ਨਿਊਜ਼ੀਲੈਂਡ ‘ਚ ਕੋਰੋਨਾ ਦੇ 13 ਨਵੇਂ ਕੇਸ, ਗਿਣਤੀ 1,422 ‘ਤੇ ਪੁੱਜੀ

ਕਮਿਊਨਿਟੀ ਟਰਾਂਸਫ਼ਰ ਦਾ ਪਤਾ ਲਗਾਉਣ ਲਈ ਵੱਖ-ਵੱਖ ਥਾਂ ਉੱਤੇ ਟਾਰਗੈਟ ਟੈਸਟਿੰਗ
ਵੈਲਿੰਗਟਨ, 18 ਅਪ੍ਰੈਲ – ਨਿਊਜ਼ੀਲੈਂਡ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਵਿੱਚ ਲਗਾਤਾਰ ਕਮੀ ਆ ਰਹੀ ਹੈ, ਮਨਿਸਟਰੀ ਆਫ਼ ਹੈਲਥ ਨੇ ਦੱਸਿਆ ਕਿ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 13 ਨਵੇਂ ਹੋਰ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 8 ਪੁਸ਼ਟੀ ਕੀਤੇ ਅਤੇ 5 ਸੰਭਾਵਿਤ ਕੇਸ ਹਨ। ਉਸ ਨੇ ਕਿਹਾ ਕਿ ਦੇਸ਼ ਵਿੱਚ ਕੁੱਲ 1,422 ਕੇਸ ਹੋ ਗਏ ਹਨ ਅਤੇ ਕੋਰੋਨਾਵਾਇਰਸ ਤੋਂ ਰਿਕਵਰ ਹੋਇਆਂ ਦੀ ਗਿਣਤੀ 867 ਹੋ ਗਈ ਹੈ। ਹਸਪਤਾਲ ਵਿੱਚ 20 ਲੋਕ ਹਨ, 3 ਲੋਕ ਆਈ.ਸੀ.ਯੂ. ਵਿੱਚ ਹਨ ਜਿਨ੍ਹਾਂ ‘ਚੋਂ ਮਿਡਲਮੋਰ, ਡੂਨੀਡਨ ਤੇ ਨੌਰਥ ਸ਼ੋਰ ਵਿੱਚ 1-1 ਮਰੀਜ਼ ਹੈ ਅਤੇ ਡੂਨੀਡਨ ਤੇ ਨੌਰਥ ਸ਼ੋਰ ਵਿਚਲੇ ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੇਸ਼ ਵਿੱਚ ਕੋਰੋਨਾ ਨਾਲ ਹੋਰ ਕੋਈ ਮੌਤ ਨਹੀਂ ਹੋਈ ਹੈ।
ਮਨਿਸਟਰੀ ਆਫ਼ ਹੈਲਥ ਵੱਲੋਂ ਅੱਜ ਆਕਲੈਂਡ ਦੀਆਂ ਦੋ ਸੁਪਰ ਮਾਰਕੀਟ ਵਿੱਚ ਟਾਰਗੈਟ ਟੈਸਟਿੰਗ ਕੀਤੀ ਜਾ ਰਹੀ ਹੈ। ਜਿਸ ਨਾਲ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਧਰੇ ਦੇਸ਼ ਵਿੱਚ ਕਮਿਊਨਿਟੀ ਟਰਾਂਸਫ਼ਰ ਦਾ ਖ਼ਤਰਾ ‘ਤੇ ਨਹੀਂ ਹੈ। ਮਨਿਸਟਰੀ ਆਫ਼ ਹੈਲਥ ਦੇ ਬੁਲਾਰੇ ਨੇ ਕਿਹਾ ਕਿ, “ਟਾਰਗੈਟ ਟੈੱਸਟ ਕੁਈਨਜ਼ਟਾਊਨ, ਵਾਇਕਾਟੋ, ਕੈਂਟਰਬਰੀ ਵਿੱਚ ਵੀ ਕੀਤੇ ਗਏ ਜਿਸ ਤੋਂ ਇਹ ਪਤਾ ਚੱਲ ਸਕੇ ਕਿ ਕਮਿਊਨਿਟੀ ਟਰਾਂਸਮਿਸ਼ਨ ਤਾਂ ਨਹੀਂ ਹੋ ਰਿਹਾ ਅਤੇ ਅੱਜ ਟਾਰਗੈਟ ਟੈਸਟਿੰਗ ਆਕਲੈਂਡ ਵਿੱਚ ਹੋ ਰਹੀ ਹੈ।
