ਦੱਖਣੀ ਤਾਰਾਨਾਕੀ ਸੜਕ ਦੁਰਘਟਨਾ ‘ਚ ਨਵਜੰਮੇ ਬੱਚੇ ਸਣੇ 6 ਵਿਅਕਤੀਆਂ ਦੀ ਮੌਤ

ਵੇਵਲੀ (ਦੱਖਣੀ ਤਾਰਾਨਾਕੀ), 27 ਜੂਨ – ਦੱਖਣੀ ਤਾਰਾਨਾਕੀ ਵਿੱਚ ਵਾਪਰੇ ਦਰਦਨਾਕ ਹਾਦਸੇ ਵਿੱਚ 6 ਲੋਕਾਂ ਦੀ ਜਾਨ ਚੱਲੀ ਗਈ। ਗੌਰਤਲਬ ਹੈ 13 ਸਾਲਾਂ ਵਿੱਚ ਨਿਊਜ਼ੀਲੈਂਡ ਦੀਆਂ ਸੜਕਾਂ ‘ਤੇ ਵਾਪਰਿਆਂ ਦੁਰਘਟਨਾਵਾਂ ਵਿੱਚੋਂ ਸਭ ਤੋਂ ਬੁਰੀ ਹਾਦਸਾ ਹੈ। ਵੇਵਰਲੀ ਨੇੜੇ ਹੋਈ ਸੜਕ ਦੁਰਘਟਨਾ ਦੇ ਪੀੜਤਾਂ ਵਿੱਚੋਂ 5 ਵੱਡੇ ਅਤੇ 1 ਨਵਜੰਮਿਆ ਛੋਟਾ ਬੱਚਾ ਹੈ। ਪੁਲਿਸ ਨੇ ਪਹਿਲਾਂ ਕਿਹਾ ਕਿ 5 ਲੋਕ ਮਾਰੇ ਗਏ ਸਨ ਪਰ 3 ਵਜੇ ਤੋਂ ਬਾਅਦ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਹੁਣ 6 ਮੌਤਾਂ ਹੋਈਆਂ ਹਨ। ਇਹ ਹਾਦਸਾ ਸਟੇਟ ਹਾਈਵੇਅ 3, ਵੇਵਰਲੀ, ਸਵੇਰੇ 11.00 ਵਜੇ ਦੇ ਬਾਅਦ ਹੋਇਆ ਅਤੇ 6 ਵਜੇ ਤੋਂ ਬਾਅਦ ਹਾਈਵੇਅ ਮੁੜ ਖੋਲ੍ਹਿਆ ਗਿਆ। ਇਸ ਮੌਕੇ ਤਿੰਨ ਰੈਸਕਿਊ ਹੈਲੀਕਾਪਟਰਾਂ ਦੀ ਵੀ ਮਦਦ ਲਈ ਗਈ।
ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਸਭ ਤੋਂ ਘਾਤਕ ਹਾਦਸਾ 1963 ਵਿੱਚ ਦਰਜ ਕੀਤੀ ਗਈ ਸੀ, ਜਦੋਂ ਉੱਤਰੀ ਖੇਤਰ ਵਿੱਚ ਬੱਸ ਦੁਰਘਟਨਾ ਵਿੱਚ ੧੫ ਲੋਕ ਮਾਰੇ ਗਏ ਸਨ। ਹਾਕਸ-ਬੇ ਵਿਖੇ 1995 ਵਿੱਚ ਹਾਊਸ ਬੱਸ ਕ੍ਰੈਸ਼ ਵਿੱਚ ੮ ਲੋਕਾਂ ਦੀ ਮੌਤ ਹੋ ਗਈ ਸੀ। 2005 ਵਿੱਚ ਮਟਾਮਾਟਾ-ਪਾਈਕੋ ਵਿਖੇ ਇੱਕ ਟੂਰਿਸਟ ਵੈਨ ਅਤੇ ਟਰੱਕ ਵਿਚਾਲੇ ਹੋਈ ਟੱਕਰ ਵਿੱਚ 9 ਲੋਕਾਂ ਦੀ ਮੌਤ ਹੋ ਗਈ ਸੀ। 1972 ਤੋਂ ਲੈ ਕੇ ਅੱਜ ਦੇ ਹੋਏ ਹਾਦਸੇ ਨੂੰ ਮਿਲਾ ਕੇ 10 ਦੁਰਘਟਨਾਵਾਂ ਵਿੱਚੋਂ ੬ ਵੱਡੀਆਂ ਦੁਰਘਟਨਾਵਾਂ ਹੋਈਆਂ ਹਨ।
ਪੁਲਸ ਨੇ ਕਿਹਾ ਕਿ ਉੱਤਰੀ ਕਿਨਾਰੇ ਵਾਲੇ ਪਾਸੇ ਯਾਤਰਾ ਕਰਨ ਵਾਲੇ ਸਾਰੇ ਚਾਰ ਬਜ਼ੁਰਗ ਲੋਕ ਮੌਕੇ ‘ਤੇ ਹੀ ਮਰ ਗਏ ਸਨ। ਦੂਜੇ ਵਾਹਨ ਦੇ ਪੁਰਸ਼ ਡਰਾਈਵਰ ਜੋ ਦੱਖਣ ਕਿਨਾਰੇ ਵੱਲ ਜਾ ਰਿਹਾ ਸੀ ਅਤੇ ਇਸ ਕਾਰ ਵਿੱਚ ਇੱਕ ਨਵਜੰਮੇ ਬੱਚੇ ਦੀ ਮੌਤ ਵੀ ਮੌਕੇ ‘ਤੇ ਹੋਈ, ਦੱਖਣ ਵੱਲ ਜਾਣ ਵਾਲੇ ਵਾਹਨ ਵਿਚਲੀ ਇਕ ਔਰਤ ਜੋ ਫ਼ਰੰਟ ਸੀਟ ਯਾਤਰੀ ਸੀ ਉਸ ਨੂੰ ਗੰਭੀਰ ਸੱਟਾਂ ਸਨ ਨੂੰ ਏਅਰ ਲਿਫ਼ਟ ਰਾਹੀ ਵੈਲਿੰਗਟਨ ਹਸਪਤਾਲ ਲਿਜਾਇਆ ਗਿਆ ਸੀ। ਇੱਕ ੮ ਸਾਲ ਦੀ ਲੜਕੀ, ਜੋ ਪਿਛਲੀ ਸੀਟ ‘ਤੇ ਸੀ, ਉਸ ਨੂੰ ਇਲਾਜ ਲਈ ਵਾਈਕਾਟੋ ਹਸਪਤਾਲ ਲਿਜਾਇਆ ਗਿਆ।
ਨਿਊਜ਼ੀਲੈਂਡ ਦੀਆਂ ਸੜਕਾਂ ‘ਤੇ ਇਸ ਸਾਲ ਕੱਲ੍ਹ ਤੱਕ 187 ਲੋਕ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 2017 ਵਿੱਚ ਇਸ ਵੇਲੇ ਤੱਕ 183 ਲੋਕਾਂ ਦੀ ਮੌਤ ਹੋਈ ਸੀ। ਨਿਉਜ਼ੀਲੈਂਡ ਦੀਆਂ ਸੜਕਾਂ ਉੱਤੇ ਪਿਛਲੇ 12 ਮਹੀਨਿਆਂ ਵਿੱਚ 382 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜੋ ਪਹਿਲੇ 12 ਮਹੀਨਿਆਂ ਵਿੱਚ 343 ਸੀ।