ਨਿਊਜ਼ੀਲੈਂਡ ਚੈਂਪੀਅਨਜ਼ ਟਰਾਫ਼ੀ ‘ਚੋਂ ਬਾਹਰ  

ਬੰਗਲਾਦੇਸ਼ ਨੇ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾਇਆ
ਕਾਰਡਿਫ, 9 ਜੂਨ – ਇੱਥੇ ਚੈਂਪੀਅਨ ਟਰਾਫ਼ੀ ਦੇ ਗਰੁੱਪ ‘ਏ’ ਦੇ ਆਪਣੇ ਆਖ਼ਰੀ ਮੈਚ ਵਿੱਚ ਨਿਊਜ਼ੀਲੈਂਡ ਨੂੰ ਬੰਗਲਾਦੇਸ਼ ਨੇ 5 ਵਿਕਟਾਂ ਨਾਲ ਹਰਾ ਦਿੱਤਾ, ਇਸ ਹਾਰ ਦੇ ਨਾਲ ਹੀ ਨਿਊਜ਼ੀਲੈਂਡ ਦਾ ਚੈਂਪੀਅਨ ਟਰਾਫ਼ੀ ਵਿਚਲਾ ਸਫ਼ਰ ਖ਼ਤਮ ਹੋ ਗਿਆ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੇ 8 ਵਿਕਟਾਂ ਉੱਤੇ 265 ਦੌੜਾਂ ਬਣਾਈਆਂ। ਕਪਤਾਨ ਕੈੱਨ ਵਿਲੀਅਮਸਨ ਨੇ 57, ਰੋਸ ਟੇਲਰ ਨੇ 63, ਮਾਰਟਿਨ ਗੁਪਿਟਲ 33, ਨੀਲ ਬਰੂਮ 36 ਅਤੇ ਜੇਮਜ ਨੀਸ਼ਾਮ ਨੇ 23 ਦੌੜਾਂ ਦੀ ਪਾਰੀ ਖੇਡੀ। ਨਿਊਜ਼ੀਲੈਂਡ ਆਖ਼ਰੀ 10 ਓਵਰਾਂ ਵਿੱਚ ਸਿਰਫ਼ 62 ਦੌੜਾਂ ਹੀ ਬਣਾ ਸਕਿਆ। ਬੰਗਲਾਦੇਸ਼ ਵੱਲੋਂ ਗੇਂਦਬਾਜ਼ ਮੁਸੱਦਕ ਹੁਸੈਨ ਨੇ 3 ਅਤੇ ਤਸਕੀਨ ਅਹਿਮਦ ਨੇ 2 ਵਿਕਟਾਂ ਹਾਸਲ ਕੀਤੀਆਂ।
ਨਿਊਜ਼ੀਲੈਂਡ ਵੱਲੋਂ ਮਿਲੇ 266 ਦੌੜਾਂ ਦਾ ਟੀਚਾ ਬੰਗਲਾਦੇਸ਼ ਨੇ 47.2 ਓਵਰਾਂ ਵਿੱਚ 268 ਦੌੜਾਂ ਬਣਾ ਕੇ ਮੈਚ ਜਿੱਤ ਕੇ ਵੱਡਾ ਉਲਟ ਫੇਰ ਕਰ ਦਿੱਤਾ। ਬੰਗਲਾਦੇਸ਼ ਦੀ ਸ਼ੁਰੂਆਤ ਖ਼ਰਾਬ ਰਹੀ ਉਸ ਦੀਆਂ 4 ਵਿਕਟਾਂ 33 ਦੌੜਾਂ ਉੱਤੇ ਚੱਲੀਆਂ ਗਈਆਂ ਸਨ ਪਰ ਸ਼ਾਕਿਬ-ਉਲ-ਹਸਨ ਦੇ 114 ਅਤੇ ਮਹਿਮੂਦੁਲਾਹ ਦੇ 102 ਦੇ ਸੈਂਕੜਿਆਂ ਸਦਕਾ ਜਿੱਤ ਨੂੰ ਅਸਾਨ ਬਣਾ ਦਿੱਤਾ। ਨਿਊਜ਼ੀਲੈਂਡ ਵੱਲੋਂ ਗੇਂਦਬਾਜ਼ ਟਿਮ ਸਾਊਥੀ ਨੇ ੩ ਵਿਕਟਾਂ ਹਾਸਲ ਕੀਤੀਆਂ।
ਇਸ ਹਾਰ ਨਾਲ ਨਿਊਜ਼ੀਲੈਂਡ 1 ਅੰਕ ਹਾਸਲ ਕਰਕੇ ਚੈਂਪੀਅਨ ਟਰਾਫ਼ੀ ਵਿੱਚੋਂ ਬਾਹਰ ਹੋ ਗਿਆ ਹੈ ਜਦੋਂ ਕਿ ਬੰਗਲਾਦੇਸ਼ ਕੋਲ 3 ਅੰਕ ਹਨ ਤੇ ਉਸ ਕੋਲ ਸੈਮੀਫਾਈਨਲ ਵਿੱਚ ਜਾਣ ਦਾ ਮੌਕਾ ਹੈ। ਜੇ ਇੰਗਲੈਂਡ ਆਪਣੇ ਆਖ਼ਰੀ ਮੈਚ ਵਿੱਚ ਆਸਟਰੇਲੀਆ ਨੂੰ ਹਰਾ ਦਿੰਦਾ ਹੈ ਤਾਂ ਬੰਗਲਾਦੇਸ਼ ਆਖ਼ਰੀ ਚਾਰ ਵਿੱਚ ਪਹੁੰਚ ਜਾਏਗਾ। ਇੰਗਲੈਂਡ 4 ਅੰਕਾਂ ਨਾਲ ਪਹਿਲੇ ਸਥਾਨ ਅਤੇ ਆਸਟਰੇਲੀਆ 2 ਅੰਕਾਂ ਨਾਲ  ਤੀਜੇ ਸਥਾਨ ਉੱਪਰ ਹੈ।