ਪਾਕਿਸਤਾਨ ‘ਚ ਭਾਰਤੀ ਕੈਦੀ ਸਰਬਜੀਤ ਸਿੰਘ ਦਾ ਦੇਹਾਂਤ

ਆਖਰ ਨੂੰ ਪਾਕਿਸਤਾਨ ਵਿੱਚ ਫਾਂਸੀ ਦੀ ਸਜ਼ਾ ਹਾਸਲ ਭਾਰਤੀ ਨਾਗਰਿਕ 49 ਸਾਲਾ ਸਰਬਜੀਤ ਸਿੰਘ ਨੇ ਲਾਹੌਰ ਦੇ ਜਿਨਾਹ ਹਸਪਤਾਲ ‘ਚ ਭਾਰਤੀ ਸਮੇਂ ਮੁਤਾਬਕ ਵੀਰਵਾਰ ਰਾਤ 1.30 ਵਜੇ ਆਖਰੀ ਸਾਹ ਲਿਆ। ਖ਼ਬਰ ਮੁਤਾਬਕ ਜਿਨਾਹ ਹਸਪਤਾਲ ਵਿਖੇ ਜਿਹਰੇ ਇਲਾਜ ਭਰਾਤੀ ਕੈਦੀ ਸਰਬਜੀਤ ਸਿੰਘ ਨੂੰ 26 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਕੋਟ ਲਖਪਤ ਜੇਲ੍ਹ ‘ਚ ਸਾਥੀ ਪਾਕਿਸਤਾਨੀ ਕੈਦੀਆਂ ਵਲੋਂ ਜਾਨੋ ਮਾਰਨ ਦੇ ਇਰਾਦੇ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਸੀ। ਪਹਿਲਾਂ ਸਰਬਜੀਤ ਦੇ ਕੌਮਾਂ ਵਿੱਚ ਜਾਣ ਅਤੇ ਹੁਣ ਉਸ ਦੇ ਦੇਹਾਂਤ ਹੋਣ ਦੀ ਖ਼ਬਰ ਪਾਕਿਸਤਾਨ ਦੇ ਟੀ. ਵੀ. ਚੈਨਲ ਜੀਉ ਟੀ.ਵੀ. ਦੇ ਰਾਹੀ ਸਾਹਮਣੇ ਆਈ ਹੈ। ਨਿਊਜ਼ ਏਜੰਸੀ ਮੁਤਾਬਕ ਸਰਬਜੀਤ ਦਾ ਇਲਾਜ ਕਰ ਰਹੇ ਡਾਕਟਰਾਂ ਦੇ ਪੈਨਲ ਨੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਸਰਬਜੀਤ ‘ਤੇ ਹੋਏ ਜਾਨ ਲੇਵਾ ਹਮਲੇ ਤੋਂ ਬਾਅਦ……….. ਉਸ ਦੀ ਭੈਣ ਦਲਬੀਰ ਕੌਰ, ਉਸ ਦੀ ਪਤਨੀ ਅਤੇ ਦੋਵੇਂ ਬੇਟੀਆਂ ਉਸ ਨੂੰ ਮਿਲਣ ਪਾਕਿਸਤਾਨ ਗਈਆਂ ਸਨ।  
ਸਰਬਜੀਤ ਦੇ ਮ੍ਰਿਤਕ ਸਰੀਰ ਦਾ ਪੋਸਟਮਾਰਟਮ ਵੀਰਵਾਰ ਨੂੰ ਹੋਵੇਗਾ, ਜਿਸ ਦੇ ਬਾਅਦ ਸਰਬਜੀਤ ਸਿੰਘ ਦਾ ਮ੍ਰਿਤਕ ਸਰੀਰ ਭਾਰਤ ਸਰਕਾਰ ਦੇ ਹਵਾਲੇ ਕੀਤਾ ਜਾ ਸਕਦਾ ਹੈ। ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਇੱਕ ਅਜਿਹਾ ਸਮਝੌਤਾ ਹੈ ਕਿ ਦੋਵੇਂ ਦੇਸ਼ਾਂ ਵਿੱਚ ਜੇਕਰ ਕਿਸੇ ਵੀ ਕੈਦੀ ਦੀ ਮੌਤ ਹੁੰਦੀ ਹੈ ਤਾਂ ਮ੍ਰਿਤਕ ਸਰੀਰ ਨੂੰ ਉਸ ਦੇ ਨਾਲ ਸਬੰਧਿਤ ਦੇਸ਼ ਨੂੰ ਸੌਂਪ ਦਿੱਤਾ ਜਾਂਦਾ ਹੈ। ਗੌਰਤਲਬ ਹੈ ਕਿ ਭਾਰਤ ਵਲੋਂ ਕਸਾਬ ਦੀ ਲਾਸ਼ ਨੂੰ ਵੀ ਪਾਕਿਸਤਾਨ ਨੂੰ ਸੌਂਪਣ ਦੀ ਗੱਲ ਕਹੀ ਗਈ ਸੀ, ਪਰ ਪਾਕਿਸਤਾਨ ਨੇ ਉਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਭਾਰਤ ਵਿੱਚ ਅਜਮਲ ਕਸਾਬ ਅਤੇ ਅਫ਼ਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਤੋਂ ਬਾਅਦ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸਰਬਜੀਤ ਸਿੰਘ ਦੀ ਜਾਨ ਨੂੰ ਅਤਿਵਾਦੀਆਂ ਪਾਸੋਂ ਵੱਡੇ ਖ਼ਤਰੇ ਦੀ ਸੰਭਾਵਨਾ ਸੀ। ਇਸੇ ਕਾਰਨ ਹੀ ਸਰਬਜੀਤ ਸਿੰਘ ਦੇ ਵਕੀਲ ਨੇ ਉਸ ਲਈ ਜੇਲ੍ਹ ਪ੍ਰਸ਼ਾਸਨ ਅਤੇ ਸਰਕਾਰ ਕੋਲ ਪਟੀਸ਼ਨ ਵੀ ਦਾਇਰ ਕੀਤੀ ਸੀ। ਵੱਖਰੇ ਸਪੈਸ਼ਲ ਸੈੱਲ ਵਿੱਚ ਬੰਦ ਸਰਬਜੀਤ ਸਿੰਘ ਉੱਤੇ ਇੱਟਾਂ, ਰਾਡਾਂ, ਬਲੇਡਾਂ ਅਤੇ ਤਿੱਖੇ ਕੰਢੇ ਵਾਲੇ ਬਰਤਨਾਂ ਨਾਲ ਹਮਲਾ ਕੀਤਾ ਗਿਆ ਜਿਸ ਨਾਲ ਉਸ ਦੀ ਹਾਲਤ ਬੇਹੱਦ ਚਿੰਤਾਜਨਕ ਬਣੀ ਹੋਈ ਹੈ। ਗਲਤ ਪਛਾਣ ਦਾ ਸ਼ਿਕਾਰ ਹੋਏ ਸਰਬਜੀਤ ਸਿੰਘ ਨੂੰ 1990 ਵਿੱਚ ਪਾਕਿਸਤਾਨ ਦੇ ਲਾਹੌਰ ਅਤੇ ਫ਼ੈਸਲਾਬਾਦ ਵਿੱਚ ਹੋਏ ਬੰਬ ਧਮਾਕਿਆਂ ਲਈ ਦੋਸ਼ੀ ਕਰਾਰ ਦਿੱਤਾ ਗਿਆ ਸੀ, ਜਿਨ੍ਹਾਂ ਧਮਾਕਿਆਂ ਵਿੱਚ 14 ਵਿਅਕਤੀ ਮਾਰੇ ਗਏ ਅਤੇ 80 ਜ਼ਖ਼ਮੀ ਹੋ ਗਏ ਸਨ। ਪਰ ਸ਼ੁਰੂ ਤੋਂ ਹੀ ਸਰਬਜੀਤ ਸਿੰਘ ਆਪਣੇ-ਆਪ ਨੂੰ ਨਿਰਦੋਸ਼ ਕਹਿੰਦਾ ਆ ਰਿਹਾ ਸੀ।