ਨਿਊਜ਼ੀਲੈਂਡ ਆਮ ਚੋਣਾਂ-2017 ਦੇ ਨਤੀਜੇ ਕਿਸੇ ਪਾਰਟੀ ਨੂੰ ਬਹੁਮਤ ਨਹੀਂ 

ਨੈਸ਼ਨਲ ਤੋਂ ਸ. ਕੰਵਲਜੀਤ ਸਿੰਘ ਚੌਥੀ ਵਾਰ ਤੇ ਡਾ. ਪਰਮਜੀਤ ਪਰਮਾਰ ਦੂਜੀ ਵਾਰ ਅਤੇ ਲੇਬਰ ਤੋਂ ਪ੍ਰਿਅੰਕਾ ਰਾਧਾ ਕ੍ਰਿਸ਼ਨਨ ਪਹਿਲੀ ਵਾਰ ਸੰਸਦ ‘ਚ ਪਹੁੰਚੇ
ਆਕਲੈਂਡ, 23 ਸਤੰਬਰ – ਨਿਊਜ਼ੀਲੈਂਡ ‘ਚ ਹੋਈਆਂ ਆਮ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ। ਚੋਣਾਂ ਦੇ ਆਏ ਨਤੀਜਿਆਂ ਵਿੱਚ ਜਿੱਥੇ ਸੱਤਾਧਾਰੀ ਨੈਸ਼ਨਲ ਪਾਰਟੀ 46% ਪਾਰਟੀ ਵੋਟਾਂ ਤੇ 58 (-3) ਸੰਸਦ ਮੈਂਬਰਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਸਾਹਮਣੇ ਆਈ ਹੈ ਉੱਥੇ ਹੀ ਵਿਰੋਧੀ ਲੇਬਰ ਪਾਰਟੀ 35.8% ਪਾਰਟੀ ਵੋਟ ਤੇ 45 (+13) ਸੰਸਦ ਮੈਂਬਰਾਂ ਨਾਲ ਦੂਜੇ ਨੰਬਰ ਉੱਤੇ ਰਹੀ ਹੈ। ਇਸੇ ਤਰ੍ਹਾਂ ਨਿਊਜ਼ੀਲੈਂਡ ਫ਼ਸਟ 7.5% ਨਾਲ 9 (-2) ਸੰਸਦ ਮੈਂਬਰ, ਗ੍ਰੀਨ ਪਾਰਟੀ ਦੇ 5.8% ਨਾਲ 7 (-6) ਸੰਸਦ ਮੈਂਬਰ ਅਤੇ ਐਕਟ ਪਾਰਟੀ 0.5% ਪਾਰਟੀ ਵੋਟ ਨਾਲ 1 ਸੰਸਦ ਮੈਂਬਰ ਬਣਾਉਣ ਵਿੱਚ ਕਾਮਯਾਬ ਰਹੇ ਹਨ। ਮਾਓਰੀ ਪਾਰਟੀ (-2) ਅਤੇ ਯੂਨਾਈਟਿਡ ਫ਼ਿਊਚਰ (-1) ਇਸ ਵਾਰ ਇਕ ਵੀ ਸੀਟ ਨਹੀਂ ਜਿੱਤ ਸੱਕੇ।
