ਨਿਊਜ਼ੀਲੈਂਡ ਚੋਣ 2020: ਨੈਸ਼ਨਲ 2 ਸੀਟਾਂ ਹੋਰ ਹਾਰੀ, ਲੇਬਰ ਅਤੇ ਮਾਓਰੀ ਪਾਰਟੀ ਨੂੰ 1-1 ਸੀਟ ਹੋਰ ਮਿਲੀ

ਵੈਲਿੰਗਟਨ, 6 ਨਵੰਬਰ – ਦੇਸ਼ ਦੀਆਂ ਆਮ ਚੋਣਾਂ ਦੇ ਫਾਈਨਲ ਨਤੀਜਿਆਂ ਵਿੱਚ ਸੱਤਾਧਾਰੀ ਲੇਬਰ ਤੇ ਪਹਿਲੀ ਵਾਰ ਸੰਸਦ ਪਹੁੰਚੀ ਮਾਓਰੀ ਨੂੰ 1-1 ਸੀਟ ਦਾ ਫ਼ਾਇਦਾ ਹੋਇਆ ਹੈ। ਪਰ ਮੁੱਖ ਵਿਰੋਧੀ ਨੈਸ਼ਨਲ ਪਾਰਟੀ ਨੇ ਆਪਣੀਆਂ 2 ਸੀਟਾਂ ਗੁਆਈਆਂ ਹਨ, ਹੁਣ ਨੈਸ਼ਨਲ ਪਾਰਟੀ 25.6% ਪਾਰਟੀ ਵੋਟ ਦੇ ਨਾਲ 33 ਸੀਟਾਂ ਉੱਤੇ ਪਹੁੰਚ ਗਈ ਹੈ। ਜਦੋਂ ਸੱਤਾਧਾਰੀ ਲੇਬਰ ਪਾਰਟੀ 50% ਪਾਰਟੀ ਵੋਟ ਦੇ ਨਾਲ 1 ਹੋਰ ਸੀਟ ਜਿੱਤ ਕੇ 65 ਸੀਟਾਂ ਉੱਤੇ ਪਹੁੰਚ ਗਈ ਹੈ, ਗ੍ਰੀਨ ਪਾਰਟੀ 7.9% ਪਾਰਟੀ ਵੋਟ ਦੇ ਨਾਲ 10 ਸੀਟਾਂ ਉੱਪਰ ਹੈ, ਐਕਟ ਪਾਰਟੀ 7.6% ਪਾਰਟੀ ਵੋਟ ਦੇ ਨਾਲ 10 ਸੀਟਾਂ ਉੱਪਰ ਹੀ ਰਹੀ ਅਤੇ ਮਾਓਰੀ ਪਾਰਟੀ 1.2% ਪਾਰਟੀ ਵੋਟ ਦੇ ਨਾਲ 1 ਸੀਟ ਦਾ ਲਾਭ ਲੈਂਦੇ ਹੋਏ 2 ਸੀਟਾਂ ਉੱਤੇ ਪਹੁੰਚ ਗਈ ਹੈ।
ਚੋਣ ਕਮਿਸ਼ਨ ਨੇ ਅੱਜ 2020 ਦੀਆਂ ਚੋਣਾਂ ਦੇ ਨਤੀਜੇ ਜਾਰੀ ਕੀਤੇ, ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਵੈਰਿਕੀ ਤੋਂ ਮਾਓਰੀ ਪਾਰਟੀ ਦੀ ਕੋ-ਲੀਡਰ ਰਾਵੀਰੀ ਵੇਟੀਟੀ ਨੇ ਲੇਬਰ ਦੀ ਤਾਮਾਟੀ ਕੌਫ਼ੀ ਉੱਤੇ ਜਿੱਤ ਪ੍ਰਾਪਤ ਕੀਤੀ ਹੈ, ਹਾਰਨ ਦੇ ਬਾਵਜੂਦ ਤਾਮਾਟੀ ਕੌਫ਼ੀ ਹਾਲੇ ਵੀ ਲਿਸਟ ਐਮਪੀ ਤੌਰ ‘ਤੇ ਸੰਸਦ ਵਿੱਚ ਰਹੇਗੀ। ਪਰ ਪਾਰਟੀ ਵੋਟਾਂ ਦੇ 1% ਤੋਂ 1.2% ਤੱਕ ਵਾਧੇ ਦੇ ਨਾਲ ਮਾਓਰੀ ਪਾਰਟੀ ਦੇ ਕੋ-ਲੀਡਰ ਡੈਬੀ ਨਗਰੇਵਾ-ਪੈਕਰ ਸੰਸਦ ਵਿੱਚ ਇੱਕ ਲਿਸਟ ਐਮਪੀ ਮੈਂਬਰ ਬਣੇ ਰਹਿਣਗੇ।
