ਨਿਊਜ਼ੀਲੈਂਡ ਨੂੰ ਪੰਜਾਬੀ ਮੁੰਡੇ ਇਸ਼ ਸੋਢੀ ਨੇ ਸੈਮੀਫਾਈਨਲ ਵਿੱਚ ਪਹੁੰਚਾਇਆ

ਆਕਲੈਂਡ, (ਹਰਜਿੰਦਰ ਸਿੰਘ ਬਸਿਆਲਾ) – ਆਸਟਰੇਲੀਆ ਵਿਖੇ ਚੱਲ ਰਹੇ ਅੰਡਰ-19 ਵਿਸ਼ਵ ਕ੍ਰਿਕਟ ਕੱਪ ਦੇ ਵਿਚ ਨਿਊਜ਼ੀਲੈਂਡ ਤੋਂ ਗਈ ਕ੍ਰਿਕਟ ਟੀਮ ਦੇ ਵਿਚ ਇਕ 19 ਸਾਲਾ ਪੰਜਾਬੀ ਮੁੰਡਾ ਇੰਦਰਬੀਰ ਸਿੰਘ ਸੋਢੀ (ਇਸ਼ ਸੋਢੀ) ਅੱਜਕਲ੍ਹ ਇਥੇ ਚਰਚਾ ਵਿੱਚ ਹੈ। ਟੀਮ ਦੇ ਵਿੱਚ ਇਸ ਦਾ ਨੰਬਰ 8 ਹੈ। ਬੀਤੇ ਕੱਲ੍ਹ ਵੈਸਟ ਇੰਡੀਜ਼ ਦੇ ਨਾਲ ਹੋਏ ਇਕ ਮੁਕਾਬਲੇ ਵਿੱਚ ਇਸ ਵੱਲੋਂ ਅਖੀਰ ਦੇ ਦੋ ਓਵਰਾਂ ਵਿੱਚ 10 ਗੇਂਦਾਂ ‘ਤੇ ਬਣਾਈਆ 22  ਦੌੜਾਂ……. ਦੇ ਸਦਕੇ ਨਿਊਜ਼ੀਲੈਂਡ ਦੀ ਟੀਮ ਦੂਜੇ ਸੈਮੀਫਾਈਨਲ ਦੇ ਵਿੱਚ ਪਹੁੰਚ ਗਈ ਹੈ। ਇਹ ਮੈਚ 23 ਅਗਸਤ ਨੂੰ ਇਥੇ ਦੇ ਸਮੇਂ ਮੁਤਾਬਿਕ 11.30 ਵਜੇ ਭਾਰਤ ਦੀ ਅੰਡਰ 19 ਟੀਮ ਦੇ ਨਾਲ, ਟੋਨੀ ਇਰੀਲੈਂਡ ਸਟੇਡੀਅਮ, ਨੇੜੇ ਟਾਊਨਸਵਿਲ ਵਿਖੇ ਖੇਡਿਆ ਜਾਵੇਗਾ। ਕੱਲ੍ਹ ਹੋਏ ਮੈਚ ਬਾਅਦ ਇਸ ਨੂੰ ‘ਪਲੇਅਰ ਆਫ਼ ਦਾ ਮੈਚ’ ਵੀ ਐਲਾਨਿਆ ਗਿਆ। ਪੰਜਾਬ ਦੇ ਖੰਨਾ ਸ਼ਹਿਰ ਦਾ ਜਨਮਿਆ ਇਹ ਮੁੰਡਾ ਪਹਿਲਾਂ ਆਕਲੈਂਡ ਅੰਡਰ 17, ਫਿਰ ਆਕਲੈਂਡ ਅੰਡਰ 19 ਅਤੇ ਹੁਣ ਨਿਊਜ਼ੀਲੈਂਡ ਅੰਡਰ 19 ਵਿੱਚ ਖੇਡ ਰਿਹਾ ਹੈ। ਇਸ ਦੇ ਮਾਤਾ-ਪਿਤਾ ਇਥੇ ਕਾਫੀ ਚਿਰ ਤੋਂ ਰਹਿ ਰਹੇ ਹਨ ਤੇ ਚੰਗੀ ਨੌਕਰੀ ਉਤੇ ਹਨ। ਆਕਲੈਂਡ ਦੀ ਟੀਮ ਦੇ ਵਿੱਚ ਪਹਿਲਾਂ ਤੋਂ ਖੇਡ ਰਹੇ ਸਿੱਖ ਨੌਜਵਾਨ ਸ. ਭੁਪਿੰਦਰ ਸਿੰਘ ਭਿੰਦਾ ਦੇ ਨਾਲ ਇਹ ਕਾਫੀ ਸਮੇਂ ਤੋਂ ਅਭਿਆਸ ਕਰਦਾ ਰਿਹਾ ਹੈ ਅਤੇ ਇਨ੍ਹਾਂ ਦੋਵਾਂ ਦਾ ਕੋਚ ਵੀ ਇਕ ਸ੍ਰੀ ਮੈਟ ਹੌਰਨ ਹੈ। ਇਸ ਖਿਡਾਰੀ ਦੀ ਹੋਰ ਸਫ਼ਲਤਾ ਦੇ ਲਈ ਨਿਊਜ਼ੀਲੈਂਡ ਦੇ ਸਮੁੱਚੇ ਭਾਰਤੀ ਭਾਈਚਾਰੇ ਨੇ ਕਾਮਨਾ ਕੀਤੀ ਹੈ।