ਹੁਣ 52ਵੀਂ ਸੰਸਦ ਲਈ ਸੱਤਾਧਾਰੀ ਨੈਸ਼ਨਲ ਤੇ ਵਿਰੋਧੀ ਲੇਬਰ ਪਾਰਟੀ ਨੂੰ ਦੂਜੀਆਂ ਪਾਰਟੀਆਂ ਤੋਂ ਹਮਾਇਤ ਲੈਣੀ ਪੈਣੀ ਹੈ। ਕਿਉਂਕਿ ਦੋਵਾਂ ਵਿੱਚੋਂ ਕੋਈ ਵੀ ਪਾਰਟੀ ਲੋੜੀਂਦਾ 61 ਮੈਂਬਰਾਂ ਦਾ ਅੰਕੜਾ ਨਹੀਂ ਜੁੱਟਾ ਸੱਕੀ ਹੈ। ਹੁਣ ਸਰਕਾਰ ਬਣਾਉਣ ਵਿੱਚ ਐਨਜੈੱਡ ਫ਼ਸਟ ਤੇ ਗ੍ਰੀਨ ਖ਼ਾਸ ਭੂਮਿਕਾ ਨਿਭਾ ਸਕਦੇ ਹਨ। ਬਹੁਤਾ ਕਰਕੇ ਨਿਊਜ਼ੀਲੈਂਡ ਫ਼ਸਟ ਦੇ ਵਿੰਸਟਨ ਪੀਟਰ ਉੱਤੇ ਸਭ ਦੀਆਂ ਨਜ਼ਰਾਂ ਹਨ ਕਿ ਉਹ ਕੀ ਫ਼ੈਸਲਾ ਲੈਂਦੇ ਹਨ ਭਾਵੇਂ ਉਹ ਆਪਣੀ ਸੀਟ ਹਾਰ ਗਏ ਹਨ ਪਰ ਉਹ ਸਰਕਾਰ ਬਣਾਉਣ ਵਿੱਚ ਹਿੱਸੇਦਾਰੀ ਪਾ ਸਕਦੇ ਹਨ।
ਇਨ੍ਹਾਂ ਚੋਣਾਂ ਵਿੱਚ ਜਿੱਥੇ ਤੱਕ ਭਾਰਤੀ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਇਸ ਵਾਰ ਵੱਖ-ਵੱਖ ਪਾਰਟੀਆਂ ਤੋਂ ਲਗਭਗ 17 ਉਮੀਦਵਾਰ ਨੇ ਆਪਣੀ ਕਿਸਮਤ ਅਜ਼ਮਾਈ ਸੀ, ਜਿਨ੍ਹਾਂ ਵਿੱਚ ਨੈਸ਼ਨਲ ਪਾਰਟੀ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਜਿਨ੍ਹਾਂ ਨੇ ਚੌਥੀ ਵਾਰ ਚੋਣ ਲੜੀ ਅਤੇ ਨੈਸ਼ਨਲ ਤੋਂ ਹੀ ਸਾਂਸਦ ਡਾ. ਪਰਮਜੀਤ ਪਰਮਾਰ ਨੇ ਦੂਜੀ ਵਾਰ ਚੋਣ ਲੜੀ ਹੈ। ਇਨ੍ਹਾਂ ਤੋਂ ਇਲਾਵਾ ਨਿਊਜ਼ੀਲੈਂਡ ਫ਼ਸਟ ਤੋਂ ਸ੍ਰੀ ਮਹੇਸ਼ ਬਿੰਦਰਾ ਨੇ ਦੂਜੀ ਵਾਰ ਚੋਣ ਲੜੀ। ਇਹ ਸਾਰੇ ਹੀ ਆਪਣੀ-ਆਪਣੀ ਚੋਣ ਹਾਰ ਗਏ ਹਨ ਪਰ ਸ. ਕੰਵਲਜੀਤ ਸਿੰਘ ਬਖਸ਼ੀ ਤੇ ਡਾ. ਪਰਮਜੀਤ ਪਰਮਾਰ ਸੰਸਦ ਮੈਂਬਰ ਬਣਨ ਵਿੱਚ ਕਾਮਯਾਬ ਰਹੇ ਹਨ ਤੇ ਸ੍ਰੀ ਮਹੇਸ਼ ਬਿੰਦਰਾ ਦਾ ਨੰਬਰ ਨਹੀਂ ਲੱਗਾ। ਖ਼ਾਸ ਗੱਲ ਇਹ ਹੈ ਕਿ ਲੇਬਰ ਪਾਰਟੀ ਤੋਂ ਪਹਿਲੀ ਵਾਰ ਨਵੀਂ ਭਾਰਤੀ ਸੰਸਦ ਪ੍ਰਿਅੰਕਾ ਰਾਧਾ ਕ੍ਰਿਸ਼ਨਨ ਸੰਸਦ ਵਿੱਚ ਨਜ਼ਰ ਆਏਗੀ। ਬਾਕੀ ਦੇ ਭਾਰਤੀ ਉਮੀਦਵਾਰ ਜਿਨ੍ਹਾਂ ਵਿੱਚ ਨੈਸ਼ਨਲ ਪਾਰਟੀ ਦੇ ਬੀਰਾਮ ਬਾਲਾ, ਲੇਬਰ ਪਾਰਟੀ ਤੋਂ ਪ੍ਰਿਅੰਕਾ ਰਾਧਾ ਕ੍ਰਿਸ਼ਨਨ, ਸਰਬ ਜੌਹਲ, ਜੈਸੀ ਪਾਬਲਾ, ਬਲਜੀਤ ਕੌਰ, ਤੇ ਗੌਰਵ ਸ਼ਰਮਾ, ਨਿਊਜ਼ੀਲੈਂਡ ਫ਼ਸਟ ਪਾਰਟੀ ਤੋਂ ਸ੍ਰੀ ਮਹੇਸ਼ ਬਿੰਦਰਾ, ਐਕਟ ਤੋਂ ਸ. ਭੁਪਿੰਦਰ ਸਿੰਘ, ਸੈਮ ਸਿੰਘ, ਗ੍ਰੀਨ ਤੋਂ ਸ੍ਰੀ ਰਾਜ ਸਿੰਘ ਸਨ। ਜਦੋਂ ਕਿ ਸ੍ਰੀ ਰੌਸ਼ਨ ਨੌਹਰੀਆ ਦੀ ਅਗਵਾਈ ਵਾਲੀ ਨਿਊਜ਼ੀਲੈਂਡ ਪੀਪਲ ਪਾਰਟੀ ਨੇ ਉਮੀਦਵਾਰ ਖੜ੍ਹੇ ਨਾ ਕਰਕੇ ਸਿਰਫ਼ ਪਾਰਟੀ ਵੋਟ ਮੰਗੀ ਸੀ ਜਿਸ ਵਿੱਚ ਉਨ੍ਹਾਂ ਨੂੰ 0.1% ਵੋਟ ਮਿਲਿਆ ਜੋ ਸੰਸਦ ਵਿੱਚ ਜਾਣ ਨਾ ਕਾਫ਼ੀ ਹੈ।
51ਵੀਂ ਸੰਸਦ ਦੀ ਮਿਆਦ 10 ਅਕਤੂਬਰ ਨੂੰ ਸਮਾਪਤ ਹੋਣੀ ਹੈ ਅਤੇ ਅਧਿਕਾਰਕ ਤੌਰ ‘ਤੇ ਚੋਣਾਂ ਦੇ ਨਤੀਜਿਆਂ ਦਾ ਐਲਾਨ 7 ਅਕਤੂਬਰ ਨੂੰ ਕੀਤਾ ਜਾਣਾ ਹੈ ਤੇ 11 ਅਕਤੂਬਰ ਤੱਕ ਦੁਬਾਰਾ ਗਿਣਤੀ ਕਰਨ ਦੀ ਅਪੀਲ ਕੀਤੀ ਜਾ ਸਕਦੀ ਹੈ। 12 ਅਕਤੂਬਰ ਨੂੰ ਸਰਕਾਰੀ ਐਲਾਨਨਾਮਾ ਜਾਰੀ ਕਰਕੇ ਸੰਸਦ ਮੈਂਬਰਾਂ ਨੂੰ ਮਾਨਤਾ ਦੇਵੇਗਾ।