ਪਹਿਲੇ ਟੀ-20 ਵਿੱਚ ਨਿਊਜ਼ੀਲੈਂਡ ਦੀ ਮਹਿਲਾ ਟੀਮ ਨੇ ਭਾਰਤੀ ਟੀਮ ਨੂੰ 23 ਦੌੜਾਂ ਨਾਲ ਹਰਾਇਆ

ਵੈਲਿੰਗਟਨ, 7 ਫਰਵਰੀ – ਇੱਥੇ ਦੇ ਵੈਸਟਪੈਲ ਸਟੇਡੀਅਮ ਵਿਖੇ ਖੇਡੇ ਗਏ ਪਹਿਲੇ ਟੀ-20 ਮੈਚ ਵਿੱਚ ਨਿਊਜ਼ੀਲੈਂਡ ਦੀ ਮਹਿਲਾ ਟੀਮ ਨੇ ਭਾਰਤੀ ਟੀਮ ਨੂੰ 23 ਦੌੜਾਂ ਨਾਲ ਹਰਾ ਦਿੱਤਾ। 
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ ਸਲਾਮੀ ਬੱਲੇਬਾਜ਼ ਸੋਫੀ ਡਿਵਾਈਨ ਦੀਆਂ 62 ਦੌੜਾਂ ਦੀ ਬਦੌਲਤ 20 ਓਵਰਾਂ ਵਿੱਚ 4 ਵਿਕਟਾਂ ਉੱਤੇ 159 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵੱਲੋਂ ਮਿਲੇ 160 ਦੌੜਾਂ ਦੇ ਟੀਚੇ ਨੂੰ ਭਾਰਤੀ ਟੀਮ ਪਾਰ ਨਹੀਂ ਕਰ ਸਕੀ ਅਤੇ 19.1 ਓਵਰਾਂ ਵਿੱਚ 136 ਦੌੜਾਂ ਉੱਤੇ ਆਊਟ ਹੋ ਗਈ। ਭਾਰਤ ਵੱਲੋਂ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ 34 ਗੇਂਦਾਂ ਵਿੱਚ 58 ਦੌੜਾਂ ਬਣਾਈਆਂ ਪਰ ਉਸ ਵੱਲੋਂ 24 ਗੇਂਦਾ ਵਿੱਚ ਬਣਾਇਆ ਅਰਧ ਸੈਂਕੜਾ ਜਿੱਤ ਨਹੀਂ ਦੁਆ ਸਕਿਆ। ਨਿਊਜ਼ੀਲੈਂਡ ਦੀ ਤੇਜ਼ ਗੇਂਦਬਾਜ਼ ਲੀਆ ਤਾਹੂਹੂ ਨੇ 4 ਓਵਰਾਂ ਵਿੱਚ 3 ਵਿਕਟਾਂ ਲੈ ਕੇ ਭਾਰਤ ਦੇ ਸਿਖ਼ਰਲੇ ਕ੍ਰਮ ਨੂੰ ਹਿਲਾ ਦਿੱਤਾ। ਉਸ ਤੋਂ ਇਲਾਵਾ ਲੈੱਗ ਸਪਿੰਨਰ ਅਮੇਲੀਆ ਕੇਰ ਅਤੇ ਆਫ਼ ਸਪਿੰਨਰ ਲੇ ਕਾਸਪੇਰੇਕ ਨੇ 2-2 ਵਿਕਟਾਂ ਲਾਈਆਂ। ਜ਼ਿਕਰਯੋਗ ਹੈ ਕਿ ਵਨਡੇ ਟੀਮ ਦੀ ਕਪਤਾਨ ਤਜਰਬੇਕਾਰ ਮਿਤਾਲੀ ਰਾਜ ਨੂੰ ਇਸ ਮੈਚ ‘ਚੋਂ ਬਾਹਰ ਰੱਖਿਆ ਗਿਆ ਸੀ। ਦੂਜਾ ਟੀ-20 ਮੈਚ 8 ਫਰਵਰੀ ਦਿਨ ਸ਼ੁੱਕਰਵਾਰ ਨੂੰ ਆਕਲੈਂਡ ਦੇ ਈਡਨ ਪਾਰਕ ਸਟੇਡੀਅਮ ਵਿੱਚ ਹੋਵੇਗਾ।