੌਜੂਦਾ ਤੇ ਸਾਬਕਾ ਫ਼ੌਜੀ, ਭਾਰਤੀ ਸਾਬਕਾ ਫ਼ੌਜੀ ਵੀ ਸਨ, ਸਿੱਖ ਤੇ ਭਾਰਤੀ ਭਾਈਚਾਰੇ ਦੇ ਲੋਕ, ‘ਹੋਪ ਐਨ ਹੈਲਪ’, ਸਕਾਊਟ ਦੇ ਬੱਚੇ ਅਤੇ ਹੋਰ ਭਾਈਚਾਰੇ ਦੇ ਬੱਚੇ, ਵੱਡੇ ਅਤੇ ਹੋਰ ਲੋਕ ਸ਼ਾਮਿਲ ਹੋਏ। ਜ਼ਿਕਰਯੋਗ ਹੈ ਕਿ ਹਰ ਵਾਰ ਦੀ ਤਰ੍ਹਾਂ ਪਾਪਾਟੋਏਟੋਏ ਸਥਿਤ ‘ਵਰਲਡ ਕਾਊਂਸਲ ਆਫ ਸਿੱਖ ਅਫੇਅਰਸ’ ਨੇ ਵੀ ‘ਐਨਜ਼ੈਕ ਡੇ’ ਪਰੇਡ ਵਿੱਚ ਭਾਗ ਲਿਆ ਅਤੇ ‘ਵਰਲਡ ਕਾਊਂਸਲ ਆਫ ਸਿੱਖ ਅਫੇਅਰਸ’ ਵੱਲੋਂ ਤਿਆਰ ਕੀਤੇ ‘ਇੰਡੀਅਨ ਵਾਰਡਨ’ ਦੇ ਮੈਂਬਰ ਪਰੇਡ ਵਿੱਚ ਆਪਣੀ ਵਰਦੀ ‘ਚ ਨਜ਼ਰ ਆਏ।