ਦਿੱਲੀ ਦੇ ਤਿਲਕ ਵਿਹਾਰ ਇਲਾਕੇ ‘ਚ ਸਿੱਖਾਂ ਤੇ ਹੋਰ ਫਿਰਕੇ ਦੇ ਲੋਕਾਂ ਵਿਚਾਲੇ ਫਿਰਕੂ ਝੜਪਾਂ

ਨਵੀਂ ਦਿੱਲੀ – 15 ਅਗਸਤ ਦੇਸ਼ ਦੀ ਆਜ਼ਾਦੀ ਵਾਲੇ ਦਿਨ ਪੱਛਮੀ ਦਿੱਲੀ ਦੇ ਤਿਲਕ ਵਿਹਾਰ ਖੇਤਰ ‘ਚ ਸਿੱਖਾਂ ਅਤੇ ਹੋਰ ਫਿਰਕ ਦੇ ਲੋਕਾਂ ‘ਚ ਝੜਪਾਂ ਹੋਈਆਂ। ਜਿਸ ਵਿੱਚ 25 ਦੇ ਕਰੀਬ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਏ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ‘ਇੰਡੀਅਨ ਐਕਸਪ੍ਰੈੱਸ’ ਦੀ ਜਾਣ ਕਾਰੀ ਅਨੁਸਾਰ ਇਹ ਝਗੜਾ ਉਦੋਂ ਸ਼ੁਰੂ ਹੋਇਆ, ਜਦੋਂ ਇਲਾਕੇ ‘ਚ ਕੁਝ ਲੋਕ ਮੋਟਰਸਾਈਕਲਾਂ ‘ਤੇ ਸਟੰਟ ਕਰ ਰਹੇ ਸਨ, ਜਦੋਂ ਕਿ ਹੋਰ ਸੂਤਰਾਂ ਦਾ ਇਹ  ਕਹਿਣਾ ਹੈ ਕਿ ਝਗੜਾ ਬੱਚਿਆਂ ਦੇ ਪਤੰਗ ਉਡਾਉਣ ਨੂੰ ਲੈ ਕੇ ਹੋਇਆ। ਬਾਅਦ ‘ਚ ਇਸ ਮਾਮਲੇ ‘ਚ ਬੱਚਿਆਂ ਦੇ ਮਾਪੇ ਦਾਖਲ ਹੋ ਗਏ ਅਤੇ ਫਿਰ ਵੱਡੀ ਗਿਣਤੀ ‘ਚ ਉਨ੍ਹਾਂ ਦੇ ਹਮਾਇਤੀ ਵੀ ਆ ਗਏ। ਜਦੋਂ ਦੋਹਾਂ ਧਿਰਾਂ ਦੇ ਲੋਕ ਇਕ-ਦੂਜੇ ਨੂੰ ਮਾਰਨ-ਮੁਕਾਉਣ ‘ਤੇ ਤੁੱਲੇ ਹੋਏ ਸਨ ਤਾਂ ਇਕ ਫਿਰਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਪੁਲਸ ਉਸ ਵੇਲੇ ਤਮਾਸ਼ਬੀਨ ਬਣੀ ਹੋਈ ਸੀ। ਗੁੱਸੇ ‘ਚ ਭਰੇ ਕੁਝ ਲੋਕਾਂ ਨੇ ਪੁਲਸ ਚੌਕੀ ਦੀ ਵੀ ਭੰਨ-ਤੋੜ ਕੀਤੀ। ਇਸ ਪਿੱਛੋਂ ਪੁਲਸ ਨੇ ਭੀੜ ਨੂੰ ਖਿੰਡਾਉਣ ਲਈ ਹੰਝੂ ਗੈਸ ਦੇ ਗੋਲੇ ਅਤੇ ਪਾਣੀ ਦੀਆਂ ਵਾਛੜਾਂ ਛੱਡੀਆਂ, ਜਦੋਂ ਕਿ ਪੀੜਤ ਲੋਕਾਂ ਦਾ ਕਹਿਣਾ ਹੈ ਕਿ ਪੁਲਸ ਨੇ ਫਾਇਰਿੰਗ ਵੀ ਕੀਤੀ, ਜਿਸ ਕਾਰਨ ਕੁਝ ਲੋਕ ਗੋਲੀਆਂ ਲੱਗਣ ਕਾਰਨ ਜ਼ਖਮੀ ਹੋ ਗਏ।