ਕੁਈਨਜ਼ਟਾਊਨ ਸੁਪਰ ਮਾਰਕੀਟ ਨਾਲ ਸੰਬੰਧਿਤ ਸਾਰੇ ਟੈੱਸਟਾਂ ਦੇ ਨੈਗਟਿਵ ਨਤੀਜੇ ਆਏ ਹਨ। ਵਾਇਕਾਟੋ ਵਿੱਚ ਵੀ ਉਹ ਹੀ ਕਹਾਣੀ ਰਹੀ, ਜਿੱਥੇ ਓਟੋਰੋਹੰਗਾ, ਹੈਮਿਲਟਨ, ਮਟਾਮਾਟਾ, ਕੈਮਬ੍ਰਿਜ਼ ਅਤੇ ਟੀ ਆਵਾਮਟੂ ਵਿੱਚ 308 ਲੋਕਾਂ ਦੀ ਜਾਂਚ ਕੀਤੀ ਗਈ ਸੀ। ਉਨ੍ਹਾਂ ਟੈੱਸਟਾਂ ਦੇ ਵੀ ਨੈਗਟਿਵ ਨਤੀਜੇ ਆਏ ਹਨ। ਕੈਂਟਰਬਰੀ ਵਿੱਚ ਕਮਿਊਨਿਟੀ ਟੈਸਟਿੰਗ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਟੈੱਸਟ ਵੀ ਨੈਗਟਿਵ ਰਹੇ ਹਨ। ਆਕਲੈਂਡ ਵਿੱਚ ਅੱਜ ਟੈਸਟਿੰਗ ਸਵੇਰੇ 8.00 ਵਜੇ ਦੋ ਸੁਪਰ ਮਾਰਕੀਟਾਂ ਵਿੱਚ ਸ਼ੁਰੂ ਹੋਈ, ਜਿਸ ਦਾ ਉਦੇਸ਼ ਹਰ ਇੱਕ ਸਾਈਟ ਤੋਂ 150 ਸਵੈਬ ਇਕੱਠੇ ਕਰਨਾ ਰਿਹਾ।
ਮਨਿਸਟਰੀ ਆਫ਼ ਹੈਲਥ ਨੇ ਕਲੱਸਟਰਾਂ ਦੀ ਗਿਣਤੀ ਬਾਰੇ ਕਿਹਾ ਕਿ ਉਹ ਪਹਿਲਾਂ ਵਾਂਗ 16 ‘ਤੇ ਹੀ ਬਣੀ ਹੋਈ ਹੈ। ਪਰ 7 ਹੋਰ ਮਾਮਲੇ ਕਲੱਸਟਰਾਂ ਨਾਲ ਜੁੜੇ ਹੋਏ ਹਨ। ਕੱਲ੍ਹ ਕੋਵਿਡ -19 ਟੈਸਟਿੰਗ ਲਈ ਇੱਕ ਨਵਾਂ ਰਿਕਾਰਡ ਸੀ, ਕੁੱਲ ਮਿਲਾ ਕੇ 4,677 ਟੈੱਸਟ ਕੀਤੇ ਗਏ ਸਨ। ਜੋ ਸੱਤ ਦਿਨਾਂ ਦੀ ਰੋਲਿੰਗ ਐਵਰੇਜ ਦੇ ਹਿਸਾਬ ਨਾਲ 2,905 ਟੈੱਸਟ ‘ਤੇ ਆਉਂਦੀ ਹੈ, ਜੋ ਅੱਜ ਤੱਕ ਕੁੱਲ 79,078 ਟੈੱਸਟ ਹੋਏ ਹਨ।
ਨਿਊਜ਼ੀਲੈਂਡ ਦੇ 1,409 ਕੇਸਾਂ ਵਿੱਚੋਂ 1,098 ਕੰਨਫ਼ਰਮ ਅਤੇ 328 ਪ੍ਰੋਬੈਵਲੀ ਕੇਸ ਹਨ। ਮੈਡੀਕਲ ਸਟੇਟਸ ਅਨੁਸਾਰ 544 ਐਕਟਿਵ ਅਤੇ 867 ਰਿਕਵਰ ਕੇਸ ਹਨ ਅਤੇ ਕੋਵਿਡ -19 ਨਾਲ ਦੇਸ਼ ਵਿੱਚ 11 ਮੌਤਾਂ ਹੋਈਆ ਹਨ।
ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿੱਚ ਕੋਰੋਨਾਵਾਇਰਸ ਤੋਂ ਪੀੜਤ 2,242,147 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 154,127 ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 558,121 ਹੈ।