ਨਹਿਰੀ ਪਾਣੀ ਦੀ ਚੋਰੀ ‘ਤੇ 5000 ਜਰਮਾਨੇ ਤੋਂ ਇਲਾਵਾ ੬ ਮਹੀਨੇ ਦੀ ਕੈਦ : ਸੇਖੋਂ

ਪੰਜਾਬ ਸਰਕਾਰ ਵੱਲੋਂ ਕੈਨਾਲ ਐਂਡ ਡਰੇਨੇਜ ਐਕਟ 1873 ‘ਚ ਸੋਧ 
ਚੰਡੀਗੜ੍ਹ, 11 ਸਤੰਬਰ (ਏਜੰਸੀ) – ਪੰਜਾਬ ਸਰਕਾਰ ਵੱਲੋਂ ਨਹਿਰੀ ਪਾਣੀ ਦੀ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਰੁਖ਼ ਅਖ਼ਤਿਆਰ ਕੀਤਾ ਗਿਆ ਹੈ। ਹੁਣ ਨਹਿਰੀ ਪਾਣੀ ਚੋਰੀ ਕਰਨ ਵਾਲੇ ਵਿਅਕਤੀ ਨੂੰ 5000 ਰੁਪਏ ਜੁਰਮਾਨਾ ਦੇਣਾ ਪਵੇਗਾ। ਇਸ ਤੋਂ ਇਲਾਵਾ ਉਸ ਨੂੰ 6 ਮਹੀਨੇ ਤੱਕ ਕੈਦ……. ਵੀ ਹੋ ਸਕਦੀ ਹੈ। ਪੰਜਾਬ ਸਰਕਾਰ ਵਲੋਂ ਇਸ ਸਬੰਧੀ ‘ਕੈਨਾਲ ਐਂਡ ਡਰੇਨੇਜ ਐਕਟ 1873 ਵਿੱਚ ਸੋਧ ਕਰ ਕੇ ਆਰਡੀਨੈਂਸ ਜਾਰੀ ਕਰ ਦਿੱਤਾ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਸਿੰਜਾਈ ਮੰਤਰੀ ਸ. ਜਨਮੇਜਾ ਸਿੰਘ ਸੇਖੋਂ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਸਦਾ ਕਿਸਾਨ-ਮਜ਼ਦੂਰ ਪੱਖੀ ਨੀਤੀਆਂ ਦੀ ਧਾਰਣੀ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀਆਂ ਜਿਨਸਾਂ ਨੂੰ ਪਾਣੀ ਮੁਹੱਈਆ ਕਰਾਉਣਾ ਸਰਕਾਰ ਦਾ ਫ਼ਰਜ਼ ਹੈ ਪਰ ਨਹਿਰੀ ਪਾਣੀ ਦੀ ਚੋਰੀ ਦੀਆਂ ਘਟਨਾਵਾਂ ਨੂੰ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸ. ਸੇਖੋਂ ਨੇ ਦੱਸਿਆ ਕਿ ਕੈਨਾਲ ਐਂਡ ਡਰੇਨੇਜ ਐਕਟ 1873 ਦੀ ਧਾਰਾ 70 ਵਿੱਚ ਕੀਤੀ ਸੋਧ ਮੁਤਾਬਕ ਹੁਣ ਨਹਿਰੀ ਪਾਣੀ ਦੀ ਚੋਰੀ ਦੀ ਘਟਨਾ ਪਹਿਲੀ ਵਾਰ ਫੜੇ ਜਾਣ ‘ਤੇ ਦੋਸ਼ੀ ਨੂੰ 5000 ਰੁਪਏ ਜੁਰਮਾਨਾ ਜਾਂ 6 ਮਹੀਨੇ ਦੀ ਕੈਦ ਜਾਂ ਫਿਰ ਦੋਵੇਂ ਸਜ਼ਾਵਾਂ ਇਕੱਠੀਆਂ ਹੋਣਗੀਆਂ। ਇਸ ਤੋਂ ਇਲਾਵਾ ਦੋਸ਼ੀ ਨੂੰ ਦੋ ਵਾਰ ਨਹਿਰੀ ਪਾਣੀ ਮੁਹੱਈਆ ਕਰਾਉਣ ‘ਤੇ ਕੱਟ ਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਦੂਜੀ ਵਾਰ ਫੜੇ ਜਾਣ ‘ਤੇ ਦੋਸ਼ੀ ਵਿਅਕਤੀ ਨੂੰ ਪੂਰੇ ਫ਼ਸਲੀ ਸੀਜ਼ਨ ਦੌਰਾਨ ਨਹਿਰੀ ਪਾਣੀ ਮੁਹੱਈਆ ਨਹੀਂ ਕੀਤਾ ਜਾਵੇਗਾ। ਸ. ਸੇਖੋਂ ਮੁਤਾਬਕ ਜੇ ਕੋਈ ਵਿਅਕਤੀ ਇਸ ਤੋਂ ਬਾਅਦ ਵੀ ਗ਼ੈਰ ਕਾਨੂੰਨੀ ਢੰਗ ਨਾਲ ਨਹਿਰੀ ਪਾਣੀ ਚੋਰੀ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਸਬੰਧਿਤ ਨਹਿਰ ਦੇ ਕਮਾਂਡ ਏਰੀਆ ਵਿੱਚੋਂ ਦੋ ਸਾਲ ਲਈ ਕਾਲੀ ਸੂਚੀ ‘ਚ ਪਾ ਦਿੱਤਾ ਜਾਵੇਗਾ ਅਤੇ ਇਸ ਸਮੇਂ ਦੌਰਾਨ ਉਸ ਨੂੰ ਨਹਿਰੀ ਪਾਣੀ ਮੁਹੱਈਆ ਨਹੀਂ ਕਰਵਾਇਆ ਜਾਵੇਗਾ।
