ਨਿਊਜ਼ੀਲੈਂਡ ਆਰਮੀ ‘ਚ ਅੰਮ੍ਰਿਤਧਾਰੀ ਗੋਰਾ ਫ਼ੌਜੀ ਜਵਾਨ ਪਾਸਿੰਗ ਪਰੇਡ ‘ਚ ਸ਼ਾਮਿਲ

ਵਾਈਓਰੂ, 6 ਜੁਲਾਈ – ਨਿਊਜ਼ੀਲੈਂਡ ਆਰਮੀ ਨੇ 4 ਜੁਲਾਈ ਦਿਨ ਸ਼ਨੀਵਾਰ ਨੂੰ ਆਪਣੇ ਨਵੇਂ ਗ੍ਰੈਜੂਏਟ ਹੋਏ (Recruit Regular Force 397) ਆਰਮੀ ਜਵਾਨਾਂ ਦੀ ਪਾਸਿੰਗ ਪਰੇਡ ਵਾਈਓਰੂ ਮਿਲਟਰੀ ਕੈਂਪ ਵਿਖੇ ਕੱਢੀ। ਇਸ ਪਾਸਿੰਗ ਪਰੇਡ ਦੇ ਵਿੱਚ ਆਰਮੀ ਦੇ ਨਵੇਂ ਹੋਰਨਾਂ ਨੌਜਵਾਨ ਮੁੰਡੇ ਤੇ ਕੁੜੀਆਂ ਦੇ ਨਾਲ 23 ਸਾਲਾ ਇੱਕ ਗੋਰਾ ਸਿੱਖ ਨੌਜਵਾਨ ਸ. ਲੂਈ ਸਿੰਘ ਖਾਲਸਾ ਵੀ ਸ਼ਾਮਿਲ ਸੀ। ਜਿਸ ਨੇ ਆਰਮੀ ਦੀ ਵਰਦੀ ਦੇ ਨਾਲ ਗੁੜ੍ਹੇ ਹਰੇ ਰੰਗੀ ਦੀ ਪੱਗ ਬੰਨ੍ਹੀ ਹੋਈ ਸੀ ਅਤੇ ਪੱਗ ਉੱਤੇ ਆਰਮੀ ਦਾ ਲੋਗੋ ਲੱਗਾ ਹੋਇਆ ਸੀ। ਵੈਸੇ, ਪਹਿਲਾਂ ਇਸ ਦਾ ਨਾਂਅ ਲੂਈਸ ਟਾਲਬੋਟ ਸੀ, ਪਰ ਇਹ ਨੌਜਵਾਨ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ 2018 ਵਿੱਚ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਵਿਖੇ ਅੰਮ੍ਰਿਤ ਛੱਕ ਕੇ ਅੰਮ੍ਰਿਤਧਾਰੀ ਸਿੰਘ ਸੱਜ ਗਿਆ ਅਤੇ ਹੁਣ ਨਿਊਜ਼ੀਲੈਂਡ ਆਰਮੀ ਵਿੱਚ ਬਤੌਰ ਫ਼ੌਜੀ ਜਵਾਨ ਭਰਤੀ ਹੋਇਆ ਅਤੇ ਨਵੇਂ ਰੰਗਰੂਟਾਂ ਦੀ ਹੋਈ ਪਾਸਿੰਗ ਪਰੇਡ ਵਿੱਚ ਸਿੱਖੀ ਸਰੂਪ ਵਿੱਚ ਹੀ ਸੱਜ ਕੇ ਪਰੇਡ ਕਰਦਾ ਹੋਇਆ ਵਿਖਿਆ, ਜਿਸ ਦੀ ਫ਼ੋਟੋ ਐਨਜੈੱਡ ਆਰਮੀ ਨੇ ਆਪਣੇ ਫੇਸਬੁੱਕ ਪੇਜ ਉੱਤੇ ਸ਼ੇਅਰ ਕੀਤੀ ਹੈ।