ਨਿਊਜ਼ੀਲੈਂਡ ਨੇ ਵੈਸਟ ਇੰਡੀਜ਼ ਨੂੰ ਦੂਜਾ ਟੈੱਸਟ ਹਰਾ ਕੇ ਸੀਰੀਜ਼ ‘ਤੇ ਕਬਜ਼ਾ ਕੀਤਾ

ਹੈਮਿਲਟਨ, 13 ਦਸੰਬਰ – ਇੱਥੇ ਦੂਜੇ ਟੈੱਸਟ ਮੈਚ ‘ਚ ਮੇਜ਼ਬਾਨ ਨਿਊਜ਼ੀਲੈਂਡ ਨੇ ਮਹਿਮਾਨ ਟੀਮ ਵੈਸਟ ਇੰਡੀਜ਼ ਨੂੰ 240 ਦੌੜਾਂ ਨਾਲ ਹਰਾ ਕੇ ਲੜੀ ਉੱਤੇ ਆਪਣਾ ਕਬਜ਼ਾ ਕਰ ਲਈ ਹੈ। ਨਿਊਜ਼ੀਲੈਂਡ ਨੂੰ ਜਿੱਤ ਦਿਵਾਉਣ ‘ਚ ਨੀਲ ਵੈਗਨਰ ਦੀ ਸ਼ਾਨਦਾਰ ਗੇਂਦਬਾਜ਼ੀ ਰਹੀ, ਉਸ ਨੇ ੩ ਵਿਕਟਾਂ ਲਈਆਂ।
ਨਿਊਜ਼ੀਲੈਂਡ ਵੱਲੋਂ ਜਿੱਤ ਲਈ ਮਿਲੇ 444 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵੈਸਟ ਇੰਡੀਜ਼ ਦੀ ਟੀਮ ਚੌਥੇ ਦਿਨ ਚਾਹ ਦੇ ਸਮੇਂ ਤੱਕ 4 ਵਿਕਟਾਂ ਦੇ ਨੁਕਸਾਨ ਨਾਲ 203 ਦੌੜਾਂ ਹੀ ਬਣਾ ਸਕੀ। ਮਹਿਮਾਨ ਟੀਮ ਲਈ ਰੋਸਟਨ ਚੇਜ਼ ਨੇ ਸਭ ਤੋਂ ਵੱਧ 64 ਦੌੜਾਂ ਬਣਾਈਆਂ। ਹੇਠਲੇ ਕ੍ਰਮ ਵਿੱਚ ਕੇਮਰ ਰੋਚ ਤੇ ਰੇਮਨ ਰਾਈਫਰ ਨੇ ਕ੍ਰਮਵਾਰ 32 ਤੇ 29 ਦੌੜਾਂ ਦਾ ਯੋਗਦਾਨ ਪਾਇਆ। ਵੈਸਟ ਇੰਡੀਜ਼  ਬੱਲੇਬਾਜ਼ ਸੁਨੀਲ ਅੰਬਰੀਸ਼ (ਨਾਬਾਦ 5 ਦੌੜਾਂ) ਸੱਟ ਲੱਗਣ ਕਰਕੇ ਅੱਗੇ ਬੱਲੇਬਾਜ਼ੀ ਨਹੀਂ ਕਰ ਸਕਿਆ ਤੇ ਉਸ ਨੂੰ ਮੈਦਾਨ ‘ਚੋਂ ਬਾਹਰ ਜਾਣਾ ਪਿਆ। ਮੇਜ਼ਬਾਨ ਟੀਮ ਲਈ ਵੈਗਨਰ ਨੇ 3 ਜਦੋਂ ਕਿ ਟਿਮ ਸਾਊਦੀ, ਟਰੈਂਟ ਬੋਲਟ ਤੇ ਮਿਸ਼ੇਲ ਸੈਂਟਨਰ ਨੇ 2-2 ਵਿਕਟਾਂ ਲਈਆਂ। ਵੈਗਨਰ ਦੀ ਗੇਂਦ ‘ਤੇ ਹੀ ਅੰਬਰੀਸ਼ ਨੂੰ ਬਾਂਹ ‘ਤੇ ਸੱਟ ਲੱਗਣ ਕਰਕੇ ਹਸਪਤਾਲ ਜਾਣਾ ਪਿਆ। ਇਕ ਹੋਰ ਵੈਸਟ ਇੰਡੀਅਨ ਬੱਲੇਬਾਜ਼ ਸ਼ਾਈ ਹੋਪ ਨੂੰ ਵੀ ਵੈਗਨਰ ਦੀ ਗੇਂਦ ਲੱਗਣ ਕਰਕੇ ਫ਼ਸਟ ਏਡ ਲੈਣੀ ਪਈ ਸੀ। ਨਿਊਜ਼ੀਲੈਂਡ ਦੀ ਦੂਜੀ ਪਾਰੀ ਵਿੱਚ ਨਾਬਾਦ 107 ਦੌੜਾਂ ਬਣਾਉਣ ਵਾਲੇ ਰੋਸ ਟੇਲਰ ਨੂੰ ‘ਮੈਨ ਆਫ਼ ਦਿ ਮੈਚ’ ਐਲਾਨਿਆ ਗਿਆ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਨੇ ਪਹਿਲਾ ਟੈੱਸਟ ਪਾਰੀ ਦੇ ਫ਼ਰਕ ਨਾਲ ਜਿੱਤਿਆ ਸੀ।