ਨਵੀਂ ਪੰਜਾਬੀ ਫਿਲਮ ‘ਲੱਕੀ ਦੀ ਅਨਲੱਕੀ ਸਟੋਰੀ’ ਦੇ ਗੀਤਾਂ ਸੀ ਡੀ ਰਿਲੀਜ਼

ਆਕਲੈਂਡ – 25 ਮਾਰਚ ਦਿਨ ਸੋਮਵਾਰ ਦੀ ਸ਼ਾਮ ਨੂੰ ਇੱਥੇ ਮੈਨਕਾਊ ਇਲਾਕੇ ਵਿੱਚ ਪੈਂਦੇ ਇੰਡੀਅਨ ਰੈਸਟੋਰੈਂਟ ਵਿਖੇ 26 ਐਪ੍ਰਲ ਨੂੰ ਨਿਊਜ਼ੀਲੈਂਡ ਵਿੱਚ ਰਿਲੀਜ਼ ਹੋਣ ਵਾਲੀ ਨਵੀਂ ਪੰਜਾਬੀ ਫਿਲਮ ‘ਲੱਕੀ ਦੀ ਅਨਲੱਕੀ ਸਟੋਰੀ’ ਦੇ ਗੀਤਾਂ ਦੀ ਸੀ ਡੀ ਨਿਰਮਾਤਾ ਨਿਤਿਨ ਤਲਵਾਰ, ਉਨ੍ਹਾਂ ਦੇ ਕੁਝ ਮਿੱਤਰਾਂ ਅਤੇ ਪੰਜਾਬੀ ਮੀਡੀਆ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਰਿਲੀਜ਼ ਕੀਤੀ ਗਈ। ਇਸ ਮੌਕੇ ਨਿਰਮਾਤਾ ਨਿਤਿਨ ਤਲਵਾਰ ਨੇ ‘ਕੂਕ ਪੰਜਾਬੀ ਸਮਾਚਾਰ’ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਹ ਫਿਲਮ ਪਰਿਵਾਰਕ ਹੋਣ ਦੇ ਨਾਲ ਹਾਸਿਆਂ ਭਰਪੂਰ ਹੋਵੇਗੀ। ਇਸ ਫਿਲਮ ਦੇ ਹੀਰੋ ਗਿੱਪੀ ਗਰੇਵਾਲ ਅਤੇ ਹੀਰੋਇਨ ਸੂਰਵੀਨ ਚਾਵਲਾ ਹਨ। ਉਨ੍ਹਾਂ ਦੇ ਨਾਲ ਬਾਲੀਵੁੱਡ ਅਦਾਕਾਰ ਜੈਕੀ ਸ਼ਰਾਫ, ਗੁਰਪ੍ਰੀਤ ਘੁੱਗੀ, ਜਸਵਿੰਦਰ ਭਲਾ, ਬਿੰਨੂ ਢਿੱਲੋਂ, ਕਰਮਜੀਤ ਅਨਮੋਲ ਤੇ ਰਣਬੀਰ ਰਾਣਾ ਵੀ ਹਨ ਜੋ ਆਪਣੀ ਅਦਾਕਾਰੀ ਰਾਹੀ ਪੰਜਾਬੀ ਸਿਨੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਫਿਲਮ ਦਾ ਨਿਰਦੇਸ਼ਕ ਤੇ ਕਹਾਣੀ ਸਮੀਪ ਕੰਗ ਦੀ ਹੈ, ਗੀਤ ਵੀਤ ਬਲਜੀਤ ਦੇ ਲਿਖੇ ਹਨ ਅਤੇ ਸੰਗੀਤ ਜਤਿੰਦਰ ਸ਼ਾਹ ਦਾ ਹੈ। 
‘ਕੂਕ ਪੰਜਾਬੀ ਸਮਾਚਾਰ’ ਨਾਲ ਗੱਲਬਾਤ ਦੌਰਾਨ ਸ੍ਰੀ ਤਲਵਾਰ ਨੇ ਕਿਹਾ ਕਿ ਪੰਜਾਬੀ ਸਿਨੇਮਾ ਤਰੱਕੀ ਦੀ ਰਾਹ ਉਪਰ ਹੈ ਅਤੇ ਇਸ ਦਾ ਭਵਿੱਖ ਵੀ ਸੁਨਹਿਰਾ ਹੈ। ਹੁਣ ਪੰਜਾਬੀ ਫਿਲਮਾਂ ਦਾ ਨਿਰਮਾਣ ਲੀਕ ਤੋਂ ਹੱਟ ਕੇ ਹੋ ਰਿਹਾ ਹੈ, ਜੋ ਬਾਲੀਵੁੱਡ ਦੀ ਪੈੜ ਨੱਪਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਫਿਲਮਾਂ ਅਤੇ ਗੀਤਾਂ ਵਿੱਚੋਂ ਪੂਰੀ ਤਰ੍ਹਾਂ ਨਾਲ ਲਚਰਤਾਂ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ ਪਰ ਹਾਂ ਉਸ ਨੂੰ ਕੰਟਰੋਲ ਜ਼ਰੂਰ ਕੀਤਾ ਜ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਫਿਲਮ ‘ਕੈਰੀ ਆਨ ਜੱਟਾ’ ਦਾ ਸਿਕਵਲ ਲੈ ਕੇ ਆਉਣਗੇ। ਫਿਲਮ ‘ਲੱਕੀ ਦੀ ਅਨਲੱਕੀ ਸਟੋਰੀ’ ਤੋਂ ਉਨ੍ਹਾਂ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਖ਼ਾਸੀਆਂ ਉਮੀਦਾਂ ਹਨ। ਬਾਕੀ ਤਾਂ ਫਿਲਮ ਦੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਫਿਲਮ ਪੰਜਾਬੀ ਸਿਨੇ ਪ੍ਰੇਮੀਆਂ ‘ਤੇ ਕਿੰਨਾ ਕੂ ਅਸਰ ਛੱਡਦੀ ਹੈ।