ਨਾਵਲਕਾਰ ਗੁਰਦਿਆਲ ਸਿੰਘ ਸੈਨੇਟਰ ਨਾਮਜ਼ਦ

ਚੰਡੀਗੜ੍ਹ – ਪੰਜਾਬ ਯੂਨੀਵਰਸਿਟੀ ਲਈ ਗਿਆਨ ਪੀਠ ਪੁਰਸਕਾਰ ਵਿਜੇਤਾ ਤੇ ਪਦਮਸ੍ਰੀ 79 ਸਾਲਾ ਗੁਰਦਿਆਲ ਸਿੰਘ ਨੂੰ ਸੈਨੇਟਰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਦੇਸ਼ ਦੇ ਉੱਪ ਰਾਸ਼ਟਰਪਤੀ ਅਤੇ  ਚਾਂਸਲਰ ਹਾਮਿਦ ਅਨਸਾਰੀ ਵਲੋਂ ਕੀਤੀ ਗਈ ਹੈ। ਨਾਵਲਕਾਰ ਗੁਰਦਿਆਲ ਸਿੰਘ 50 ਤੋਂ ਵਧ ਪੁਸਤਕਾਂ ਲਿਖ ਚੁੱਕੇ ਹਨ ਅਤੇ ਜੈਤੋ ਵਿਖੇ ਰਹਿ ਰਹੇ ਹਨ। 4 ਨਵੰਬਰ ਨੂੰ ਸਿੰਡੀਕੇਟ ਦੀ ਹੋਈ ਮੀਟਿੰਗ ਵਿੱਚ ਪੰਜਾਬ ਵਰਸਿਟੀ ਦੇ ਉੱਪ ਕੁਲਪਤੀ ਪ੍ਰੋ. ਅਰੁਣ ਗਰੋਵਰ ਨੇ ਨਾਵਲਕਾਰ ਗੁਰਦਿਆਲ ਸਿੰਘ ਦੇ ਨਾਮਜ਼ਦਗੀ ਦੀ ਜਾਣਕਾਰੀ ਦਿੱਤੀ। ਨਾਵਲਕਾਰ ਗੁਰਦਿਆਲ ਸਿੰਘ ਨੇ ਆਪਣੀ ਇਸ ਨਿਯੁਕਤੀ ਬਾਰੇ ਕਿਹਾ ਕਿ ਇਹ ਪੰਜਾਬੀ ਜ਼ੁਬਾਨ ਅਤੇ ਸਾਹਿਤ ਦਾ ਸਨਮਾਨ ਹੈ। ਗੌਰਤਲਬ ਹੈ ਕਿ ਮਰਹੂਮ ਅੰਮ੍ਰਿਤਾ ਪ੍ਰੀਤਮ ਤੋਂ ਬਾਅਦ ਗੁਰਦਿਆਲ ਸਿੰਘ ਦੂਜੇ ਪੰਜਾਬੀ ਲੇਖਕ ਹਨ ਜਿਨ੍ਹਾਂ ਨੂੰ ਗਿਆਨ ਪੀਠ ਪੁਰਸਕਾਰ ਪ੍ਰਾਪਤ ਹੋਇਆ ਹੈ।