ਪਹਿਲੀਆਂ ਐਨਜ਼ੈੱਡ ਸਿੱਖ ਖੇਡਾਂ ‘ਚ ਭਾਗ ਲੈਣ ਲਈ ਖਿਡਾਰੀ ਤੇ ਮੀਡੀਆ ਕਰਮੀ ਪਹੁੰਚਣੇ ਸ਼ੁਰੂ

ਆਕਲੈਂਡ, 28 ਨਵੰਬਰ (ਕੂਕ ਪੰਜਾਬੀ ਸਮਾਚਾਰ) – ਇੱਥੋਂ ਦੇ ਪੁਲਮਨ ਪਾਰਕ, ਟਾਕਾਨੀਨੀ ਵਿਖੇ 30 ਨਵੰਬਰ ਤੋਂ 1 ਦਸੰਬਰ ਤੱਕ ਹੋਣ ਵਾਲੀਆਂ ਪਹਿਲੀਆਂ ਸਿੱਖ ਖੇਡਾਂ ਦੇ ਵਿੱਚ ਭਾਗ ਲੈਣ ਲਈ ਭਾਰਤ, ਅਸਟਰੇਲੀਆ ਤੇ ਹੋਰ ਦੇਸ਼ਾਂ ਤੋਂ ਖਿਡਾਰੀ, ਮੀਡੀਆ ਕਰਮੀ ਤੇ ਪਤਵੰਤੇ ਸਜਣ ਪਹੁੰਚੇ ਸ਼ੁਰੂ ਹੋ ਗਈਆਂ ਹਨ।
ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਵਾਲੀ ਮਹਿਲਾ ਕਬੱਡੀ ਟੀਮ ਭਾਰਤ ਤੋਂ ਇੱਥੇ ਪਹੁੰਚ ਗਈ ਹੈ। ਮਹਿਲਾ ਕਬੱਡੀ ਟੀਮ ਵਿੱਚ ਅਨੂ ਰਾਣੀ, ਆਰਤੀ ਦੇਵੀ, ਮਨਪ੍ਰੀਤ ਕੌਰ, ਮੀਨਾ ਰਾਣੀ, ਨੀਰਜ ਕੁਮਾਰੀ, ਰਾਜਵਿੰਦਰ ਕੌਰ, ਰੇਖਾ ਅਤੇ ਸਿਮਰਨਜੀਤ ਕੌਰ ਸ਼ਾਮਿਲ ਹਨ ਤੇ ਟੀਮ ਦੀ ਕੋਚ ਜਸਕਰਨ ਲਾਡੀ ਹੈ। ਇਨ੍ਹਾਂ ਦੇ ਮੈਚ ਸ਼ਨੀਵਾਰ ਨੂੰ 1 ਵਜੇ ਪੁਲਮਨ ਪਾਰਕ ਵਿਖੇ ਸ਼ੁਰੂ ਹੋਣਗੇ। ਇਨ੍ਹਾਂ ਤੋਂ ਇਲਾਵਾ ਹੋਰ ਖੇਡਾਂ ਦੇ ਮੁਕਾਬਲੇ ਆਪਣੇ-ਆਪਣੇ ਸਮੇਂ ਅਨੁਸਾਰ ਸ਼ੁਰੂ ਹੋ ਜਾਣਗੇ। ਖੇਡਾਂ ਦਾ ਉਦਘਾਟਨ 11 ਵਜੇ ਸਵੇਰੇ ਪੁਲਮੈਨ ਪਾਰਕ ਵਿਖੇ ਕੀਤਾ ਜਾਏਗਾ, ਪਰ ਕਈ ਖੇਡਾਂ ਪਹਿਲਾਂ ਹੀ ਸ਼ੁਰੂ ਹੋ ਜਾਣਗੀਆਂ ਤਾਂ ਜੋ ਸਮੇਂ ਸਿਰ ਸਾਰੇ ਮੁਕਾਬਲੇ ਪੂਰੇ ਹੋ ਸਕਣ।
ਇਸੇ ਹੀ ਤਰ੍ਹਾਂ ਪੰਜਾਬ ਤੋਂ ਹਲਕਾ ਧੂਰੀ ਦੇ ਕਾਂਗਰਸੀ ਵਿਧਾਇਕ ਦਲਬੀਰ ਸਿੰਘ ਗੋਲਡੀ ਵੀ ਪਹੁੰਚੇ। ਉਨ੍ਹਾਂ ਦਾ ਸਵਾਗਤ ਸਿੱਖ ਖੇਡਾਂ ਦੀ ਮੈਨੇਜਮੈਂਟ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਨਿਊਜ਼ੀਲੈਂਡ ਦੇ ਪ੍ਰਧਾਨ ਹਰਮਿੰਦਰ ਸਿੰਘ ਚੀਮਾ ਅਤੇ ਦੀਪਕ ਸ਼ਰਮਾ ਕੀਤਾ।
ਖੇਡਾਂ ਦੀ ਕਵਰੇਜ ਲਈ ਜੱਗਬਾਣੀ ਅਤੇ ਪੰਜਾਬ ਕੇਸਰੀ ਅਖ਼ਬਾਰ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੀ ਦੁਪਹਿਰ ਇੱਥੇ ਪਹੁੰਚ ਗਏ। ਸਿੱਖ ਖੇਡਾਂ ਵਿੱਚ ਭਾਗ ਲੈਣ ਲਈ ਪੰਜਾਬ ਤੋਂ ਕਾਕਾ ਨਾਂਗਲਾ, ਮਨਜੀਤ ਸਿੰਘ, ਅਮਿੱਤ ਕੁਮਾਰ  ਅਤੇ ਰਵੀ ਸਿੱਧੂ ਵੀ ਪਹੁੰਚੇ ਗਏ ਹਨ।
ਖੇਡ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਪਹੁੰਚ ਰਹੇ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਲਈ ਤੁਸੀਂ ਸਾਰੇ ਦੋਵੇਂ ਦਿਨ ਮੈਦਾਨਾਂ ਵਿੱਚ ਪਹੁੰਚੋ ਅਤੇ ਖਿਡਾਰੀਆਂ ਦੀ ਖੇਡ ਦਾ ਆਨੰਦ ਲਵੋ। ਦੋ ਦਿਨ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਦੌਰਾਨ ਜਿੱਥੇ ਖਾਣ-ਪੀਣ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ, ਉੱਥੇ ਹੀ ਦਰਸ਼ਕਾਂ ਦੇ ਮਨੋਰੰਜਨ ਲਈ ਪ੍ਰਸਿੱਧ ਗਾਇਕ ਤੇ ਗੀਤਕਾਰ ਦੇਬੀ ਮਖਸੂਸਪੁਰੀ, ਗਾਇਕ ਹਰਮਿੰਦਰ ਨੂਰਪੁਰੀ ਆਦਿ ਸਥਾਨਕ ਕਲਾਕਾਰ ਆਪਣੀ ਗਾਇਕੀ ਤੇ ਕਲਾ ਦੀ ਪੇਸ਼ਕਾਰੀ ਦੇਣਗੇ।