ਨਿਊਜ਼ੀਲੈਂਡ ਨੇ ਵੈਸਟ ਇੰਡੀਜ਼ ਨੂੰ 1 ਪਾਰੀ ਅਤੇ 12 ਦੌੜਾਂ ਨਾਲ ਦੂਜਾ ਟੈੱਸਟ ਮੈਚ ਹਰਾ ਜੇ ਸੀਰੀਜ਼ ‘ਤੇ ਕਬਜ਼ਾ ਕੀਤਾ

ਵੈਲਿੰਗਟਨ, 15 ਦਸੰਬਰ – 14 ਦਸੰਬਰ ਨੂੰ ਨਿਊਜ਼ੀਲੈਂਡ ਨੇ ਵੈਸਟ ਇੰਡੀਜ਼ ਨੂੰ ਦੂਜਾ ਟੈੱਸਟ ਮੈਚ 1 ਪਾਰੀ ਅਤੇ 12 ਦੌੜਾਂ ਨਾਲ ਹਰਾ ਦਿੱਤਾ ਅਤੇ ਸੀਰੀਜ਼ ਉੱਤੇ 2-0 ਨਾਲ ਕਬਜ਼ਾ ਕਰ ਲਿਆ। ਨਿਊਜ਼ੀਲੈਂਡ ਸੀਰੀਜ਼ ਦੀ ਇਸ ਜਿੱਤ ਨਾਲ ਟੈੱਸਟ ਕ੍ਰਿਕਟ ਦੀ ਮੋਹਰੀ ਟੀਮ ਬਣ ਗਈ ਹੈ ਜੋ ਆਸਟਰੇਲੀਆ ਨਾਲ ਸਾਂਝੇ ਤੌਰ ‘ਤੇ ਪਹਿਲੇ ਸਥਾਨ ਉੱਤੇ ਕਾਬਜ਼ ਹੋ ਗਈ ਹੈ।
ਨਿਊਜ਼ੀਲੈਂਡ ਦੀ ਬਲੈਕ ਕੈਪ ਟੀਮ ਨੇ ਪਹਿਲੀ ਪਾਰੀ ਵਿੱਚ 460 ਦੌੜਾਂ ਬਣਾਈਆਂ ਸਨ। ਜਿਸ ਦੇ ਜਵਾਬ ਵਿੱਚ ਵੈਸਟ ਇੰਡੀਜ਼ ਦੀ ਪੂਰੀ ਟੀਮ ਪਹਿਲੀ ਪਾਰੀ ਵਿੱਚ 131 ਦੌੜਾਂ ਉੱਤੇ ਆਊਟ ਹੋ ਗਈ ਅਤੇ ਫਾਲੋਆਨ ਨਾ ਬਚਾ ਸਕੀ ਅਤੇ ਫਾਲੋਆਨ ਤੋਂ ਬਾਅਦ ਵੀ ਆਪਣੀ ਦੂਜੀ ਪਾਰੀ ਵਿੱਚ ਉਸ ਨੇ ਭਾਵੇਂ 317 ਦੌੜਾਂ ਬਣਾਈਆਂ। ਪਰ ਉਹ ਬਲੈਕ ਕੈਪ ਟੀਮ ਨੂੰ ਵੱਡੀ ਜਿੱਤ ਪ੍ਰਾਪਤ ਕਰਨ ਤੋਂ ਨਾ ਰੋਕ ਸਕੀ ਅਤੇ ਵੈਸਟ ਇੰਡੀਜ਼ ਨੂੰ 1 ਪਾਰੀ ਅਤੇ 12 ਦੌੜਾਂ ਨਾਲ ਹਾਰ ਦਾ ਮੂੰਹ ਵੇਖਣਾ ਪਿਆ। ਕੀਵੀ ਖਿਡਾਰੀ ਹੈਨਰੀ ਨਿਕੋਲਸ ਨੂੰ ‘ਮੈਨ ਆਫ਼ ਦਿ ਮੈਚ’ ਐਲਾਨਿਆ ਗਿਆ, ਜਿਸ ਨੇ 174 ਦੌੜਾਂ ਦਾ ਯੋਗਦਾਨ ਪਾਇਆ।