ਨਾਈਜੀਰੀਆ ‘ਚ ਹੜ੍ਹ ਦਾ ਕਹਿਰ, 11 ਮੌਤਾਂ

ਯੋਲਾ (ਨਾਈਜੀਰੀਆ), 4 ਸਤੰਬਰ (ਏਜੰਸੀ) – ਭਾਰਤ ਦੇ ਕਈ ਸੂਬਿਆਂ ਵਿੱਚ ਹੜ੍ਹ ਨੇ ਜਿਥੇ ਭਾਰੀ ਕਹਿਰ ਮਚਾਇਆ ਹੋਇਆ ਹੈ, ਉਥੇ ਨਾਈਜੀਰੀਆ ਵੀ ਹੜ੍ਹ ਦੀ ਲਪੇਟ ਵਿੱਚ ਆ ਗਿਆ ਹੈ। ਇਥੇ ਹੋਈ ਭਾਰੀ ਬਾਰਿਸ਼ ਕਾਰਨ ਜਨ ਜੀਵਨ ਉੱਤੇ ਮਾੜਾ ਅਸਰ ਹੋਇਆ ਹੈ ਅਤੇ ਹੁਣ 11 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਥੇ ਆਵਾਜਾਈ ਵਿਵਸਥਾ ਬੁਰੀ ਤਰ੍ਹਾਂ ਠੱਪ ਹੋਈ ਹੈ ਅਤੇ ਕਈ ਘਰਾਂ ਵਿੱਚ ਪਾਣੀ ਦਾਖ਼ਲ ਹੋ ਗਿਆ ਹੈ। ਪ੍ਰਸ਼ਾਸਨ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਚਾਅ ਕਾਰਜ ਸ਼ੁਰੂ ਕੀਤੇ ਗਏ ਹਨ ਅਤੇ ਕਈ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹੜ੍ਹ ਦੀ ਮਾਰ ਹੇਠ ਆਏ ਲੋਕਾਂ ਲਈ ਭੋਜਨ ਸਮੱਗਰੀ ਵੀ ਪਹੁੰਚਾਈ ਜਾ ਰਹੀ ਹੈ। ਨਾਈਜੀਰੀਆ ਵਿੱਚ ਹੜ੍ਹ ਨੇ ਫਸਲਾਂ ਦਾ ਵੀ ਭਾਰੀ ਨੁਕਸਾਨ ਕੀਤਾ ਹੈ, ਜਦੋਂ ਕਿ ਬਿਜਲੀ ਵਿਵਸਥਾ ਵੀ ਡਗਮਗਾ ਗਈ ਹੈ।