ਸਿੰਜਾਈ ਮੰਤਰੀ ਨੇ ਦੱਸਿਆ ਕਿ ਦੋਸ਼ੀ ਵਿਅਕਤੀ ਨੂੰ ਸਪਲਾਈ ਰੋਕ ਕੇ ਉਸ ਦੇ ਹੱਕ ਦਾ ਬਣਦਾ ਨਹਿਰੀ ਪਾਣੀ ਸਬੰਧਿਤ ਨਹਿਰ ਦੇ ਕਮਾਂਡ ਏਰੀਆ ਵਿੱਚ ਆਉਣ ਵਾਲੇ ਬਾਕੀ ਕਿਸਾਨਾਂ ਨੂੰ ਬਰਾਬਰ-ਬਰਾਬਰ ਤਕਸੀਮ ਕਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਦੋਸ਼ੀ ਵਿਅਕਤੀ ਨਹਿਰੀ ਪਾਣੀ ‘ਤੇ ਲਾਈ ਗਈ ਰੋਕ ਵਿਰੁੱਧ 30ਦਿਨਾਂ ਦੇ ਅੰਦਰ-ਅੰਦਰ ਸੁਪਰਿੰਟੈਂਡਿੰਗ ਕੈਨਾਲ ਅਫ਼ਸਰ ਅੱਗੇ ਅਪੀਲ ਕਰ ਸਕਦਾ ਹੈ। ਸ. ਜਨਮੇਜਾ ਸਿੰਘ ਸੇਖੋਂ ਨੇ ਦੱਸਿਆ ਕਿ ਐਕਟ ਵਿੱਚ ਸੋਧ ਕਰਨ ਤੋਂ ਪਹਿਲਾਂ ਨਹਿਰੀ ਪਾਣੀ ਦੀ ਚੋਰੀ ਦੀਆਂ ਘਟਨਾਵਾਂ ਵਿੱਚ ਦੋਸ਼ੀ ਵਿਅਕਤੀ ਨੂੰ 1000 ਰੁਪਏ ਜੁਰਮਾਨਾ ਅਤੇ ੧ ਮਹੀਨਾ ਕੈਦ ਦੀ ਵਿਵਸਥਾ ਸੀ, ਜੋ ਹੁਣ ਸੋਧ ਤੋਂ ਬਾਅਦ 5000 ਰੁਪਏ ਜੁਰਮਾਨਾ ਅਤੇ 6 ਮਹੀਨੇ ਕੈਦ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਸੀਜ਼ਨ ਵਿੱਚ ਬਹੁਤ ਘੱਟ ਮੀਂਹ ਪੈਣ ਦੇ ਬਾਵਜੂਦ ਸਰਕਾਰ ਵੱਲੋਂ ਹਰ ਹੀਲਾ-ਵਸੀਲਾ ਵਰਤ ਕੇ ਨਹਿਰੀ ਪਾਣੀ ਕਿਸਾਨਾਂ ਨੂੰ ਸਿੰਜਾਈ ਲਈ ਮੁਹੱਈਆ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਸਿੰਜਾਈ ਵਿਭਾਗ ਸਦਾ ਇਹ ਕੋਸ਼ਿਸ਼ ਕਰਦਾ ਰਿਹਾ ਹੈ ਕਿ ਪਾਣੀ ਟੇਲਾਂ ਤੱਕ ਪਹੁੰਚਾਇਆ ਜਾਵੇ ਤਾਂ ਕਿ ਕਿਸਾਨ ਦੀ ਫ਼ਸਲ ਵਧੀਆ ਢੰਗ ਨਾਲ ਪਲ ਸਕੇ।
ਪੰਜਾਬ ਦੇ ਕਈ ਇਲਾਕਿਆਂ ਵਿੱਚ ਬਾਰਿਸ਼ਾਂ ਪਿੱਛੋਂ ਮਾਈਨਰਾਂ ਵਿੱਚ ਪਾੜ ਪੈਣ ਦੀਆਂ ਖ਼ਬਰਾਂ ਸਬੰਧੀ ਉਨ੍ਹਾਂ ਕਿਹਾ ਕਿ ਕਿਸਾਨ ਕਈ ਵਾਰ ਮੀਂਹ ਮਗਰੋਂ ਆਪਣ ਤੌਰ ‘ਤੇ ਹੀ ਮਾਈਨਰਾਂ ਵਿੱਚੋਂ ਪਾਣੀ ਲੈਣ ਲਈ ਕੱਢੇ ਗਏ ਮੋਘੇ ਬੰਦ ਕਰ ਦਿੰਦੇ ਹਨ ਜਿਸ ਕਾਰਨ ਮਾਈਨਰ ਵਿੱਚ ਪਾਣੀ ਦਾ ਵਹਾਅ ਤੇਜ਼ ਹੋ ਜਾਂਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੋਘੇ ਬੰਦ ਕਰਨ ਤੋਂ ਪਹਿਲਾਂ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ ਤਾਂ ਕਿ ਪਾਣੀ ਦੇ ਵਹਾਅ ਨੂੰ ਪਿੱਛੋਂ ਹੀ ਕੰਟਰੋਲ ਕਰ ਲਿਆ ਜਾਵੇ ਅਤੇ ਮਾਈਨਰਾਂ ਦੇ ਕਿਨਾਰਿਆਂ ਵਿੱਚ ਪਾੜ ਪੈਣ ਦੀ ਘਟਨਾ ਨਾ ਵਾਪਰ ਸਕੇ।