ਦੇਸ਼ ਵਲੋਂ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਨਵੀਂ ਦਿੱਲੀ, 26  ਜੁਲਾਈ (ਏਜੰਸੀ) – ਸਮੁੱਚੇ ਰਾਸ਼ਟਰ ਵਲੋਂ ਅੱਜ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਅੱਜ ਦੇ ਹੀ ਦਿਨ 13 ਸਾਲ ਪਹਿਲਾਂ 26 ਜੁਲਾਈ 1999 ਨੂੰ ਭਾਰਤੀ ਫੌਜ ਦੇ ਜਵਾਨਾਂ ਨੇ ਟਾਈਗਰ ਹਿੱਲ ਫਤਹਿ ਕਰਕੇ ਇਤਿਹਾਸ ਸਿਰਜਿਆ ਸੀ। ਇਸ ਦਿਨ ਨੂੰ ਵਿਜੈ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਇਸ ਦੌਰਾਨ ਅੱਜ ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਰਾਸ਼ਟਰ ਨੂੰ ਭਰੋਸਾ ਦਿਵਾਇਆ ਕਿ ਆਜ਼ਾਦੀ ਤੋਂ ਬਾਅਦ ਦੀਆਂ ਲੜਾਈਆਂ ਵਿੱਚ ਸ਼ਹੀਦ ਹੋਏ ਸੈਨਿਕਾਂ ਦੀ ਯਾਦ ਵਿੱਚ ਰਾਸ਼ਟਰੀ ਯੁੱਧ ਸਮਾਰਕ ਬਣਾਉਣ ਦਾ ਪ੍ਰਸਤਾਵ ਕਾਫੀ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਨੇ ਇਥੇ ਇੰਡੀਆ ਗੇਟ ‘ਤੇ ਅਮਰ ਜਵਾਨ ਜਯੋਤੀ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਜ਼ਿਕਰਯੋਗ ਹੈ ਕਿ 1999 ਵਿੱਚ ਪਾਕਿਸਤਾਨੀ ਫੌਜ ਅਤੇ ਕਸ਼ਮੀਰ ਅੱਤਵਾਦੀਆਂ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੀ ਕੰਟਰੋਲ ਲਾਈਨ ਪਾਰ ਕਰਕੇ ਭਾਰਤ ਦੀ ਧਰਤੀ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਲਗਪਗ 30 ਹਜ਼ਾਰ ਭਾਰਤੀ ਸੈਨਿਕ ਅਤੇ ਲਗਪਗ 5 ਹਜ਼ਾਰ ਘੁਸਪੈਠੀਏ ਇਸ ਜੰਗ ਵਿੱਚ ਸ਼ਾਮਿਲ ਸਨ। ਭਾਰਤੀ ਸੈਨਾ ਅਤੇ ਹਵਾਈ ਸੈਨਾ ਨੇ ਪਾਕਿਸਤਾਨ ਦੇ ਕਬਜ਼ੇ ਵਾਲੀਆਂ ਥਾਵਾਂ ‘ਤੇ ਹਮਲਾ ਕੀਤਾ ਅਤੇ ਹੌਲੀ-ਹੌਲੀ ਕੌਮਾਂਤਰੀ ਸਹਿਯੋਗ ਨਾਲ ਪਾਕਿਸਤਾਨ ਨੂੰ ਭਾਰਤੀ ਸਰਹੱਦ ਤੋਂ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ। ਇਹ ਲੜਾਈ ਬੇਹੱਦ ਉਚੇ ਇਲਾਕੇ ‘ਤੇ ਹੋਈ ਅਤੇ ਦੋਨਾਂ ਦੇਸ਼ਾਂ ਦੀਆਂ ਫੌਜਾਂ ਨੂੰ ਲੜਣ ਲਈ ਇਥੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਅਖੀਰ ਭਾਰਤੀ ਫੌਜੀਆਂ ਨੇ 26 ਜੁਲਾਈ ਨੂੰ ਕਾਰਗਿਲ ਯੁੱਧ ਫਤਹਿ ਕਰ ਲਿਆ। ਇਸ ਜੰਗ ਵਿੱਚ ਭਾਰਤ ਦੇ 527 ਜਵਾਨ ਸ਼ਹੀਦ ਹੋਏ ਸਨ।