ਨੈਸ਼ਨਲ ਦੀ ਨਵੀਂ ਪਾਰਟੀ ਲੀਡਰ ਜੂਠਿਤ ਕੌਲਿਨਜ਼ ਤੇ ਡਿਪਟੀ ਲੀਡਰ ਗੈਰੀ ਬ੍ਰਾਊਨਲੀ ਬਣੇ

ਵੈਲਿੰਗਟਨ, 15 ਜੁਲਾਈ – 14 ਜੁਲਾਈ ਦਿਨ ਮੰਗਲਵਾਰ ਨੈਸ਼ਨਲ ਪਾਰਟੀ ਲਈ ਬੜਾ ਹੀ ਸਟ੍ਰੈੱਸ ਵਾਲਾ ਰਿਹਾ ਜਦੋਂ 53 ਦਿਨ ਪਹਿਲਾਂ ਪਾਰਟੀ ਲੀਡਰ ਬਣੇ ਸ੍ਰੀ ਟੌਡ ਮੂਲਰ ਨੇ ਸਵੇਰੇ ਅਸਤੀਫ਼ਾ ਦੇ ਦਿੱਤਾ ਤੇ ਨੈਸ਼ਨਲ ਪਾਰਟੀ ਦੀ ਕਾਕਸ ਨੇ ਰਾਤ ਹੀ ਮੈਂਬਰਾਂ ਦੀ ਮੀਟਿੰਗ ਸੱਦ ਕੇ ਨਵੇਂ ਪਾਰਟੀ ਲੀਡਰ ਦੇ ਤੌਰ ‘ਤੇ ਪਾਪਾਕੁਰਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਸ੍ਰੀਮਤੀ ਜੂਠਿਤ ਕੌਲਿਨਜ਼ ਅਤੇ ਡਿਪਟੀ ਲੀਡਰ ਕ੍ਰਾਈਸਟਚਰਚ ਤੋਂ ਮੈਂਬਰ ਪਾਰਲੀਮੈਂਟ ਗੈਰੀ ਬ੍ਰਾਊਨਲੀ ਨੂੰ ਚੁਣ ਲਿਆ।
ਨੈਸ਼ਨਲ ਪਾਰਟੀ ਨੂੰ ਕਾਹਲੀ ਵਿੱਚ ਅਜਿਹਾ ਫ਼ੈਸਲਾ ਲੈਣਾ ਪਿਆ ਕਿਉਂਕਿ 19 ਸਤੰਬਰ ਨੂੰ ਦੇਸ਼ ‘ਚ ਜਨਰਲ ਇਲੈੱਕਸ਼ਨ ਹੋਣੇ ਹਨ। ਹੁਣ ਨੈਸ਼ਨਲ ਪਾਰਟੀ ਵੱਲੋਂ ਚੋਣਾਂ ਦੀ ਅਗਵਾਈ ਜੂਠਿਤ ਕੌਲਿਨਜ਼ ਕਰੇਗੀ ਅਤੇ ਚੋਣਾਂ ਦਾ ਮੁਕਾਬਲਾ ਦਿਲਚਸਪ ਹੋਣ ਵਾਲਾ ਹੈ ਕਿਉਂਕਿ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦੋ ਮਹਿਲਾਵਾਂ ਸੱਤਾਧਾਰੀ ਲੇਬਰ ਪਾਰਟੀ ਵੱਲੋਂ ਮੌਜੂਦਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਤੇ ਨੈਸ਼ਨਲ ਦੀ ਨਵੀਂ ਪਾਰਟੀ ਲੀਡਰ ਜੂਠਿਤ ਕੌਲਿਨਜ਼ ਵਿਚਾਲੇ ਵੇਖਣ ਨੂੰ ਮਿਲੇਗਾ।
ਵਰਨਣਯੋਗ ਹੈ ਕਿ ਵਕਾਲਤ ਵਿੱਚ ਮਾਸਟਰ ਪਾਸ ਜੂਠਿਤ ਕੌਲਿਨਜ਼ 18 ਸਾਲ ਤੋਂ ਮੈਂਬਰ ਪਾਰਲੀਮੈਂਟ ਹੈ ਤੇ ਉਹ ਕਦੇ ਵੀ ਚੋਣ ਹਾਰੀ ਨਹੀਂ ਹੈ। ਐਮਪੀ ਕੌਲਿਨਜ਼ 2002 ਦੇ ਵਿੱਚ ਕਲੀਵਡਨ ਹਲਕੇ ਤੋਂ ਪਹਿਲੀ ਵਾਰ ਪਾਰਲੀਮੈਂਟ ਲਈ ਸਾਂਸਦ ਚੁਣੀ ਗਈ ਸੀ ਅਤੇ ਫਿਰ ਹਲਕਾਬੰਦੀ ਹੋਣ ਤੋਂ ਬਾਅਦ ਹਲਕਾ ਪਾਪਾਕੁਰਾ ਤੋਂ ਲਗਾਤਾਰ 2008, 2011, 2014 ਅਤੇ 2017 ਤੋਂ ਸਾਂਸਦ ਚੁਣੀ ਆ ਰਹੀ ਹੈ। ਉਹ ਪੁਲਿਸ ਮੰਤਰੀ, ਜੇਲ੍ਹ ਮੰਤਰੀ, ਨਿਆਂ ਮੰਤਰੀ, ਏਥਨਿਕ ਮੰਤਰੀ ਅਤੇ ਏ.ਸੀ.ਸੀ. ਮੰਤਰੀ ਦੇ ਅਹੁਦਿਆਂ ਉੱਤੇ ਵੀ ਰਹਿ ਚੁੱਕੀ ਹੈ।