ਸਾਰੀਆਂ ਵੋਟਾਂ ਗਿਣੀਆਂ ਜਾਣ ‘ਤੇ ਲੇਬਰ ਨੂੰ 50.01% ਪਾਰਟੀ ਵੋਟ ਪ੍ਰਾਪਤ ਹੋਈਆਂ ਹਨ, ਉਸ ਨੂੰ ਕੁੱਲ 2,886,427 ਵੈਧ ਵੋਟਾਂ ਵਿੱਚੋਂ 1,443,546 ਵੋਟਾਂ ਮਿਲੀਆਂ ਹਨ। ਜਦੋਂ ਕਿ ਚੋਣਾਂ ਦੀ ਰਾਤ ਨੂੰ ਲੇਬਰ ਨੂੰ 49.1% ਪਾਰਟੀ ਵੋਟ ਵੋਟਾਂ ਮਿਲੀਆਂ ਸਨ। ਚੋਣਾਂ ਦੀ ਰਾਤ ਤੋਂ ਲੈ ਕੇ ਅੰਤਿਮ ਨਤੀਜੇ ਤੱਕ ਸਵਿੰਗ ਦੇ ਨਤੀਜੇ ਵਜੋਂ ਨੈਸ਼ਨਲ 2 ਸੀਟਾਂ ਹੋਰ ਹਾਰ ਗਈ ਅਤੇ ਜਿਸ ਦਾ ਲਾਭ ਲੇਬਰ ਅਤੇ ਮਾਓਰੀ ਪਾਰਟੀ ਦੋਵਾਂ ਨੂੰ 1-1 ਸੀਟ ਹੋਰ ਮਿਲੀ ਕੇ ਹੋਇਆ ਹੈ।
ਲੇਬਰ ਨੇ ਚੋਣਾਂ ਦੀ ਰਾਤ ਦੀ ਗਿਣਤੀ ਦੇ ਅਧਾਰ ‘ਤੇ 3 ਹੋਰ ਇਲੈਕਟੋਰੇਟਸ ਜਿੱਤੇ। ਨੌਰਥਲੈਂਡ ਤੋਂ ਲੇਬਰ ਪਾਰਟੀ ਉਮੀਦਵਾਰ ਵਿਲੋ-ਜੀਨ ਪ੍ਰਾਈਮ ਨੇ ਨੈਸ਼ਨਲ ਪਾਰਟੀ ਦੇ ਮੈਟ ਕਿੰਗ ਨੂੰ ਸਿਰਫ਼ 163 ਵੋਟਾਂ ਨਾਲ ਹਰਾ ਕੇ ਚੋਣ ਜਿੱਤੀ। ਫਾਂਗਰੇਈ ਤੋਂ ਐਮਿਲੀ ਹੈਂਡਰਸਨ ਨੇ ਨੈਸ਼ਨਲ ਦੇ ਸ਼ੈਨ ਰੈਟੀ ਨੂੰ 431 ਵੋਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ ਅਤੇ ਜਦੋਂ ਕਿ ਮਾਉਂਗਾਕਾਇਕੀ ਤੋਂ ਪ੍ਰਿਅੰਕਾ ਰਾਧਾਕ੍ਰਿਸ਼ਨਨ ਨੇ ਨੈਸ਼ਨਲ ਦੇ ਡੇਨਿਸ ਲੀ ਉੱਤੇ 635 ਵੋਟਾਂ ਨਾਲ ਜਿੱਤ ਦਰਜ ਕੀਤੀ, ਪਹਿਲਾਂ ਉਹ 580 ਵੋਟਾਂ ਨਾਲ ਹਾਰ ਰਹੀ ਸੀ। ਸ਼ੈਨ ਰੈਟੀ ਸੰਸਦ ਵਿੱਚ ਲਿਸਟ ਐਮਪੀ ਵਜੋਂ ਰਹੇਗਾ, ਪਰ ਡੇਨਿਸ ਲੀ ਅਤੇ ਕਿੰਗ ਸੰਸਦ ਤੋਂ ਬਾਹਰ ਹੋ ਗਏ ਹਨ ਅਤੇ ਪਰ ਮੈਟ ਕਿੰਗ ਦੁਬਾਰਾ ਗਿਣਤੀ ਕਰਵਾਉਣ ਦੀ ਮੰਗ ਕਰਨਗੇ, ਦੁਬਾਰਾ ਗਿਣਤੀ ਕਰਵਾਉਣ ਲਈ ਅਰਜ਼ੀ 11 ਨਵੰਬਰ ਤੱਕ ਦਿੱਤੀ ਜਾ ਸਕਦੀ ਹੈ।
ਰੈਫਰੰਡਮ ਦੇ ਨਤੀਜੇ: ਬੜੇ ਘੱਟ ਫ਼ਰਕ ਤੋਂ ‘ਭੰਗ ਦੇ ਕਾਨੂੰਨੀਕਰਣ’ ਨੂੰ ਮਿਲੀ ‘ਨਾਂਹ’
