ਨੇਪਾਲ ਤੇ ਭਾਰਤ ‘ਚ ਮੁੜ ਭੁਚਾਲ

ਆਕਲੈਂਡ (ਕੂਕ ਸਮਾਚਾਰ), 12 ਮਈ – ਨੇਪਾਲ ‘ਚ ਆਏ ਭੁਚਾਲ ਦੇ 17 ਦਿਨ ਬਾਅਦ ਅੱਜ ਦੁਪਹਿਰ ਨੂੰ ਐਵਰੈਸਟ ਥਰਸਟ ਫਾਲਟ ਵਿੱਚ ਹਲਚਲ ਹੋਣ ਨਾਲ ਭਾਰਤ ਦੇ ਕਈ ਹਿੱਸੀਆਂ ਸਣੇ ਨੇਪਾਲ, ਬੰਗਲਾਦੇਸ਼, ਚੀਨ, ਮਿਅਮਾਰ, ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਵਿੱਚ ਜ਼ੋਰਦਾਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੁਚਾਲ ਨਾਲ ਨੇਪਾਲ ਵਿੱਚ 57 ਅਤੇ ਭਾਰਤ ਵਿੱਚ 50 ਵਿਅਕਤੀਆਂ ਦੇ ਮਰਨ ਦੀ ਖ਼ਬਰ ਹੈ।
ਭੁਚਾਲ ਦਾ ਕੇਂਦਰ ਨੇਪਾਲ ਅਤੇ ਅਫ਼ਗ਼ਾਨਿਸਤਾਨ ਸਨ। ਨੇਪਾਲ ਵਿੱਚ ਇਸ ਦੇ ਦੋ ਕੇਂਦਰ ਜਿਸ ਵਿੱਚ ਇੱਕ ਦੀ ਤੀਬਰਤਾ ਰਿਐਕਟਰ ਪੈਮਾਨੇ ਉੱਤੇ 7.4 ਅਤੇ ਦੂਜੇ ਦੀ 6.2 ਮਿਣੀ ਗਈ ਹੈ। ਇਸ ਦਾ ਇੱਕ ਕੇਂਦਰ ਨੇਪਾਲ ਦੇ ਕੋਡਾਰੀ ਵਿੱਚ ਜ਼ਮੀਨ ਤੋਂ 19 ਕਿੱਲੋਮੀਟਰ ਹੇਠਾਂ ਸੀ। ਉੱਥੇ ਹੀ ਅਫ਼ਗ਼ਾਨਿਸਤਾਨ ਵਿੱਚ ਭੁਚਾਲ ਦੀ ਤੀਬਰਤਾ ਰਿਐਕਟਰ……. ਪੈਮਾਨੇ ਉੱਤੇ 6.9 ਮਿਣੀ ਗਈ ਹੈ। ਭੁਚਾਲ ਦੇ ਤੇਜ ਝਟਕਿਆਂ ਤੋਂ ਇੱਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਕਾਇਮ ਹੋ ਗਿਆ ਅਤੇ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਸੜਕਾਂ ਉੱਤੇ ਅਤੇ ਖੁੱਲ੍ਹੇ ਮੈਦਾਨਾਂ ਵਿੱਚ ਆ ਗਏ।
ਭਾਰਤੀ ਸਮੇਂ ਅਨੁਸਾਰ ਦੁਪਹਿਰ ਕਰੀਬ 12.35 ਮਿੰਟ ਉੱਤੇ ਦਿੱਲੀ, ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਰਾਜਸਥਾਨ, ਪੱਛਮ ਬੰਗਾਲ, ਬਿਹਾਰ, ਮਧੱਪ੍ਰਦੇਸ਼, ਮਹਾਰਾਸ਼ਟਰ, ਉੱਤਰਾਖੰਡ, ਉੜੀਸਾ, ਅਸਮ ਅਤੇ ਉੱਤਰ ਪ੍ਰਦੇਸ਼ ਵਿੱਚ ਭੁਚਾਲ ਦੇ ਤੇਜ ਝਟਕੇ ਮਹਿਸੂਸ ਕੀਤੇ ਗਏ। ਇਸ ਦੇ ਬਾਅਦ ਇੱਕ ਵਾਰ ਮੁੜ 1.09 ਮਿੰਟ ਉੱਤੇ ਭੁਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ।
ਭੁਚਾਲ ਦੇ ਝਟਕਿਆਂ ਦੇ ਬਾਅਦ ਦਿੱਲੀ ਅਤੇ ਕੋਲਕਾਤਾ ਵਿੱਚ ਮੈਟਰੋ ਸੇਵਾ ਰੋਕ ਦਿੱਤੀ ਗਈ ਹੈ ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ 25 ਤਾਰੀਖ਼ ਨੂੰ ਆਏ ਭੁਚਾਲ ਨੇ ਨੇਪਾਲ ਨੂੰ ਤਬਾਹ ਕਰ ਦਿੱਤਾ ਸੀ। ਇਸ ਵਿੱਚ ੮ ਹਜਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਲੱਖਾਂ ਲੋਕ ਬੇਘਰ ਹੋ ਗਏ ਸਨ। ਉਦੋਂ ਤੋਂ ਲੈ ਕੇ ਹੁਣ ਤੱਕ ਨੇਪਾਲ ਅਤੇ ਭਾਰਤ ਵਿੱਚ ਕਈ ਭੁਚਾਲ ਦੇ ਝਟਕੇ ਆ ਚੁੱਕੇ ਹਨ।
ਭੁਚਾਲ ਦਾ ਮੁੱਖ ਕੇਂਦਰ – ਭੁਚਾਲ ਦਾ ਕੇਂਦਰ ਨੇਪਾਲ-ਚੀਨ ਸੀਮਾ ਦੇ ਕੋਲ ਚੀਨ ਤੋਂ ਕਰੀਬ 22 ਕਿੱਲੋਮੀਟਰ ਦੂਰ ਅਤੇ ਕਾਠਮੰਡੂ ਤੋਂ ਕਰੀਬ ੭੦ ਕਿੱਲੋਮੀਟਰ ਦੂਰ ਸੀ ਅਤੇ ਐਵਰੈਸਟ ਬੇਸ ਕੈਂਪ ਦੇ ਕੋਲ ਸੀ।