ਦੱਖਣ-ਪੂਰਬੀ ਟੈਕਸਾਸ ਸਮੁੰਦਰੀ ਤੂਫ਼ਾਨ ਹਾਰਵੇਅ ਕਰਕੇ ਪਾਣੀ ਵਿਚ ਡੁੱਬਿਆ

ਹੁਣ ਤੱਕ 12 ਮੌਤਾਂ, 30 ਹਜ਼ਾਰ ਲੋਕ ਆਸਰਾ ਘਰਾਂ ‘ਚ ਪਹੁੰਚੇ
ਹਿਊਸਟਨ, ਟੈਕਸਾਸ, 29 ਅਗਸਤ (ਹੁਸਨ ਲੜੋਆ ਬੰਗਾ) – ਕਈ ਵਾਰ ਵੱਖ-ਵੱਖ ਭਾਰੀ ਤੂਫ਼ਾਨਾਂ ਦੀ ਮਾਰ ਝੱਲ ਚੁੱਕੇ ਟੈਕਸਾਸ ਨੂੰ ਐਤਕਾਂ ਫਿਰ ਸਮੁੰਦਰੀ ਚੱਕਰਵਰਤੀ ਤੂਫ਼ਾਨ ਹਾਰਵੇਅ ਨਾਲ ਸਾਊਥ ਈਸਟ ਟੈਕਸਾਸ ਸੂਬੇ ਵਿੱਚ ਭਾਰੀ ਮਾਰ ਝੱਲਣੀ ਪਈ ਤੇ ਸਾਰਾ ਜਨਜੀਵਨ ਉਥਲ-ਪੁਥਲ ਹੋ ਗਿਆ, ਜਿਸ ਕਰਕੇ ਸਾਰਾ ਸਾਊਥ ਈਸਟ ਟੈਕਸਾਸ ਪਾਣੀ ਵਿੱਚ ਡੁੱਬ ਗਿਆ। ਬੀਤੇ 13 ਸਾਲਾਂ ‘ਚ ਅਮਰੀਕੀ ਤੱਟ ‘ਤੇ ਆਉਣ ਵਾਲਾ ਇਹ ਸਭ ਤੋਂ ਵੱਡਾ ਤੂਫ਼ਾਨ ਸ। ਇਸੇ ਤਰ੍ਹਾਂ ਹੀ ਭਿਆਨਕ ਸਥਿਤੀ ਇਸ ਸਮੇਂ ਅਮਰੀਕਾ ਦੇ ਚੌਥੇ ਵੱਡੇ ਸ਼ਹਿਰ ਹਿਊਸਟਨ ਦੀ ਬਣੀ ਹੋਈ ਹੈ, ਜਿੱਥੇ ਚੱਕਰਵਰਤੀ ਤੂਫ਼ਾਨ ਤੋਂ ਬਾਅਦ ਭਾਰੀ ਮੀਂਹ ਕਾਰਨ ਆਏ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਜਨਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਲੋਕਾਂ ਦੇ ਘਰਾਂ ਅੰਦਰ ਪਾਣੀ ਦਾਖਲ ਹੋ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਸ਼ਹਿਰ ਦੇ ਹਵਾਈ ਅੱਡੇ, ਰੇਲਵੇ ਲਾਈਨਾਂ, ਸੜਕਾਂ ਅਤੇ ਪੁਲ ਪਾਣੀ ‘ਚ ਡੁੱਬੇ ਹੋਏ ਹੋਣ ਕਰਕੇ ਸ਼ਹਿਰ ਦਾ ਸਬੰਧ ਬਾਕੀ ਟੈਕਸਾਸ ਨਾਲੋਂ ਟੁੱਟਿਆ ਹੋਇਆ ਹੈ।

ਘਰਾਂ ਅਤੇ ਇਮਾਰਤਾਂ ਵਿੱਚ ਫਸੇ ਲੋਕਾਂ ਨੂੰ ਹੈਲੀਕਾਪਟਰ ਅਤੇ ਕਿਸ਼ਤੀਆਂ ਰਾਹੀ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ। ਬਹੁਤ ਸਾਰੇ ਲੋਕ ਨੀਵੇਂ ਪੁਲਾਂ ਹੇਠ ਕਾਰਾਂ ਵਿੱਚ ਫਸ ਗਏ ਸਨ, ਜਿਨ੍ਹਾਂ ਨੂੰ ਕੱਢਣ ਲਈ ਪ੍ਰਸ਼ਾਸਨ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ। ਹੁਣ ਤੱਕ ਇਸ ਤੂਫ਼ਾਨ ਕਾਰਨ ਸੈਂਕੜੇ ਲੋਕ ਜ਼ਖਮੀ ਵੀ ਹੋ ਚੁੱਕੇ ਹਨ। ਸ਼ਹਿਰ ਵਿੱਚ ਭਾਰੀ ਵਰਖਾ ਜਾਰੀ ਹੈ ਅਤੇ ਪਾਣੀ ਦਾ ਪੱਧਰ ਹੋਰ ਵਧਣ ਦੇ ਆਸਾਰ ਬਣੇ ਹੋਏ ਹਨ। ਪ੍ਰਸ਼ਾਸਨਿਕ ਅਧਿਕਾਰੀ ਪੂਰੀ ਸਥਿਤੀ ਨੂੰ ਨੇੜਿਓ ਵੇਖ ਰਹੇ ਹਨ। ਅੱਜ ਹੂਸਟਨ ਦੇ ਮੇਅਰ ਸਲਵੇਸਟਰ ਟਰਨਰ ਨੇ 3 ਵਿਅਕਤੀਆਂ ਦੇ ਇਸ ਤੂਫ਼ਾਨ ‘ਚ ਮਾਰੇ ਜਾਣ ਦਾ ਖ਼ੁਲਾਸਾ ਕੀਤਾ। ਇਸੇ ਤਰ੍ਹਾਂ ਕਾਊਂਟੀ ਮਿੰਟਗੁਮਰੀ ਦੇ ਸ਼ਹਿਰ ਲਾ ਮਾਰਕੋ ਤੇ ਰੌਕਪੋਰਟ ਵਿੱਚ ਵੀ 3 ਮੌਤਾਂ ਇਨ੍ਹਾਂ ਤੂਫ਼ਾਨਾਂ ਕਰਕੇ ਹੋਈਆਂ ਹਨ। ਹੈਰਸ ਕਾਊਂਟੀ ਵਿੱਚ ਵੀ 6 ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਵੱਖ-ਵੱਖ ਥਾਵਾਂ ‘ਤੇ ਸ਼ੈਲਟਰ ਹੋਮ ਬਣਾਏ ਗਏ ਹਨ ਤੇ ਵੱਡਾ ਸ਼ੈਲਟਰ ਹੋਮ ਡੈਲਸ ਵਿੱਚ ਬਣਾਇਆ ਗਿਆ ਹੈ। ਕਰੀਬ 30 ਹਜ਼ਾਰ ਲੋਕ ਆਸਰਾ ਘਰਾਂ ‘ਚ ਪਹੁੰਚ ਚੁੱਕੇ ਹਨ। ਟੈਕਸਾਸ ਦੇ ਗਵਰਨਰ ਗਰੈਗ ਅਬੋਟ ਨੇ ਸੂਬੇ ਦੇ 12 ਹਜ਼ਾਰ ਨੈਸ਼ਨਲ ਗਾਰਡਾਂ ਨੂੰ ਰਾਹਤ ਕਾਰਜਾਂ ਲਈ ਲਗਾ ਦਿੱਤਾ ਹੈ।