ਨਿਊਜ਼ੀਲੈਂਡ ‘ਚ ਕੋਰੋਨਾਵਾਇਰਸ ਦੇ ਹੋਰ ਨਵੇਂ 50 ਮਾਮਲੇ, ਗਿਣਤੀ 205 ਹੋਈ

ਆਕਲੈਂਡ, 25 ਮਾਰਚ – ਅੱਜ ਕੋਰੋਨਾਵਾਇਰਸ ਦੇ 50 ਹੋਰ ਮਾਮਲਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਸਟੇਟ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਦੇਸ਼ ਵਿੱਚ ਕੋਵਿਡ -19 ਦੇ ਕੇਸਾਂ ਦੀ ਗਿਣਤੀ 205 ਤੱਕ ਪਹੁੰਚ ਗਈ ਹੈ।
ਅੱਜ ਦੁਪਹਿਰ ਐਮਰਜੈਂਸੀ ਦਾ ਐਲਾਨ ਕੀਤੀ ਗਈ, ਜਿਸ ਨੇ ਅੱਜ ਅੱਧੀ ਰਾਤ ਤੋਂ ਦੇਸ਼ ਵਿਆਪੀ ਲੋਕਡਾਊਨ ਨੂੰ ਲਾਗੂ ਕਰਨ ਲਈ ਅਧਿਕਾਰੀਆਂ ਨੂੰ ਐਮਰਜੈਂਸੀ ਤਾਕਤਾਂ ਸੌਂਪ ਦਿੱਤੀਆਂ ਹਨ।
ਡਾਇਰੈਕਟਰ-ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਛੇ ਲੋਕ ਸਥਿਰ ਹਾਲਤ ਵਿੱਚ ਹਸਪਤਾਲ ਵਿੱਚ ਹਨ, 1 ਰੋਟਰੂਆ ਵਿੱਚ, 3 ਵਾਇਕਾਟੋ ਅਤੇ 3 ਵੈਲਿੰਗਟਨ ਵਿੱਚ ਹਨ। ਕੱਲ੍ਹ ਤਿੰਨ ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ।
ਇੱਥੇ ਕੱਲ੍ਹ 1400 ਟੈੱਸਟ ਕੀਤੇ ਗਏ ਸਨ, ਹੁਣ ਤੱਕ ਦੇ ਟੈੱਸਟਾਂ ਦੀ ਕੁੱਲ ਗਿਣਤੀ 9780 ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੇਸਾਂ ਦੀ ਸਰਗਰਮੀ ਨਾਲ ਪੈਰਵੀ ਕੀਤੀ ਜਾ ਰਹੀ ਹੈ। ਬਹੁਗਿਣਤੀ ਦਾ ਅਜੇ ਵੀ ਵਿਦੇਸ਼ੀ ਯਾਤਰਾ ਦਾ ਸਿੱਧਾ ਸਬੰਧ ਸੀ, ਜਾਂ ਪੁਸ਼ਟੀ ਹੋਏ ਕੇਸਾਂ ਦੇ ਨੇੜਲੇ ਸੰਪਰਕ ਨਾਲ ਜੁੜੀਆਂ ਹੋਈਆਂ ਸੀ।
ਡਾਇਰੈਕਟਰ-ਜਨਰਲ ਬਲੂਮਫੀਲਡ ਨੇ ਕਿਹਾ ਕਿ ਕੱਲ੍ਹ ਆਕਲੈਂਡ ਹਵਾਈ ਅੱਡੇ ਦੇ ਲਈ ਰਵਾਨਾ ਹੋਏ 8 ਵਿਅਕਤੀਆਂ ਦਾ ਸਕਾਰਾਤਮਿਕ ਟੈੱਸਟ ਹੋਇਆ ਸੀ ਅਤੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਹੈ ਕਿ ਉਹ ਦੇਸ਼ ਵਿੱਚ ਆਉਣ ਵਾਲੇ ਲੋਕਾਂ ਨੂੰ ਵੱਖ ਕਰਨ ‘ਤੇ ਨਜ਼ਰ ਰੱਖ ਰਹੀ ਹੈ।