ਨੈਸ਼ਨਲ ਪਾਰਟੀ ਮੁੜ ਤੀਜੀ ਵਾਰ ਸੱਤਾ ‘ਤੇ ਕਾਬਜ਼

logo-1ਆਕਲੈਂਡ, 21 ਸਤੰਬਰ  – ਦੇਸ਼ ਵਿੱਚ 51ਵੀਂ ਸੰਸਦ ਲਈ ਹੋਈਆਂ ਆਮ ਚੋਣਾਂ ਵਿੱਚ ਨੈਸ਼ਨਲ ਪਾਰਟੀ ਨੇ ਬਾਜ਼ੀ ਮਾਰ ਦੇ ਹੋਏ ਤੀਜੀ ਵਾਰ ਸਰਕਾਰ ਬਣਾਉਣ ਦਾ ਹੱਕ ਹਾਸਿਲ ਕਰ ਲਿਆ ਹੈ। ਇਲੈਕਟੋਰੇਟ ਤੇ ਲਿਸਟ ਸੀਟਾਂ ਮਿਲਾ ਕੇ ਚੋਣ ਨਤੀਜਿਆਂ ਦਾ ਵੇਰਵਾ ਨੈਸ਼ਨਲ 62, ਲੇਬਰ 32, ਗ੍ਰੀਨ 13, ਨਿਊਜ਼ੀਲੈਂਡ ਫਰਸਟ 11, ਮਾਓਰੀ 2, ਐਕਟ 1 ਤੇ ਯੂਨਾਇਟੀਡ 1 ਇਸ ਤਰ੍ਹਾਂ ਹੈ। ਜਦੋਂ ਕਿ ਇੰਟਰਨੈੱਟ ਮਾਨਾ ਤੇ ਕੰਨਜ਼ਰਵੇਟਿਵ ਪਾਰਟੀ ਦੀ ਝੋਲੀ ਖਾਲੀ ਰਹੀ। ਇਸ ਤਰ੍ਹਾਂ ਪ੍ਰਧਾਨ ਮੰਤਰੀ ਜਾਨ ਕੀ ਦਾ ਮੁੜ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਾ ਯਕੀਨੀ ਹੈ। ਪ੍ਰਧਾਨ ਮੰਤਰੀ ਜਾਨ ਕੀ ਨੇ ਆਪਣੀ ਸੀਟ ‘ਤੇ ਜਿੱਤ ਹਾਸਿਲ ਕੀਤੀ ਹੈ।
ਮੈਨੁਕਾਓ ਈਸਟ ਤੋਂ ਨੈਸ਼ਨਲ ਪਾਰਟੀ ਦੇ ਉਮੀਦਵਾਰ ਸ. ਕੰਵਲਜੀਤ ਸਿੰਘ ਬਖਸ਼ੀ ਆਪਣੀ ਸੀਟ ‘ਤੇ ਦੂਜੇ ਨੰਬਰ ਉੱਤੇ ਰਹੇ ਪਰ ਤੀਜੀ ਵਾਰ ਲਿਸਟ ਐਮਪੀ ਦੇ ਤੌਰ ‘ਤੇ ਮੁੜ ਸੰਸਦ ਵਿੱਚ ਦਾਖਲ ਹੋ ਗਏ ਹਨ। ਗੌਰਤਲਬ ਹੈ ਕਿ ਪਹਿਲੀ ਵਾਰ ਚੋਣ ਲੜੀ ਪੰਜਾਬੀ ਮਹਿਲਾ ਉਮੀਦਵਾਰ ਡਾ. ਪਰਮਜੀਤ ਪਰਮਾਰ ਭਾਵੇਂ ਆਪਣੀ ਸੀਟ ‘ਤੇ ਦੂਜੇ ਨੰਬਰ ਉੱਤੇ ਰਹੀ ਪਰ ਉਨ੍ਹਾਂ ਦਾ ਸੰਸਦ ਵਿੱਚ ਲਿਸਟ ਐਮਪੀ ਦੇ ਤੌਰ ‘ਤੇ ਦਾਖਲ ਹੋਣਾ ਯਕੀਨੀ ਹੋ ਗਈ ਹੈ, ਇਨ੍ਹਾਂ ਦੇ ਨਾਲ ਹੋਰ ਭਾਰਤੀ ਜੋ ਸੰਸਦ ਵਿੱਚ ਲਿਸਟ ਐਮਪੀ ਦੇ ਤੌਰ ‘ਤੇ ਦਾਖਲ ਹੋਣਗੇ ਉਨ੍ਹਾਂ ਵਿੱਚ ਨਿਊਜ਼ੀਲੈਂਡ ਫਰਸਟ ਦੇ ਸ੍ਰੀ ਮਹੇਸ਼ ਬਿੰਦਰਾ ਅਤੇ ਲੇਬਰ ਪਾਰਟੀ ਦੀ ਸ੍ਰੀਮਤੀ ਪ੍ਰਿਅੰਕਾ ਰਾਧਾਕ੍ਰਿਸ਼ਨਨ ਹਨ।