ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾਇਆ

ਡਾਰਵਿਨ (ਆਸਟਰੇਲੀਆ), 31 ਮਈ – ਇੱਥੇ ਚੱਲ ਰਹੇ ਚਾਰ ਦੇਸ਼ਾਂ ਦੇ ਮਹਿਲਾ ਹਾਕੀ ਟੂਰਨਾਮੈਂਟ ਵਿੱਚ ਨਿਊਜ਼ੀਲੈਂਡ ਨੇ ਭਾਰਤੀ ਮਹਿਲਾ ਹਾਕੀ ਟੀਮ 4-1 ਦੇ ਫ਼ਰਕ ਨਾਲ ਹਰਾ ਦਿੱਤਾ। ਭਾਰਤੀ ਖਿਡਾਰੀਆਂ ਨੇ ਸਕਰਾਤਮਕ ਸ਼ੁਰੂਆਤ ਕੀਤੀ ਪਰ ਨਿਊਜ਼ੀਲੈਂਡ ਨੇ ਛੇਤੀ ਹੀ ਹਮਲਾਵਰ ਰੁਖ਼ ਅਖ਼ਤਿਆਰ ਕਰਦਿਆਂ ਭਾਰਤੀ ਡਿਫੈਂਸ ਲਾਈਨ ‘ਤੇ ਦਬਾਅ ਬਣਾ ਲਿਆ ਅਤੇ ਛੇਵੇਂ ਮਿੰਟ ਵਿੱਚ ਲਗਾਤਾਰ ਪੈਨਲਟੀ ਕਾਰਨਰ ਹਾਸਲ ਕੀਤੇ। ਭਾਰਤੀ ਗੋਲਕੀਪਰ ਸਵਿਤਾ ਨੇ ਦੂਜੇ ਹਮਲੇ ਦਾ ਸ਼ਾਨਦਾਰ ਬਚਾਅ ਕੀਤਾ। ਗਿਆਰਵੇਂ ਮਿੰਟ ਵਿੱਚ ਵੀ ਸਵਿਤਾ ਨੇ ਗੋਲ ਬਚਾਇਆ।
ਨਿਊਜ਼ੀਲੈਂਡ ਟੀਮ ਨੇ ਦੂਜੇ ਕੁਆਰਟਰ ਦੇ 18ਵੇਂ ਮਿੰਟ ਵਿੱਚ ਪੀ. ਹੇਅਵਰਡ ਦੇ ਮੈਦਾਨੀ ਗੋਲ ਨਾਲ ਲੀਡ ਲੈ ਲਈ। ਚੌਥੇ ਅਤੇ ਅੰਤਿਮ ਕੁਆਰਟਰ ਵਿੱਚ ਪੀ. ਹੇਅਵਰਡ ਨੇ 47ਵੇਂ ਮਿੰਟ ਵਿੱਚ ਟੀਮ ਲਈ ਇੱਕ ਹੋਰ ਗੋਲ ਕੀਤਾ। ਇਸ ਤੋਂ ਬਾਅਦ ਅਨੀਤਾ ਮੈਕਲਾਰੇਨ ਨੇ 51ਵੇਂ ਅਤੇ ਪੇਟ੍ਰੀਆ ਵੈਬਸਟਰ ਨੇ 53ਵੇਂ ਮਿੰਟ ਵਿੱਚ ਗੋਲ ਕਰਕੇ ਜਿੱਤ ਦਰਜ ਕੀਤੀ। ਭਾਰਤੀ ਟੀਮ ਵੱਲੋਂ ਇੱਕਲੋਤਾ ਗੋਲ ਅਨੁਰਾਧਾ ਦੇਵੀ ਨੇ ਕੀਤਾ।