ਦੋਵੇਂ ਰੈਫਰੰਡਮ ਦੇ ਫਾਈਨਲ ਨਤੀਜੇ ਵਿੱਚ ਕੀਵੀਆਂ ਨੇ ‘ਐਂਡ ਆਫ਼ ਲਾਈਫ਼ ਚੁਆਇਸ ਐਕਟ’ (End Of Life Choice Act) ਦੇ ਹੱਕ ਵਿੱਚ 65.1% (0.1% ਹੇਠਾਂ) ਵੋਟਾਂ ਰਹੀਆਂ ਹਨ ਅਤੇ ਜਦੋਂ ਕਿ ਕੀਵੀਆਂ ਨੇ ਨਿੱਜੀ ਵਰਤੋਂ ਲਈ ਭੰਗ (Cannabis Legalisation And Control Bill) ਨੂੰ ਕਾਨੂੰਨੀ ਤੌਰ ‘ਤੇ ਮਾਨਤਾ ਦੇਣ ਦੇ ਵਿਰੁੱਧ 50.7% (53.1% ਤੋਂ ਹੇਠਾਂ) ਵੋਟਾਂ ਮਿਲੀਆਂ, ਸਿਰਫ਼ 67,662 ਵੋਟਾਂ ਨੇ ਭੰਗ ਨੂੰ ਕਾਨੂੰਨੀ ਤੌਰ ‘ਤੇ ਮਾਨਤਾ ਨਾ ਮਿਲਣ ਦਾ ਰਾਹ ਰੋਕਿਆ।
ਫਾਈਨਲ ਨਤੀਜੇ – ਜਿਸ ਵਿੱਚ 504,625 ਸਪੈਸ਼ਲ ਵੋਟ ਸ਼ਾਮਿਲ ਹਨ, ਜੋ ਕੁੱਲ 17% ਹਨ। ਇਹ ਸੱਤਾਧਾਰੀ ਲੇਬਰ ਪਾਰਟੀ ਦੀ ਸੰਸਦੀ ਬਹੁਮਤ ਨੂੰ ਨਹੀਂ ਬਦਲੇਗਾ ਅਤੇ ਨਾ ਹੀ ਲੇਬਰ-ਗ੍ਰੀਨਜ਼ ਭਾਈਵਾਲੀ ਦੇ ਸਮਝੌਤੇ ਉੱਤੇ ਅਸਰ ਪਵੇਗਾ, ਜਿਸ ‘ਤੇ ਪਹਿਲਾਂ ਦੋਵੇਂ ਪਾਰਟੀਆਂ ਦੇ ਆਗੂਆਂ ਨੇ ਦਸਤਖ਼ਤ ਕੀਤੇ ਹੋਏ ਹਨ, ਉਸ ਨੂੰ ਨਹੀਂ ਬਦਲਿਆ ਜਾਵੇਗਾ।
ਇਸ ਵਾਰ ਦੀਆਂ ਆਮ ਚੋਣਾਂ ਵਿੱਚ 2,919,086 ਵੋਟਾਂ ਪਈਆਂ। ਇਨ੍ਹਾਂ ਵਿੱਚੋਂ 17% ਸਪੈਸ਼ਲ ਵੋਟ ਸਨ ਅਤੇ 68% ਐਡਵਾਂਸ ਵੋਟਾਂ ਪਈਆਂ ਸਨ। ਇਸ ਚੋਣ ਵਿੱਚ ਸਿਰਫ਼ 2% ਸਪੈਸ਼ਲ ਵੋਟਾਂ ਨੂੰ ਹੀ ਨਾਮਨਜ਼ੂਰ ਕੀਤਾ ਗਿਆ ਸੀ। ਪਿਛਲੀਆਂ ਚਾਰ ਚੋਣਾਂ ਵਿੱਚ 6% ਅਤੇ 8.7% ਦੇ ਵਿਚਕਾਰ ਸਪੈਸ਼ਲ ਵੋਟਾਂ ਨੂੰ ਮਨ੍ਹਾ ਕਰ ਦਿੱਤਾ ਗਿਆ ਸੀ। ਚੋਣ ਕਮਿਸ਼ਨ ਅਜੇ ਵੀ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਇਹ ਮਾਮਲਾ ਕਿਉਂ ਹੈ, ਹਾਲਾਂਕਿ ਅਜਿਹਾ ਹੋਣ ਦੇ ਕਾਰਣ ਵੋਟਰਾਂ ਨੂੰ ਚੋਣ ਵਾਲੇ ਦਿਨ ਇੰਰੋਲ (ਦਾਖ਼ਲ) ਹੋਣ ਦੀ ਆਗਿਆ ਦਿੱਤੀ ਜਾ ਸਕਦੀ ਹੈ। 2017 ਵਿੱਚ ਚੋਣਾਂ ਦੇ ਦਿਨ ਨਾਮ ਦਰਜ ਹੋਣ ਕਾਰਣ ਤਕਰੀਬਨ 18,000 ਵੋਟਾਂ ਨੂੰ ਮਨ੍ਹਾ ਕਰ ਦਿੱਤਾ ਗਿਆ ਸੀ। ਸਾਲ 2008 ਤੋਂ ਬਾਅਦ ਅੰਤਿਮ ਦਾਖਲਾ ਦਰ ਸਭ ਤੋਂ ਵੱਧ 94.1% ਸੀ। ਜਦੋਂ ਕਿ 2017 ਵਿੱਚ ਯੋਗ ਵੋਟਰਾਂ ਵਿੱਚੋਂ 92.4% ਇੰਰੋਲ ਹੋਏ ਸਨ।