ਨਿਊਜ਼ੀਲੈਂਡ ਪਹਿਲੀ ਵਾਰ ਫਾਈਨਲ ‘ਚ ਪੁੱਜਾ, ਦੱਖਣੀ ਅਫ਼ਰੀਕਾ ਨੂੰ ਹਰਾ 4 ਵਿਕਟਾਂ ਨਾਲ ਦਿੱਤੀ ਮਾਤ

11082660_796302230463239_8325513238847014029_n11076246_10203516860312092_6113122709486284126_nਗਰਾਂਟ ਇਲੀਅਟ ਨੇ ਛੱਕੇ ਨਾਲ ਇਤਿਹਾਸਕ ਜਿੱਤ ਦਰਜ ਕੀਤੀ
ਆਕਲੈਂਡ – ਇੱਥੇ ਦੇ ਈਡਨ ਪਾਰਕ ਵਿਖੇ 24 ਮਾਰਚ ਨੂੰ ਖੇਡੇ ਗਏ ਵਿਸ਼ਵ ਕ੍ਰਿਕਟ ਕੱਪ 2015 ਦੇ ਪਹਿਲੇ ਸੈਮੀ ਫਾਈਨਲ ਵਿੱਚ ਨਿਊਜ਼ੀਲੈਂਡ ਨੇ ਦੱਖਣੀ ਅਫ਼ਰੀਕਾ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਫਾਈਨਲ ਵਿੱਚ ਥਾਂ ਬਣਾਈ ਹੈ। ਨਿਊਜ਼ੀਲੈਂਡ ਦੇ ਬੱਲੇਬਾਜ਼ ਗਰਾਂਟ ਇਲੀਅਟ ਨੇ ਮੈਚ ਦੀ ਸੈਕਿੰਡ ਲਾਸਟ ਬਾਲ ‘ਤੇ ਛੱਕਾ ਮਾਰ ਕੇ ਟੀਮ ਅਤੇ ਦੇਸ਼ ਵਾਸੀਆਂ ਦਾ ਸੁਪਨਾ ਪੂਰਾ ਕੀਤਾ। ਗੌਰਤਲਬ ਹੈ ਕਿ ਨਿਊਜ਼ੀਲੈਂਡ ਸੱਤਵੀਂ ਵਾਰ ਸੈਮੀ ਫਾਈਨਲ ਵਿੱਚ ਪੁੱਜੀ ਸੀ ਤੇ ਇਸ ਵਾਰ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਹੀ।
ਦੱਖਣੀ ਅਫ਼ਰੀਕਾ ਦਾ ਫਾਈਨਲ ਵਿੱਚ ਪੁੱਜਣ ਦਾ ਸੁਪਨਾ ਉਸ ਵੇਲੇ ਟੁੱਟ ਗਿਆ ਜਦੋਂ ਤੇਜ਼ ਗੇਂਦਬਾਜ਼ ਡੇਲ ਸਟੇਨ ਮੈਚ ਦਾ ਆਖ਼ਰੀ ਓਵਰ ਕਰ ਰਿਹਾ ਸੀ ਤੇ ਓਵਰ ਦੀ ਪੰਜਵੀਂ ਗੇਂਦ ‘ਤੇ ਗਰਾਂਟ ਇਲੀਅਟ ਨੇ ਜੇਤੂ ਛੱਕਾ ਮਾਰ ਦਿੱਤਾ। ਮੀਂਹ ਤੋਂ ਪ੍ਰਭਾਵਿਤ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਦੱਖਣੀ ਅਫ਼ਰੀਕਾ ਨੇ 43 ਓਵਰਾਂ ਵਿੱਚ ਪੰਜ ਵਿਕਟਾਂ ‘ਤੇ 281 ਦੌੜਾਂ ਬਣਾਈਆਂ। ਮੀਂਹ ਕਾਰਨ ਨਿਊਜ਼ੀਲੈਂਡ ਟੀਮ ਨੂੰ ਡਕਵਰਥ ਲੁਈਸ ਪ੍ਰਣਾਲੀ ਦੇ ਆਧਾਰ ‘ਤੇ ਜਿੱਤ ਲਈ 43 ਓਵਰਾਂ ਵਿੱਚ 298 ਦੌੜਾਂ ਦਾ ਟੀਚਾ ਮਿਲਿਆ, ਕਿਉਂਕਿ ਮੈਚ ਨੂੰ 50 ਓਵਰਾਂ ਦੀ ਥਾਂ 43 ਓਵਰ ਦਾ ਕਰ ਦਿੱਤਾ ਗਿਆ। ਮੀਂਹ ਰੁਕਣ ਤੋਂ ਦੱਖਣੀ ਅਫ਼ਰੀਕਾ ਨੂੰ ਪੰਜ ਓਵਰ ਹੋਰ ਖੇਡਣ ਨੂੰ ਮਿਲੇ, ਜਿਸ ਵਿੱਚ ਉਸ ਨੇ ਆਪਣੇ ਸਕੋਰ ਨੂੰ 281 ਦੌੜਾਂ ਤਕ ਪਹੁੰਚਾਇਆ। 298 ਦੌੜਾਂ ਦੇ ਮਿਲੇ ਟੀਚੇ ਨੂੰ ਸਰ ਕਰਨ ਉੱਤਰੀ ਨਿਊਜ਼ੀਲੈਂਡ ਦੀ ਟੀਮ ਨੇ ਮੈਚ ਦੀ ਇਕ ਗੇਂਦ ਬਾਕੀ ਰਹਿੰਦਿਆਂ ਛੇ ਵਿਕਟਾਂ ‘ਤੇ 299 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਅਤੇ ਦੱਖਣੀ ਅਫ਼ਰੀਕਾ ਦਾ ਪਹਿਲੀ ਵਾਰ ਫਾਈਨਲ ਵਿੱਚ ਪੁੱਜਣ ਦਾ ਸੁਪਨਾ ਤੋੜ ਕੇ ਆਪਣਾ ਸੁਪਨਾ ਪੂਰਾ ਕਰਦੇ ਹੋਏ ਇਤਿਹਾਸ ਸਿਰਜ ਦਿੱਤਾ।
ਦੱਖਣੀ ਅਫ਼ਰੀਕਾ ਨਾਲ ਇਹ ਦੂਜੀ ਵਾਰ ਹੋਇਆ ਜਦੋਂ ਮੀਂਹ ਪ੍ਰਭਾਵਿਤ ਸੈਮੀ ਫਾਈਨਲ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ ਜਦੋਂ ਸਾਲ 1992 ਵਿੱਚ ਇੰਗਲੈਂਡ ਹੋਏ ਮੈਚ ਦੌਰਾਨ ਮੀਂਹ ਕਾਰਨ ਮੈਚ ਰੋਕਣਾ ਪਿਆ ਸੀ ਤੇ ਜਦੋਂ ਮੁੜ ਮੈਚ ਸ਼ੁਰੂ ਹੋਇਆ ਤਾਂ ਉਸ ਨੂੰ ਜਿੱਤ ਲਈ ਇਕ ਗੇਂਦ ‘ਤੇ 22 ਦੌੜਾਂ ਦਾ ਬਣਾਉਣ ਦਾ ਟੀਚਾ ਮਿਲਿਆ, ਜੋ ਅਸੰਭਵ ਸੀ।