ਨਿਊਜ਼ੀਲੈਂਡ ਨੇ ਪਹਿਲੀ ਵਾਰ ਨੰਬਰ 1 ਟੈੱਸਟ ਦਰਜਾਬੰਦੀ ਪ੍ਰਾਪਤ ਕੀਤੀ, ਪਾਕਿਸਤਾਨ ਨੂੰ 2-0 ਟੈੱਸਟ ਨਾਲ ਸੀਰੀਜ਼ ਹਰਾਈ

ਕ੍ਰਾਈਸਟਚਰਚ, 7 ਜਨਵਰੀ – ਇੱਥੇ ਬਲੈਕ ਕੈਪਸ ਯਾਨੀ ਮੇਜ਼ਬਾਨ ਨਿਊਜ਼ੀਲੈਂਡ ਨੇ 6 ਜਨਵਰੀ ਨੂੰ ਦੂਸਰੇ ਟੈੱਸਟ ਮੈਚ ਦੇ ਚੌਥੇ ਦਿਨ ਮੇਜ਼ਬਾਨ ਪਾਕਿਸਤਾਨ ਉੱਤੇ 1 ਪਾਰੀ ਅਤੇ 176 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਨਿਊਜ਼ੀਲੈਂਡ ਨੇ ਸੀਰੀਜ਼ ਉੱਤੇ 2-0 ਨਾਲ ਕਬਜ਼ਾ ਕਰਦੇ ਹੋਏ ਟੈੱਸਟ ਦਰਜਾਬੰਦੀ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਗੌਰਤਲਬ ਹੈ ਕਿ ਇਹ ਜਿੱਤ ਉਨ੍ਹਾਂ ਨੂੰ ਇਸ ਸਾਲ ਦੇ ਅੰਤ ਵਿੱਚ ਭਾਰਤ ਜਾਂ ਆਸਟਰੇਲੀਆ ਦੇ ਖ਼ਿਲਾਫ਼ ਲਾਰਡਜ਼ ਵਿਖੇ ਹੋਣ ਵਾਲੀ ਆਈਸੀਸੀ ਵਰਲਡ ਟੈੱਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣ ਦੇ ਲਈ ਬਣਾਈ ਰੱਖਦੀ ਹੈ, ਜਿਸ ਦਾ ਨਤੀਜਾ ਦੋ ਕ੍ਰਿਕਟ ਟੀਮਾਂ (ਭਾਰਤ ਤੇ ਅਸਟਰੇਲੀਆ) ਵਿਚਾਲੇ ਚੱਲ ਰਹੀ ਸੀਰੀਜ਼ ਦੇ ਪੂਰੇ ਮੈਚ ਉੱਤੇ ਲੰਬਿਤ ਹੈ।
ਕੀਵੀ ਟੀਮ ਨੂੰ ਆਈਸੀਸੀ ਦੀ ਟੈੱਸਟ ਦਰਜਾਬੰਦੀ ਵਿੱਚ ਚੋਟੀ ਦਾ ਸਥਾਨ ਪ੍ਰਾਪਤ ਹੋਇਆ ਹੈ। ਇਹ 2003 ਵਿੱਚ ਸ਼ੁਰੂ ਹੋਣ ਤੋਂ ਬਾਅਦ ਟੈੱਸਟ ਦਰਜਾਬੰਦੀ ਦੇ ਸਿਖਰ ‘ਤੇ ਨਿਊਜ਼ੀਲੈਂਡ ਦਾ ਪਹਿਲਾ ਮੌਕਾ ਹੈ ਅਤੇ ਪਿਛੋਕੜ ਵਿੱਚ 1952 ਵਿੱਚ ਵਾਪਸ ਲਾਗੂ ਕੀਤਾ ਗਿਆ ਸੀ।
