ਨਿਊਜ਼ੀਲੈਂਡ ‘ਚ ਜਨਰਲ ਇਲੈੱਕਸ਼ਨ 17 ਅਕਤੂਬਰ ਨੂੰ ਕਰਵਾਏ ਜਾਣਗੇ – ਪ੍ਰਧਾਨ ਮੰਤਰੀ ਆਰਡਰਨ

ਵੈਲਿੰਗਟਨ, 17 ਅਗਸਤ – ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਅਗਲੇ ਮਹੀਨੇ ਦੀ 19 ਸਤੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਨੂੰ ਹੁਣ 17 ਅਕਤੂਬਰ ਨੂੰ ਕਰਵਾਉਣ ਦਾ ਫ਼ੈਸਲਾ ਲਿਆ ਹੈ। ਅੱਜ ਸਵੇਰੇ ਫ਼ੈਸਲੇ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਚੋਣਾਂ ਦੇ ਵੇਲੇ ਆਕਲੈਂਡ ‘ਚ ਕੋਵਿਡ -19 ਦਾ ਕਮਿਊਨਿਟੀ ਵਿੱਚ ਮੁੜ ਤੋਂ ਉੱਭਰਨਾ ਚਿੰਤਾ ਦਾ ਕਾਰਣ ਹੈ, ਜਿਸ ਦੇ ਕਰਕੇ ਬਹੁਤੀਆਂ ਸਿਆਸੀ ਪਾਰਟੀਆਂ ਦਾ ਚੋਣ ਪ੍ਰਚਾਰ ਰੁਕਿਆ ਹੋਇਆ ਹੈ। ਸੰਸਦ ਹੁਣ 6 ਸਤੰਬਰ ਨੂੰ ਭੰਗ ਹੋਏਗੀ, ਐਡਵਾਂਸ ਵੋਟਿੰਗ 3 ਅਕਤੂਬਰ ਤੋਂ ਸ਼ੁਰੂ ਹੋਵੇਗੀ ਅਤੇ ਵਿਦੇਸ਼ੀ ਵੋਟਿੰਗ 30 ਸਤੰਬਰ ਤੋਂ ਸ਼ੁਰੂ ਹੋਵੇਗੀ। ਚੋਣਾਂ ਦੇ ਨਾਲ ਹੋਣ ਵਾਲੇ ਦੋਵੇਂ ਰੈਫਰੈਂਡਮ ਵੀ ਅੱਗੇ ਵਧਣਗੇ।
ਜਦੋਂ ਕਿ ਚੋਣ ਕਮਿਸ਼ਨ ਨੇ ਕਿਹਾ ਕਿ ਵੋਟਿੰਗ ਅਲਰਟ ਲੈਵਲ 2 ਦੇ ਤਹਿਤ ਸੁਰੱਖਿਅਤ ਰੂਪ ਨਾਲ ਹੋ ਸਕਦੀ ਹੈ, ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਉਸ ਨੂੰ ਵੋਟਰਾਂ ਦੀ ਭਾਗੀਦਾਰੀ, ਨਿਰਪੱਖਤਾ ਅਤੇ ਨਿਸਚਿਤਤਾ ਦਾ ਵੀ ਧਿਆਨ ਰੱਖਣਾ ਪਵੇਗਾ। ਆਮ ਹਾਲਤਾਂ ਵਿੱਚ ਚੋਣਾਂ ਦੀ ਤਾਰੀਖ਼ ਸਿਰਫ਼ ਪ੍ਰਧਾਨ ਮੰਤਰੀ ‘ਤੇ ਨਿਰਭਰ ਕਰਦੀ ਹੈ ਪਰ ਆਰਡਰਨ ਨੇ ਕਿਹਾ ਕਿ ਚੋਣ ਨੂੰ ਅੱਗੇ ਪਾਉਣਾ ਇਕ ਮਹੱਤਵਪੂਰਨ ਫ਼ੈਸਲਾ ਸੀ ਇਸ ਲਈ ਉਸ ਨੇ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਸਲਾਹ ਮਸ਼ਵਰਾ ਕੀਤਾ। ਉਨ੍ਹਾਂ ਨੇ ਮੰਨਿਆ ਕਿ ਪੂਰੀ ਸਹਿਮਤੀ ਮਿਲਣਾ ਸੰਭਵ ਨਹੀਂ ਸੀ, ਬਹੁਤੇ ਅੱਗੇ ਵਧਾਉਣ ਲਈ ਸਹਿਮਤੀ ਹੋਏ। ਉਨ੍ਹਾਂ ਨੇ ਕਿਹਾ ਕਿ ਆਮ ਚੋਣਾਂ 17 ਅਕਤੂਬਰ ਜਾਂ 21 ਨਵੰਬਰ ਤੱਕ ਵਧਾਉਣ ਬਾਰੇ ਵਿਚਾਰ ਕੀਤਾ, ਪਰ ਬਾਅਦ ‘ਚ ਚੋਣਾਂ 17 ਅਕਤੂਬਰ ਨੂੰ ਕਰਵਾਉਣ ਦਾ ਫ਼ੈਸਲਾ ਲਿਆ। ਉਨ੍ਹਾਂ ਕਿਹਾ ਕਿ ਇਸ ਤੋਂ ਅੱਗੇ ਚੋਣਾਂ ਦੀ ਤਾਰੀਖ਼ ਨਹੀਂ ਵਧਾਈ ਜਾਏਗੀ।
ਉਨ੍ਹਾਂ ਕਿਹਾ ਸੰਸਦ ਭਲਕੇ ਮੁੜ ਗਠਿਤ ਹੋਵੇਗੀ। ਸੰਸਦ 6 ਸਤੰਬਰ ਦਿਨ ਐਤਵਾਰ ਨੂੰ ਭੰਗ ਹੋਵੇਗੀ, ਗਵਰਨਰ ਜਨਰਲ ਨੂੰ ਨਵੀਂ ਤਾਰੀਖ਼ ਦੀ ਸਲਾਹ ਦਿੱਤੀ ਗਈ ਹੈ। ਹੁਣ ਨਵੇਂ ਚੋਣ ਪ੍ਰੋਗਰਾਮ ਮੁਤਾਬਿਕ ਸੰਸਦ 6 ਸਤੰਬਰ ਨੂੰ ਭੰਗ ਹੋਵੇਗੀ, 13 ਸਤੰਬਰ ਨੂੰ ਰਿੱਟ ਡੇਅ ਹੋਵੇਗਾ, 18 ਸਤੰਬਰ ਨੂੰ ਨਾਮਜ਼ਦਗੀਆਂ ਬੰਦ ਹੋ ਜਾਣਗੀਆਂ, 3 ਅਕਤੂਬਰ ਨੂੰ ਐਡਵਾਂਸ ਵੋਟਿੰਗ ਸ਼ੁਰੂ ਹੋਵੇਗੀ, ਰਿੱਟ ਦੀ ਵਾਪਸੀ ਲਈ ਆਖ਼ਰੀ ਦਿਨ 12 ਨਵੰਬਰ ਹੈ ਅਤੇ 17 ਅਕਤੂਬਰ ਨੂੰ ਚੋਣਾਂ ਦਾ ਦਿਨ ਹੋਵੇਗਾ।