ਪੁਲਾੜ ਗੱਡੀ ਨੇ 3 ਅਮਰੀਕੀਆਂ ਸਮੇਤ 4 ਪੁਲਾੜ ਯਾਤਰੀਆਂ ਨੂੰ ਲੈ ਕੇ ਸਫ਼ਲਤਾ ਪੂਰਵਕ ਉਡਾਣ ਭਰੀ

ਉਡਾਨ ਭਰਨ ਤੋਂ ਪਹਿਲਾਂ ਪੁਲਾੜ ਗੱਡੀ ਵਿੱਚ ਸਵਾਰ 4 ਪੁਲਾੜ ਯਾਤਰੀ

ਸੈਕਰਾਮੈਂਟੋ, ਕੈਲੀਫੋਰਨੀਆ 16 ਨਵੰਬਰ (ਹੁਸਨ ਲੜੋਆ ਬੰਗਾ) – ਟੀਟਾਨੀਅਮ, ਅਲਮੀਨੀਅਮ ਤੇ ਕਾਰਬਨ ਫਾਈਬਰ ਨਾਲ ਬਣੇ ਪੁਲਾੜ ਵਾਹਨ ਨੇ 3 ਅਮਰੀਕੀ ਤੇ 1 ਜਪਾਨੀ ਪੁਲਾੜ ਯਾਤਰੀ ਨੂੰ ਲੈ ਕੇ ਸਫ਼ਲਤਾ ਪੂਰਵਕ ਉਡਾਨ ਭਰੀ। ਇਹ ਪੁਲਾੜ ਵਾਹਨ ਜਿਸ ਨੂੰ ਕੈਪਸੂਲ ਦਾ ਨਾਂ ਦਿੱਤਾ ਗਿਆ ਹੈ, ਮਹਿਜ਼ ਪੁਲਾੜ ਗੱਡੀ ਨਹੀਂ ਹੈ ਬਲਕਿ ਇਹ ਇਕ ਬਹੁਤ ਹੀ ਮਜ਼ਬੂਤ ਤੇ ਹਰ ਤਰਾਂ ਦਾ ਮੌਸਮ ਸਹਿਣ ਦੇ ਸਮਰੱਥ ਹੈ। ਇਹ 2700 ਡਿਗਰੀ ਫਾਰਨਹੀਟ ਤੋਂ ਵਧ ਤਾਪਮਾਨ ਝਲ ਸਕਦਾ ਹੈ ਤੇ ਇਸ ਵਿੱਚ ਹਰ ਤਰਾਂ ਦੀਆਂ ਸੁਵਿਧਾਵਾਂ ਮੌਜੂਦ ਹਨ। ਇਸ ਪੁਲਾੜ ਵਾਹਣ ਨੇ ਐਤਵਾਰ ਦੀ ਰਾਤ ਨੂੰ ਕੈਨੇਡੀ ਸਪੇਸ ਸੈਂਟਰ ਤੋਂ ਉਡਾਨ ਭਰੀ। ਇਹ ਪਹਿਲੀ ਉਡਾਨ ਹੈ ਜਿਸ ਵਿੱਚ ਪੂਰੀ ਸਮਰੱਥਾ ਅਨੁਸਾਰ ਯਾਤਰੀ ਮੌਜੂਦ ਹਨ। ਸਪੇਸ ਐਕਸ ਵੱਲੋਂ ਇਸ ਵਾਹਣ ਨੂੰ ਨਾਸਾ ਵਾਸਤੇ ਲਾਂਚ ਕੀਤਾ ਗਿਆ ਹੈ। ਇਹ ਪੁਲਾੜ ਗੱਡੀ ਸੋਮਵਾਰ ਦੇਰ ਗਏ ਪੁਲਾੜ ਸਟੇਸ਼ਨ ‘ਤੇ ਪਹੁੰਚ ਜਾਵੇਗੀ ਤੇ ਬਸੰਤ ਤੱਕ ਉੱਥੇ ਹੀ ਰਹੇਗੀ। ਪੁਲਾੜ ਯਾਤਰੀਆਂ ਵਿੱਚ 3 ਮਰਦ ਤੇ 1 ਔਰਤ ਸ਼ਾਮਿਲ ਹੈ। 4 ਮੈਂਬਰੀ ਪੁਲਾੜ ਯਾਤਰੀ ਟੀਮ ਦੀ ਅਗਵਾਈ ਕਮਾਂਡਰ ਮਾਈ ਹੋਪਕਿਨਜ ਕਰ ਰਹੇ ਹਨ। ਬਾਕੀ ਟੀਮ ਮੈਂਬਰਾਂ ਵਿੱਚ ਭੌਤਿਕ ਵਿਗਿਆਨੀ ਸ਼ਾਨਨ ਵਾਲਕਰ, ਨੇਵੀ ਕਮਾਂਡਰ ਵਿਕਟਰ ਗਲੋਵਰ ਪਹਿਲਾ ਕਾਲਾ ਪੁਲਾੜ ਯਾਤਰੀ ਤੇ ਜਪਾਨ ਦੀ ਸੋਚੀ ਨੋਗੂਚੀ ਸ਼ਾਮਿਲ ਹੈ।
ਰਾਸ਼ਟਰਪਤੀ ਚੋਣ ਜਿੱਤੇ ਜੋਅ ਬਾਈਡੇਨ ਨੇ ਇਸ ਸਫ਼ਲਤਾ ਲਈ ਨਾਸਾ ਤੇ ਸਪੇਸ-ਐਕਸ ਨੂੰ ਵਧਾਈ ਦਿੱਤੀ ਹੈ। ਉਨਾਂ ਨੇ ਇਕ ਟਵੀਟ ਵਿੱਚ ਕਿਹਾ ਹੈ ਕਿ ‘ਇਹ ਵਿਗਿਆਨੀਆਂ ਦੀ ਨਵੀਆਂ ਖੋਜ਼ਾਂ ਪ੍ਰਤੀ ਉਨ੍ਹਾਂ ਦੇ ਦ੍ਰਿੜ ਇਰਾਦੇ ਦਾ ਪ੍ਰਤੀਕ ਹੈ। ਮੈਂ ਪੁਲਾੜ ਯਾਤਰੀਆਂ ਦੀ ਸਫ਼ਲਤਾ ਲਈ ਕਾਮਨਾ ਕਰਨ ‘ਚ ਸਾਰੇ ਅਮਰੀਕੀਆਂ ਤੇ ਜਪਾਨੀਆਂ ਨਾਲ ਸ਼ਰੀਕ ਹਾਂ।” ਰਾਸ਼ਟਰਪਤੀ ਟਰੰਪ ਨੇ ਵੀ ਟਵਿਟਰ ਉਪਰ ਵਧਾਈ ਦਿੰਦਿਆਂ ਕਿਹਾ ਹੈ ਕਿ ਇਹ ‘ਗਰੇਟ ਲਾਂਚ’ ਹੈ।