ਨਿਊਜ਼ੀਲੈਂਡ ਵਿੱਚ ਪੰਜਾਬੀਆਂ ਨੇ ਰਾਜਨੀਤੀ ਵੱਲ ਵਧਾਏ ਕਦਮ ਸੁਨਹਿਰੀ ਭਵਿੱਖ ਵੱਲ ਇਸ਼ਾਰਾ

ਨਿਊਜ਼ੀਲੈਂਡ (ਸੌਦਾਗਰ ਸਿੰਘ ਬਾੜੀਆਂ):-ਨਿਊਜ਼ੀਲੈਂਡ ਵਿੱਚ ਚੋਣਾਂ ਦੀ ਮਿਥੀ ਤਾਰੀਖ ਨੇ ਜਿਥੇ ਚੋਣ ਬਾਜ਼ਾਰ ਗਰਮਾਇਆ ਉਥੇ ਪੰਜਾਬੀਆਂ ਨੇ ਵੀ ਹਰਕਤ ‘ਚ ਆਉਂਦਿਆ ਫੰਡ ਰੇਜ਼ਿੰਗ ਡਿਨਰ ਤੇ ਨੁਕੜ ਮੀਟਿੰਗਾਂ ਵੱਡੇ ਪੱਧਰ ਤੇ ਆਰੰਭ ਕਰ ਦਿੱਤੀਆ ਹਨ। ਬੇ-ਆਫ਼ ਪਲੈਂਟੀ ਦੇ ਉੱਘੇ ਬਿਜ਼ਨਸਮੇਨਾਂ ਤੇ ਨੈਸ਼ਨਲ ਪਾਰਟੀ ਦੇ ਸਮਰਥਕਾਂ ਵਲੋਂ ਇੰਡੀਅਨ ਰੈਸਟੋਰੈਂਟ ਵਿੱਚ ਬੇ-ਆਫ਼ ਪਲੈਂਟੀ ਈਸਟ ਤੋਂ ਸਾਂਸਦ ਤੇ ਹੈਲਥ ਮਨਿਸਟਰ ਸ੍ਰੀ ਟੋਨੀ ਰੋਇਲ ਦੇ ਪੱਖ ‘ਚ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਇਲਾਕੇ ਦੀਆਂ ਉੱਘੀਆ ਸਖਸ਼ੀਅਤਾਂ ਸ. ਬਲਜੀਤ ਸਿੰਘ, ਗੁਰਪਾਲ ਸਿੰਘ, ਮਨੋਹਰ ਸਿੰਘ, ਲਹਿੰਬਰ ਸਿੰਘ, ਅਮਰੀਕ ਸਿੰਘ, ਹਰਮਿੰਦਰ ਸਿੰਘ, ਦਾਰਾ ਸਿੰਘ, ਵਿਨੋਦ ਸ਼ਰਮਾ ਤੇ ਸ੍ਰੀ ਮਾਇਕ ਨੇ ਹਿੱਸਾ ਲਿਆ। ਇਸ ਮੌਕੇ ਸਾਂਸਦ ਸ਼੍ਰੀ ਟੋਨੀ ਰੋਇਲ ਨੇ ਬੋਲਦਿਆ ਕਿਹਾ ਕਿ ਮੈਂ ਪੰਜਾਬੀ ਕਮਿਊਨਟੀ ਦਾ ਰਿਣੀ ਹਾਂ ਤੇ ਤਹਿ ਦਿਲੋਂ ਧੰਨਵਾਦੀ ਹਾਂ ਜਿਹਨਾਂ ਦੀ ਬਦੋਲਤ ਮੈਂ ਪਿਛਲੇ ਲੰਬੇ ਸਮੇਂ ਤੋਂ ਜਿੱਤਦਾ ਆ ਰਿਹਾ ਹਾਂ। ਇਸ ਮੌਕੇ ਤੇ ਚੋਣਾਂ ਸਬੰਧੀ ਤੇ ਨੈਸ਼ਨਲ ਸਰਕਾਰ ਵਲੋਂ ਆਰੰਭੀਆਂ ਨੀਤੀਆਂ ਤੇ ਅਹਿਮ ਵਿਚਾਰਾਂ ਕੀਤੀਆ ਗਈਆ। ਇਸ ਮੌਕੇ ਤੇ ਪੰਜਾਬੀ ਕਮਿਊਨਟੀ ਵਲੋਂ ਸ੍ਰੀ ਟੋਨੀ ਰੋਇਲ ਨੂੰ ਪਾਰਟੀ ਫ਼ੰਡ ਲਈ ਇੱਕ ਚੈੱਕ ਭੇਂਟ ਕੀਤਾ ਗਿਆ।
ਇਸ ਵਾਰ ਚੋਣਾਂ ਵਿੱਚ ਪੰਜਾਬੀ ਵੱਧ ਚੜ ਕੇ ਹਿੱਸਾ ਲੈ ਰਹੇ ਹਨ ਤੇ ਪਾਰਟੀਆ ਨੂੰ ਤਨੋ ਤੇ ਧਨੋ ਪੂਰਾ-ਪੂਰਾ ਸਹਿਯੋਗ ਦੇ ਰਹੇ ਹਨ। ਜਿਸ ਤਰਾਂ ਨਾਲ ਪੰਜਾਬੀ ਨਿਊਜ਼ੀਲੈਂਡ ਦੀ ਰਾਜਨੀਤੀ ਵੱਲ ਕਦਮ ਵਧਾ ਰਹੇ ਹਨ ਉਸ ਤੋ ਜ਼ਾਹਿਰ ਹੈ ਕਿ ਅੱਜ ਭਾਵੇਂ ਸਾਡਾ ਇੱਕ ਹੀ ਉਮੀਦਵਾਰ ਸਾਡੀ ਕੌਮ ਦੀ ਅਗਵਾਈ ਕਰ ਰਿਹਾ ਹੈ ਪਰ ਆਉਣ ਵਾਲੇ ਸਮੇਂ ‘ਚ ਗਿਣਤੀ ਵੱਧਣ ਦੀ ਆਸ ਜਤਾਈ ਜਾ ਰਹੀ ਹੈ।