ਮੇਜ਼ਬਾਨ ਪਾਕਿਸਤਾਨ ਨੇ ਆਪਣੀ ਪਹਿਲੀ ਪਾਰੀ ਵਿੱਚ 297 ਦੌੜਾਂ ਹੀ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਨੇ 659 ਦੌੜਾਂ ‘ਤੇ ਆਪਣੀ ਪਾਰੀ ਐਲਾਨ ਦਿੱਤੀ ਸੀ। ਆਪਣੀ ਦੂਜੀ ਪਾਰੀ ਵਿੱਚ ਪਾਕਿਸਤਾਨ ਦੀ ਟੀਮ ਚੌਥੇ ਦਿਨ ਮਹਿਜ਼ 186 ਦੌੜਾਂ ਬਣਾ ਕੇ ਆਊਟ ਹੋ ਗਈ ਅਤੇ ਮੈਚ ਦੇ ਨਾਲ ਸੀਰੀਜ਼ ਵੀ ਹਾਰ ਗਈ।
ਕੀਵੀ ਕਪਤਾਨ ਕੇਨ ਵਿਲੀਅਮਸਨ ਜੋ ਇਸ ਸਮੇਂ ਵਿਸ਼ਵ ਦਾ ਨੰਬਰ ਇਕ ਟੈੱਸਟ ਬੱਲੇਬਾਜ਼ ਹੈ। ਕਪਤਾਨ ਵਿਲੀਅਮਸਨ ਨੇ 238 ਦੌੜਾਂ ਦੀ ਪਾਰੀ ਖੇਡੀ ਅਤੇ ਆਪਣੇ ਟੈੱਸਟ ਕੈਰੀਅਰ ਦਾ ਚੌਥਾ ਦੋਹਰਾ ਸੈਂਕੜਾ ਲਗਾਉਂਦੇ ਹੋਏ 7000 ਟੈੱਸਟ ਦੌੜਾਂ ਬਣਾਈਆਂ।
ਹਰਫ਼ਨ-ਮੌਲਾ ਆਲ ਰਾਊਂਡਰ ਕਾਇਲ ਜੇਮੀਸਨ ਨੇ ਪਹਿਲੀਆਂ ਵਾਰ 10 ਟੈੱਸਟ ਵਿਕਟਾਂ ਪ੍ਰਾਪਤ ਕੀਤੀਆਂ। ਉਹ 6ਵਾਂ ਨਿਊਜ਼ੀਲੈਂਡਰ ਖਿਡਾਰੀ ਹੈ ਜਿਸ ਨੇ ਟੈੱਸਟ ਮੈਚ ਵਿੱਚ 11 ਵਿਕਟਾਂ ਪ੍ਰਾਪਤ ਕੀਤੀਆਂ।
ਡੈਰਲ ਮਿਸ਼ੇਲ ਨੇ ਵੀ ਆਪਣੇ ਪਹਿਲੇ ਟੈੱਸਟ ਸੈਂਕੜੇ ਦੀ ਸ਼ੁਰੂਆਤ ਕੀਤੀ ਅਤੇ ਹੇਗਲੇ ਓਵਲ ਨੇ ਖ਼ੁਦ ਹੀ ਆਪਣੇ 6 ਫਲੱਡ ਲਾਈਟਾਂ ਲਗਾਉਣ ਦੇ ਲੰਬੇ ਵਿਵਾਦ ਤੋਂ ਬਾਅਦ ਪਹਿਲੀ ਵਾਰ ਰੌਸ਼ਨੀ ਦੀ ਵਰਤੋਂ ਕਰਦਿਆਂ ਜਸ਼ਨ ਮਨਾਇਆ। ਕ੍ਰਾਈਸਟਚਰਚ ਵਿੱਚ ਮਿਲੀ ਜਿੱਤ ਉਨ੍ਹਾਂ ਦੇ ਘਰੇਲੂ ਸਮਰ ਦੇ ਲਈ ਬਲੈਕ ਕੈਪਸ ਦਾ ਆਖ਼ਰੀ ਟੈੱਸਟ ਹੈ। ਕੀਵੀ ਟੀਮ ਹੁਣ ਆਪਣਾ ਧਿਆਨ ਆਸਟਰੇਲੀਆ ਨਾਲ ਅਗਲੇ ਮਹੀਨੇ ਹੋਣ ਵਾਲੀ 5 ਮੈਚਾਂ ਦੀ ਟੀ-20 ਸੀਰੀਜ਼ ਉੱਤੇ ਕੇਂਦਰਿਤ ਕਰੇਗੀ। ਜਦੋਂ ਕਿ ਉਸ ਤੋਂ ਬਾਅਦ ਉਹ ਬੰਗਲਾਦੇਸ਼ ਦੇ ਨਾਲ ਮਾਰਚ ਵਿੱਚ 3 ਵਨਡੇ ਅਤੇ 3 ਟੀ-20 ਮੈਚਾਂ ਦੀ ਸੀਰੀਜ਼ ਖੇਡੇਗੀ।