ਨਿਊਜ਼ੀਲੈਂਡ ਦੀਆਂ ਕੁੜੀਆਂ ਨੇ ਪਾਕਿਸਤਾਨ ਦੀ ਟੀਮ ਨੂੰ ਦਿੱਤੀ ੩੮-੩੦ ਅੰਕਾਂ ਨਾਲ ਮਾਤ

ਤਰਨਤਾਰਨ, 11 ਦਸੰਬਰ – ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ ਖੇਡੇ ਗਏ ਪੰਜਵੇ ਵਰਲਡ ਕੱਪ ਕਬੱਡੀ ਦੌਰਾਨ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਵਿੱਚ ਵੱਖ-ਵੱਖ ਦੇਸ਼ਾਂ ਦੀਆਂ ਅੱਠ ਟੀਮਾਂ ਵਿਚਕਾਰ ਕਬੱਡੀ ਦੇ ਫਸਵੇਂ ਮੁਕਾਬਲੇ ਖੇਡੇ ਗਏ। ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਨੇ ਕਬੱਡੀ ਮੈਚਾਂ ਦਾ ਪੂਰਾ ਆਨੰਦ ਮਾਣਿਆ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ।
ਅੱਜ ਖੇਡੇ ਗਏ ਤਿੰਨ ਲੜਕਿਆਂ ਅਤੇ ਇਕ ਲੜਕੀਆਂ ਦੇ ਕਬੱਡੀ ਦੇ ਫਸਵੇਂ ਮੁਕਾਬਲੇ ਹੋਏ। ਸਭ ਤੋਂ ਪਹਿਲਾਂ ਖੇਡੇ ਗਏ ਲੜਕਿਆਂ ਦੇ ਮੁਕਾਬਲੇ ਵਿੱਚ ਡੈਨਮਾਰਕ ਦੀ ਟੀਮ ਨੇ ਸਵੀਡਨ ਦੀ ਟੀਮ ਨੂੰ 42 ਅੰਕਾਂ ਦੇ ਮੁਕਾਬਲੇ 45 ਅੰਕਾਂ ਨਾਲ ਹਰਾਇਆ। ਇਸੇ ਤਰ੍ਹਾਂ ਖੇਡੇ ਗਏ ਦੂਸਰੇ ਮੁਕਾਬਲੇ ਵਿੱਚ ਕੈਨੇਡਾ ਦੀ ਟੀਮ ਨੇ ਅਰਜਨਟੀਨਾ ਦੀ ਟੀਮ ਨੂੰ 22 ਦੇ ਮੁਕਾਬਲੇ ੫੯ ਅੰਕਾਂ ਨਾਲ ਹਰਾਇਆ।
ਅੱਜ ਦੇ ਸਭ ਤੋਂ ਫਸਵੇਂ ਮੁਕਾਬਲੇ ਵਿੱਚ ਜੋ ਕਿ ਪਾਕਿਸਤਾਨ ਅਤੇ ਨਿਊਜ਼ੀਲੈਂਡ ਦੀਆਂ ਲੜਕੀਆਂ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜੋ ਪਹਿਲੇ ਅੱਧ ਤੱਕ 17-17 ਅੰਕਾਂ ਨਾਲ ਬਰਾਬਰ ਸੀ ਅਤੇ ਆਖ਼ਰ ਵਿੱਚ ਨਿਊਜ਼ੀਲੈਂਡ ਲੜਕੀਆਂ ਦੀ ਟੀਮ ਨੇ ਪਾਕਿਸਤਾਨ ਨੂੰ 30 ਅੰਕਾਂ ਦੇ ਮੁਕਾਬਲੇ 38 ਅੰਕਾਂ ਨਾਲ ਮਾਤ ਦਿੱਤੀ। ਚੌਥੇ ਅਤੇ ਅਖੀਰਲੇ ਮੈਚ ਵਿੱਚ ਪਾਕਿਸਤਾਨ ਲੜਕਿਆਂ ਦੀ ਟੀਮ ਨੇ ਇੰਗਲੈਂਡ ਨੂੰ 31 ਦੇ ਮੁਕਾਬਲੇ 58 ਅੰਕਾਂ ਨਾਲ ਹਰਾਇਆ।