ਨਿਊਜ਼ੀਲੈਂਡ ਨੇ ਮੈਚ ਡਰਾਅ ਕਰਕੇ ਇੰਗਲੈਂਡ ਤੋਂ 19 ਸਾਲ ਬਾਅਦ 1-0 ਨਾਲ ਟੈੱਸਟ ਲੜੀ ਜਿੱਤੀ

ਨਿਊਜ਼ਲੈਂਡ ਕ੍ਰਿਕਟ ਟੀਮ ਦੇ ਖਿਡਾਰੀ ਇੰਗਲੈਂਡ ਤੋਂ ੧-੦ ਨਾਲ ਲੜੀ ਜਿਤਣ ਤੋਂ ਬਾਅਦ ਟ੍ਰਾਫੀ ਨਾਲ ਫ਼ੋਟੋ ਖਿਚਵਾਉਂਦੇ ਹੋਏ

ਕ੍ਰਾਈਸਟਚਰਚ, 3 ਅਪ੍ਰੈਲ – ਮੇਜ਼ਬਾਨ ਨਿਊਜ਼ੀਲੈਂਡ ਨੇ ਦੂਜੇ ਕ੍ਰਿਕਟ ਟੈੱਸਟ ਮੈਚ ਦੇ 5ਵੇਂ ਅਤੇ ਆਖ਼ਰੀ ਦਿਨ ਮੈਚ ਡਰਾਅ ਕਰਕੇ ਮਹਿਮਾਨ ਟੀਮ ਇੰਗਲੈਂਡ ਤੋਂ 2 ਟੈੱਸਟ ਮੈਚਾਂ ਦੀ ਲੜੀ 1-0 ਨਾਮ ਜਿੱਤੀ ਲਈ ਹੈ। ਨਿਊਜ਼ੀਲੈਂਡ ਨੇ ਇੰਗਲੈਂਡ ਤੋਂ 19 ਸਾਲਾਂ ਬਾਅਦ ਟੈੱਸਟ ਲੜੀ ਜਿੱਤੀ ਹੈ ਜਦੋਂ ਕਿ ਘਰੇਲੂ ਮੈਦਾਨ ‘ਤੇ ਇਹ ਉਸ ਦੀ 34 ਸਾਲ ਮਗਰੋਂ ਪਹਿਲੀ ਜਿੱਤ ਹੈ। ਕੀਵੀ ਟੀਮ ਨੇ 1999 ਤੋਂ ਬਾਅਦ ਇੰਗਲੈਂਡ ਖ਼ਿਲਾਫ਼ ਇਹ ਪਹਿਲੀ ਟੈੱਸਟ ਲੜੀ ਜਿੱਤੀ ਹੈ, ਜਦੋਂ ਕਿ ਘਰੇਲੂ ਮੈਦਾਨ ‘ਤੇ 1983-84 ਬਾਅਦ ਪਹਿਲੀ ਟੈੱਸਟ ਲੜੀ ‘ਤੇ ਕਬਜ਼ਾ ਕੀਤਾ ਹੈ। ਜ਼ਿਕਰਯੋਗ ਹੈ ਕਿ 2 ਟੈੱਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਆਕਲੈਂਡ ਦੇ ਈਡਨ ਪਾਰਕ ਗਰਾਊਂਡ ਵਿਖੇ ‘ਗੁਲਾਬੀ ਰੰਗ’ (ਪਿੰਕ) ਦੀ ਬਾਲ ਨਾਲ ਡੇਅ-ਨਾਈਟ ਖੇਡਿਆ ਗਿਆ ਸੀ, ਜਿਸ ਵਿੱਚ ਕੀਵੀ ਟੀਮ ਨੇ ਇੰਗਲੈਂਡ ਦੀ ਟੀਮ ਉੱਤੇ ਪਾਰੀ ਅਤੇ 49 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ, ਜੋ ਕੀਵੀ ਟੀਮ ਨੂੰ 1-0 ਨਾਲ ਲੜੀ ਜਿਤਾਉਣ ਵਿੱਚ ਮਦਦਗਾਰ ਸਾਬਤ ਹੋਈ।
ਦੂਜੇ ਟੈੱਸਟ ਮੈਚ ਦੇ ਆਖ਼ਰੀ ਦਿਨ ਹੇਠਲੇ ਕ੍ਰਮ ਦੇ ਕੀਵੀ ਬੱਲੇਬਾਜ਼ ਈਸ਼ ਸੋਢੀ ਨੇ ਸ਼ਾਨਦਾਰ ਅਰਧ ਸੈਂਕੜਾ (ਨਾਬਾਦ 56 ਦੌੜਾਂ) ਬਣਾਇਆ ਅਤੇ ਟੀਮ ਨੂੰ ਲੜੀ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਦੂਜਾ ਟੈੱਸਟ ਮੈਚ ਨਾਟਕੀ ਢੰਗ ਨਾਲ ਬੱਲੇਬਾਜ਼ ਈਸ਼ ਸੋਢੀ ਅਤੇ ਨੀਲ ਵੈਗਨਰ ਨੇ ਡਰਾਅ ਕਰਵਾਇਆ। ਇੰਗਲੈਂਡ ਉਸ ਸਮੇਂ ਜਿੱਤ ਤੋਂ ਸਿਰਫ਼ ਚਾਰ ਵਿਕਟਾਂ ਦੂਰ ਸੀ ਜਦੋਂ ਚਾਹ ਤੋਂ ਪਹਿਲਾਂ ਦੂਜੀ ਨਵੀਂ ਗੇਂਦ ਲਿਆਉਂਦੀ ਗਈ, ਪਰ ਮਹਿਮਾਨ ਟੀਮ ਸਿਰਫ਼ ਇੱਕ ਵਿਕਟ ਹੋਰ ਲੈ ਸਕੀ। ਕੋਲਿਨ ਡਿ ਗ੍ਰੈਂਡਹੋਮੇ ਵਜੋਂ ਨਿਊਜ਼ੀਲੈਂਡ ਨੇ 7ਵੀਂ ਵਿਕਟ ਗੁਆਈ, ਜਿਸ ਮਗਰੋਂ ਇਸ ਜੋੜੀ ਨੇ 188 ਗੇਂਦਾਂ ਵਿੱਚ 37 ਦੌੜਾਂ ਹੀ ਬਣਾਈਆਂ, ਜਦੋਂ ਕਿ ਉਸ ਸਮੇਂ ਆਲ ਆਊਟ ਹੋਣ ਤੋਂ ਬਚਣਾ ਜ਼ਰੂਰੀ ਸੀ। ਵੈਗਨਰ 7 ਦੌੜਾਂ ਬਣਾ ਕੇ ਆਊਟ ਹੋਇਆ, ਜਦੋਂ ਕਿ ਖ਼ਰਾਬ ਰੌਸ਼ਨੀ ਕਾਰਨ ਖੇਡ 8 ਗੇਂਦਾਂ ਰਹਿੰਦੇ ਪਹਿਲਾਂ ਹੀ ਖ਼ਤਮ ਕਰਨਾ ਪਿਆ। ਇਸ ਡਰਾਅ ਕਾਰਨ ਨਿਊਜ਼ੀਲੈਂਡ ਨੇ ਲੜੀ ਉੱਤੇ 19 ਸਾਲ ਬਾਅਦ ਕਬਜ਼ਾ ਕੀਤਾ। ਇਸ ਹਾਰ ਦੇ ਨਾਲ ਹੀ ਇੰਗਲੈਂਡ ਦਾ ਵਿਦੇਸ਼ੀ ਧਰਤੀ ‘ਤੇ ਜਿੱਤ ਤੋਂ ਵਿਰਵਾ ਰਹਿਣ ਦਾ ਸਿਲਸਿਲਾ 13 ਟੈੱਸਟ ਹੋ ਗਿਆ ਹੈ। ਇਸ ਤੋਂ ਪਹਿਲਾਂ ਸਵੇਰੇ ਸਟੂਅਰਟ ਬ੍ਰਾਡ ਨੇ ਪਹਿਲੀਆਂ ਦੋ ਗੇਂਦਾਂ ‘ਤੇ ਜੀਤ ਰਾਵਲ ਅਤੇ ਕੇਨ ਵਿਲੀਅਮਸਨ ਨੂੰ ਆਊਟ ਕਰਕੇ ਨਿਊਜ਼ੀਲੈਂਡ ਨੂੰ ਹਾਰ ਦੇ ਕੰਢੇ ‘ਤੇ ਲਿਆ ਦਿੱਤਾ ਸੀ। ਇਸ ਮਗਰੋਂ ਲਗਾਤਾਰ ਵਿਕਟਾਂ ਡਿਗਦੀਆਂ ਰਹੀਆਂ। ਰੋਸ ਟੇਲਰ ਨੇ ਬ੍ਰਾਡ ਨੂੰ ਹੈਟ੍ਰਿਕ ਨਹੀਂ ਮਾਰਨ ਦਿੱਤੀ, ਪਰ 13 ਦੌੜਾਂ ਬਣਾ ਕੇ ਆਊਟ ਹੋ ਗਿਆ। ਮੈਚ ਡਰਾਅ ਹੋਣ ਦਾ ਕਾਰਣ ਇੰਗਲੈਂਡ ਦੀ ਖ਼ਰਾਬ ਕੈਚਿੰਗ ਵੀ ਰਹੀ, ਮੈਚ ਦੇ ਆਖ਼ਰੀ ਦਿਨ ਇੰਗਲੈਂਡ ਦੇ ਖਿਡਾਰੀਆਂ ਨੇ ਚਾਰ ਕੈਚਾਂ ਛੱਡੀਆਂ ਜਿਸ ਦੇ ਕਰਕੇ ਮੈਚ ਡਰਾਅ ਵੱਲ ਨੂੰ ਧੱਕਿਆ ਗਿਆ, ਨਹੀਂ ਤਾਂ ਰਿਜ਼ਲਟ ਕੁੱਝ ਹੋਰ ਹੀ ਹੋਣਾ ਸੀ।