ਸੰਨੀ ਸਿੰਘ (23 ਸਾਲ) ਨਾਮੀ ਇਕ ਨੌਜਵਾਨ ਜਿਹੜਾ ਇਲਾਕੇ ‘ਚ ਚੂੜੀਆਂ ਦੀ ਦੁਕਾਨ ਚਲਾਉਂਦਾ ਹੈ, ਨੇ ਦੋਸ਼ ਲਾਇਆ ਕਿ ਉਹ ਅਤੇ ਉਸ ਦਾ ਦੋਸਤ ਇਹ ਦੇਖਣ ਲਈ ਘਟਨਾ ਵਾਲੇ ਸਥਾਨ ‘ਤੇ ਗਏ ਸਨ ਕਿ ਆਖਰ ਉੱਥੇ ਕੀ ਵਾਪਰ ਰਿਹਾ ਹੈ। ਉੱਥੇ ਲੋਕ ਇਕ-ਦੂਜੇ ‘ਤੇ ਪੱਥਰਬਾਜ਼ੀ ਕਰ ਰਹੇ ਸਨ ਕਿ ਇਸ ਦੌਰਾਨ ਪੁਲਸ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸੰਨੀ ਦਾ ਕਹਿਣਾ ਹੈ ਕਿ ਉਹ ਆਪਣੀ ਜਾਨ ਬਚਾਉਣ ਲਈ ਦੌੜਿਆ ਪਰ ਇਸ ਦੌਰਾਨ ਪੁਲਸ ਨੇ ਉਸ ਨੂੰ ਗੋਲੀ ਮਾਰ ਦਿੱਤੀ।  ਇਹ ਵੀ ਪਤਾ ਲੱਗਾ ਹੈ ਕਿ ਗੋਲੀ ਨਾਲ ਜ਼ਖਮੀ ਹੋਏ ਅੱਠ ਵਿਅਕਤੀ ਸਿੱਖ ਭਾਈਚਾਰੇ ਨਾਲ ਸੰਬੰਧਿਤ ਹਨ। ਇਹ ਝੜਪਾਂ ਤਿਲਕ ਵਿਹਾਰ ਦੇ ਪੁਲਸ ਥਾਣੇ ਦੇ ਬਿਲਕੁਲ ਨਾਲ ਵਾਪਰੀਆਂ ਅਤੇ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਪੁਲਸ ਇਕ ਧਿਰ ਦੇ ਲੋਕਾਂ ਦੀ ਮਦਦ ਕਰ ਰਹੀ ਸੀ। ਇਨ੍ਹਾਂ ਝੜਪਾਂ ‘ਚ ੧੨ ਗੱਡੀਆਂ ਫੂਕ ਦਿੱਤੀਆਂ ਗਈਆਂ, ਜਿਨ੍ਹਾਂ ‘ਚ ਸੱਤ ਪੁਲਸ ਦੀਆਂ ਗੱਡੀਆਂ ਸ਼ਾਮਲ ਸਨ ਅਤੇ ਇਨ੍ਹਾਂ ‘ਚੋਂ ਇਕ ਦਿੱਲੀ ਦੇ ਏ. ਸੀ. ਪੀ. ਦੀ ਗੱਡੀ ਦੱਸੀ ਜਾਂਦੀ ਹੈ। ਸਥਾਨਕ ਸਿਆਸੀ ਨੇਤਾਵਾਂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦੀ ਜਾਣਕਾਰੀ ਲਈ ਅਤੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ। (ਧੰਨਵਾਦ ਸਹਿਤ ਜਗਬਾਣੀ )