ਦਿੱਲੀ ‘ਚ ਨਗਰ ਕੀਰਤਨ ਤੇ ਗੁਰਪੁਰਬ ਲਈ ਅਮਨ ਕਮੇਟੀ

ਨਵੀਂ ਦਿੱਲੀ – ਇੱਥੇ ਦੇ ਦੋ ਮੁੱਖ ਅਕਾਲੀ ਧੜਿਆਂ ਦਰਮਿਆਨ ਇਤਿਹਾਸਕ ਗੁਰਦੁਆਰਾ ਰਕਾਬਗੰਜ ਵਿਖੇ ਪਿਛਲੇ ਦਿਨੀਂ ਹੋਈ ਖੂਨੀ ਝੜਪ ਬਾਅਦ ਤੋਂ 24 ਅਤੇ ੨੮ ਤਰੀਕ ਨੂੰ ਆ ਰਹੇ ਨਗਰ ਕੀਰਤਨਾਂ ਤੇ ਗੁਰਪੁਰਬਾਂ ਨੂੰ ਵੇਖਦੇ ਹੋਏ ਕੁਝ ਸਿੱਖ ਜਥੇਬੰਦੀਆਂ ਨੇ ਆਪਸ ਵਿੱਚ ਮਿਲ ਕੇ ਪੰਜ ਮੈਂਬਰੀ ‘ਅਮਨ ਕਮੇਟੀ’ ਬਣਾਉਣ ਦਾ ਐਲਾਨ ਕੀਤਾ, ਜਿਸ ਵਿੱਚ ਸਿੱਖ ਸ਼ਖਸੀਅਤਾਂ ਤੇ ਦੋਵਾਂ ਧੜਿਆਂ ਦੇ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਕਮੇਟੀ ਦਾ ਮੁੱਖ ਮੰਤਵ ਇਨ੍ਹਾਂ ਮੌਕਿਆਂ ‘ਤੇ ਸ਼ਾਂਤੀ ਕਾਇਮ ਰੱਖਣਾ ਹੈ।
ਇਸ ਪੰਜ ਮੈਂਬਰੀ ਕਮੇਟੀ ਦੇ ਕਨਵੀਨਰ ਸੀਨੀਅਰ ਵਕੀਲ ਐਚ. ਐਸ. ਫੂਲਕਾ ਹਨ ਅਤੇ ਮੈਂਬਰਾਂ ਵਿੱਚ ਸਿੱਖ ਵਿਦਵਾਨ ਤੇ ਪੀ. ਜੀ. ਆਈ. ਦੇ ਸਾਬਕਾ ਡਾਇਰੈਕਟਰ ਜੇ. ਐਸ. ਨੇਕੀ, ਉੱਘੀ ਲੇਖਕਾ ਅਜੀਤ ਕੌਰ, ਸੀ. ਬੀ. ਆਈ. ਦੇ ਸਾਬਕਾ ਡਾਇਰੈਕਟਰ ਜੋਗਿੰਦਰ ਸਿੰਘ, ਇਗਨੋ ਦੇ ਪੁਲੀਟੀਕਲ ਸਾਇੰਸ ਦੇ ਪ੍ਰੋਫੈਸਰ ਅਮਰਜੀਤ ਸਿੰਘ ਨਾਰੰਗ ਸ਼ਾਮਲ ਹਨ। ਸਰਨਾ ਧੜੇ ਵਲੋਂ ਭਜਨ ਸਿੰਘ ਵਾਲੀਆ ਅਤੇ ਤਰਸੇਮ ਸਿੰਘ ਜਦੋਂ ਕਿ ਬਾਦਲ ਧੜੇ ਵਲੋਂ ਮਨਜਿੰਦਰ ਸਿੰਘ ਸਿਰਸਾ ਅਤੇ ਹਰਮੀਤ ਸਿੰਘ ਕਾਲਕਾਜੀ ਨੁਮਾਇੰਦਗੀ ਕਰਨਗੇ। ਸੁਪ੍ਰੀਮ ਕੋਰਟ ਦੇ ਸੀਨੀਅਰ ਵਕੀਲ ਤੇ ਕਮੇਟੀ ਦੇ ਕਨਵੀਨਰ ਸ੍ਰੀ ਫੂਲਕਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਲੋਕਾਂ ਨੂੰ ਵੀ ਇਹ ਅਪੀਲ ਕੀਤੀ ਗਈ ਹੈ ਕਿ ਜੇ ਦੁਬਾਰਾ ਅਜਿਹੀ ਕੋਈ ਹਿੰਸਾ ਹੋਣ ਦਾ ਖਦਸ਼ਾ ਹੋਵੇ ਤਾਂ ਕਮੇਟੀ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਸਮੇਂ ਸਿਰ ਢੁਕਵੇਂ ਕਦਮ ਚੁੱਕ ਕੇ ਅਮਨ ਕਾਇਮ ਰੱਖਿਆ ਜਾ ਸਕੇ। 24 ਨੂੰ ਗੁਰੂ ਤੇਗ ਬਹਾਦਰ ਜੀ ਅਤੇ 28 ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਹਨ। ਦਿੱਲੀ ਵਿੱਚ 24 ਨੂੰ ਗੁਰੂ ਤੇਗ ਬਹਾਦਰ ਜੀ ਅਤੇ 27 ਨੂੰ ਗੁਰੂ ਨਾਨਕ ਦੇਵ ਜੀ ਦੇ ਲਈ ਨਗਰ ਕੀਰਤਨ ਸਜਾਏ ਜਾਣੇ ਹਨ। ਇਨ੍ਹਾਂ ਦੋਵਾਂ ਮੌਕਿਆਂ ‘ਤੇ ਗੁਰਦੁਆਰਿਆਂ ਵਿੱਚ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੁੰਦਾ ਹੈ ਜਿਸ ਵਿੱਚ ਬੱਚੇ-ਬੱਚੀਆਂ, ਨੌਜਵਾਨ, ਔਰਤਾਂ ਤੇ ਬਜ਼ੁਰਗ ਸ਼ਾਮਿਲ ਹੁੰਦੇ ਹਨ, ਇਨ੍ਹਾਂ ਸਭਨਾਂ ਦੀ ਸੁਰੱਖਿਆ ਦਾ ਧਿਆਨ ਰਖਣਾ ਬਹੁਤ ਜ਼ਰੂਰੀ ਹੈ।