ਨਿਰਯਾਤ ਅਗਲੇ ਮਹੀਨੇ ਮੁੜ ਲੀਹ ‘ਤੇ ਆ ਜਾਵੇਗਾ – ਆਨੰਦ ਸ਼ਰਮਾ

ਕੋਲੰਬੋ, 4 ਅਗਸਤ (ਏਜੰਸੀ) – ਵਣਜ ਅਤੇ ਉਦਯੋਗ ਮੰਤਰੀ ਆਨੰਦ ਸ਼ਰਮਾ ਨੇ ਆਖਿਆ ਹੈ ਕਿ ਅਗਲੇ ਮਹੀਨੇ ਤੋਂ ਬਾਅਦ ਨਿਰਯਾਤ ਮੁੜ ਤੋਂ ਪਟੜੀ ‘ਤੇ ਆ ਜਾਵੇਗਾ। ਇੰਡੀਆ ਸ਼ੋਅ ਤੇ ਸੀ. ਈ. ਓ. ਫੋਰਮ ਵਿੱਚ ਹਿੱਸਾ ਲੈਣ ਲਈ ਸ੍ਰੀਲੰਕਾ ਪਹੁੰਚੇ ਸ੍ਰੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੇਰੀ ਰਾਏ ਨਾਲ ਜਿਹੜੇ ਕਦਮ…… ਚੁੱਕੇ ਗਏ ਹਨ ਅਤੇ ਜਿਹੜੇ ਐਲਾਨ ਕੀਤੇ ਗਏ ਹਨ ਉਸ ਨਾਲ ਨਿਰਯਾਤ ਮੁੜ ਤੋਂ ਪ੍ਰਫੁਲਿਤ ਹੋਵੇਗਾ।
ਜ਼ਿਕਰਯੋਗ ਹੈ ਕਿ ਪੱਛਮੀ ਬਾਜ਼ਾਰਾਂ ਵਿੱਚ ਨਰਮੀ ਦੇ ਚਲਦਿਆਂ ਭਾਰਤ ਦੀ ਨਿਰਯਾਤ ਵਾਧਾ ਦਰ ਜੂਨ ਵਿੱਚ 5.45 ਫੀਸਦੀ ਘਟ ਕੇ 25 ਅਰਬ ਡਾਲਰ ਰਹਿ ਗਿਆ। ਆਯਾਤ ਵੀ 13.46 ਫੀਸਦੀ ਘਟ ਕੇ 35.37 ਅਰਬ ਡਾਲਰ ਰਹਿ ਗਿਆ। ਜਿਸ ਦੇ ਸਿਟੇ ਵਜੋਂ ਵਪਾਰ ਘਾਟਾ ਘਟ ਕੇ 10.3 ਅਰਬ ਡਾਲਰ ਰਹਿ ਗਿਆ। ਵਣਜ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਅਪ੍ਰੈਲ ਤੋਂ ਜੂਨ 2012-13 ਵਿੱਚ ਨਿਰਯਾਤ ਕਾਰੋਬਾਰ 1.7 ਫੀਸਦੀ ਘਟ ਕੇ 75.2 ਅਰਬ ਡਾਲਰ ਰਹਿ ਗਿਆ, ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ 76.5 ਅਰਬ ਡਾਲਰ ਰਿਹਾ ਸੀ।