ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਦੀ ਸੰਭਾਵਨਾ

ਨਵੀਂ ਦਿੱਲੀ, 4 ਸਤੰਬਰ (ਏਜੰਸੀ) – ਮਹਿੰਗਾਈ ਦਾ ਬੰਬ ਫਿਰ ਤੋਂ ਫੁੱਟ ਸਕਦਾ ਹੈ। ਸੰਭਾਵਨਾ ਹੈ ਕਿ ਸੰਸਦ ਦੇ ਮਾਨਸੂਨ ਸੈਸ਼ਨ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਦੇ ਵਾਧੇ ਦੇ ਚਲਦਿਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 4 ਤੋਂ 5 ਰੁਪਏ ਪ੍ਰਤੀ ਲੀਟਰ ਵਾਧਾ ਹੋ ਸਕਦਾ ਹੈ।
ਪੈਟਰੋਲ-ਡੀਜ਼ਲ ਕੀਮਤਾਂ ਵਧਣ ਨਾਲ ਮਹਿੰਗਾਈ ਦਾ ਗ੍ਰਾਫ ਇਕਦਮ ਉਪਰ ਜਾ ਸਕਦਾ ਹੈ ਅਤੇ ਆਮ ਆਦਮੀ ਲਈ ਪਹਿਲਾਂ ਹੀ ਗੁਜ਼ਾਰਾ ਕਰਨਾ ਮੁਸ਼ਕਿਲ ਹੋਇਆ ਪਿਆ ਹੈ। ਉਧਰ ਸਰਕਾਰੀ ਤੇਲ ਕੰਪਨੀਆਂ ਦਾ ਕਹਿਣਾ ਹੈ ਉਨ੍ਹਾਂ ਨੂੰ ਪ੍ਰਤੀ ਲੀਟਰ ਡੀਜ਼ਲ ‘ਤੇ 19 ਰੁਪਏ 26 ਪੈਸੇ ਦਾ ਨੁਕਸਾਨ ਹੋ ਰਿਹਾ ਹੈ, ਜਿਸ ਦੀ ਭਰਪਾਈ ਲਈ ਕੰਪਨੀਆਂ ਸਖ਼ਤ ਫੈਸਲੇ ਲੈ ਸਕਦੀਆਂ ਹਨ। ਸਰਕਾਰੀ ਤੇਲ ਕੰਪਨੀਆਂ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਮਾਨਸੂਨ ਸੈਸ਼ਨ ਕਾਰਨ ਪਿਛਲੀ ਵਾਰ ਪੈਟਰੋਲ ਦੀਆਂ ਕੀਮਤਾਂ ਨਹੀਂ ਵਧਾਈਆਂ ਗਈਆਂ, ਪਰ ਮਾਨਸੂਨ ਸੈਸ਼ਨ ਤੋਂ ਬਾਅਦ ਅਸੀਂ ਉਡੀਕ ਨਹੀਂ ਕਰਾਂਗੇ।