ਪ੍ਰਗਤੀਸ਼ੀਲ ਪੰਜਾਬ ਖੇਤੀਬਾੜੀ ਸੰਮੇਲਨ-੨੦੧੪

ਕੈਨੇਡਾ, ਪਾਕਿਸਤਾਨ, ਬਰਤਾਨੀਆ, ਡੈਨਮਾਰਕ, ਨੀਦਰਲੈਂਡ, ਆਸਟਰੇਲੀਆ ਅਤੇ ਅਮਰੀਕਾ ਦੇ ਉੱਘੇ ਮਾਹਿਰ ਖੇਤੀਬਾੜੀ ਤੇ ਸਹਾਇਕ ਧੰਦਿਆਂ ਦੇ ਅਹਿਮ ਪੱਖਾਂ ਬਾਰੇ ਵਿਚਾਰ ਰੱਖਣਗੇ
ਚੰਡੀਗੜ੍ਹ, 11 ਫਰਵਰੀ – ਮੁਹਾਲੀ ਵਿਖੇ 16 ਫਰਵਰੀ ਤੋਂ 19 ਫਰਵਰੀ ਤੱਕ ਹੋ ਰਹੇ ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੇ ‘ਪ੍ਰਗਤੀਸ਼ੀਲ ਪੰਜਾਬ ਖੇਤੀਬਾੜੀ ਸੰਮੇਲਨ-2014’ ਵਿੱਚ ਗੰਭੀਰ ਸੰਕਟ ਨਾਲ ਜੂਝ ਰਹੀ ਕਿਸਾਨੀ ਦੇ ਹਿੱਤ ਮਹਿਫ਼ੂਜ਼ ਰੱਖਣ ਲਈ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਖੇਤੀਬਾੜੀ ਮਾਹਿਰ, ਅਰਥਸ਼ਾਸਤਰੀ, ਖੋਜਾਰਥੀ ਅਤੇ ਵਿਗਿਆਨੀ ਲੰਮੀ-ਚੌੜੀ ਵਿਚਾਰ-ਚਰਚਾ ਕਰਨਗੇ ਤਾਂ ਕਿ ਦੇਸ਼ ਵਿੱਚ ਖੇਤੀਬਾੜੀ ਦੇ ਸਮੁੱਚੇ ਵਿਕਾਸ ਲਈ ਆਮ ਸਹਿਮਤੀ ਨਾਲ ਕਾਰਜ ਯੋਜਨਾ ਉਲੀਕੀ ਜਾ ਸਕੇ ਜੋ ਦੇਸ਼ ਦੇ ਲੱਖਾਂ ਕਿਸਾਨਾਂ ਖ਼ਾਸ ਕਰਕੇ ਛੋਟੇ ਤੇ ਦਰਮਿਆਨੇ ਕਿਸਾਨਾਂ ਦੀ ਤਕਦੀਰ ਬਦਲਣ ਵਿੱਚ ਸਹਾਈ ਹੋ ਸਕੇ।
ਅੱਜ ਇੱਥੇ ਇਸ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੈਨੇਡਾ, ਪਾਕਿਸਤਾਨ, ਬਰਤਾਨੀਆ, ਡੈਨਮਾਰਕ, ਨੀਦਰਲੈਂਡ, ਆਸਟਰੇਲੀਆ ਅਤੇ ਅਮਰੀਕਾ ਦੇ ਡੈਲੀਗੇਟ ਤੇ ਉੱਘੇ ਖੇਤੀਬਾੜੀ ਮਾਹਿਰ ਇਸ ਸੰਮੇਲਨ ਵਿੱਚ ਹਿੱਸਾ ਲੈਣਗੇ। ਸਸਕੈਟਕੇਵਨ (ਕੈਨੇਡਾ)  ਦੇ ਖੇਤੀਬਾੜੀ ਮੰਤਰੀ ਸ੍ਰੀ ਐਲ. ਸਟੇਵਰਟ, ਪਾਕਿਸਤਾਨੀ ਪੰਜਾਬ ਦੇ ਖੇਤੀਬਾੜੀ ਮੰਤਰੀ ਡਾ. ਫਾਰੂਖ ਜਾਵੇਦ, ਬਰਤਾਨਵੀ ਹਾਈ ਕਮਿਸ਼ਨਰ ਨਾਰਦ ਵੈਸਟ ਇੰਡੀਆ ਸ੍ਰੀ ਡੇਵਿਡ ਲਲਿਓਟ, ਨੀਦਰਲੈਂਡ ਦੇ ਐਗਰੋ ਫੂਡ ਐਂਡ ਟੈਕਨਾਲੋਜੀ ਦੇ ਡਾਇਰੈਕਟਰ ਸ੍ਰੀ ਮਰਜਿਨ ਲੈਜਟਨ, ਆਸਟਰੇਲੀਆ ਦੇ ਪ੍ਰਮੁੱਖ ਸਕੱਤਰ ਸ੍ਰੀ ਚੈਰਿਸ ਕਿੰਗ, ਅੰਤਰਰਾਸ਼ਟਰੀ ਮੱਕੀ ਤੇ ਕਣਕ ਖੋਜ ਕੇਂਦਰ, ਅਮਰੀਕਾ ਦੇ ਡਾਇਰੈਕਟਰ ਡਾ. ਥਾਮਸ ਲੁੰਪਕਿਨ ਇਸ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਦੁਨੀਆ ਭਰ ਦੇ ਸੱਦੇ ਗਏ ਖੇਤੀ ਮਾਹਿਰਾਂ ਤੇ ਡੈਲੀਗੇਟਾਂ ਵਿੱਚ ਸ਼ਾਮਲ ਹੋਣਗੇ। ਸਸਕੈਟਕੇਵਨ (ਕੈਨੇਡਾ) ਦੇ ਖੇਤੀਬਾੜੀ ਮੰਤਰੀ ਦੇ ਨਾਲ ਕੈਨੇਡਾ ਤੋਂ 20 ਮੈਂਬਰੀ ਵਫ਼ਦ ਵੀ ਇਸ ਸੰਮੇਲਨ ਵਿੱਚ ਹਿੱਸਾ ਲੈਣ ਪਹੁੰਚੇਗਾ। ਬੁਲਾਰੇ ਨੇ ਅੱਗੇ ਦੱਸਿਆ ਕਿ ਵਿਸ਼ਵ ਪ੍ਰਸਿੱਧੀ ਹਾਸਲ ਖੇਤੀਬਾੜੀ………… ਵਿਗਿਆਨੀ ਡਾ. ਗੁਰਦੇਵ ਸਿੰਘ ਖ਼ੁਸ਼, ਖੇਤੀਬਾੜੀ ਖੋਜ ਬਾਰੇ ਭਾਰਤੀ ਕੌਂਸਲ, ਨਵੀਂ ਦਿੱਲੀ ਦੇ ਡਾਇਰੈਕਟਰ ਡਾ. ਐੱਸ. ਏਅੱਪਨ, ਖੇਤੀਬਾੜੀ ਲਾਗਤ ਤੇ ਕੀਮਤ ਕਮਿਸ਼ਨ ਦੇ ਸਾਬਕਾ ਚੇਅਰਮੈਨ ਡਾ. ਟੀ. ਹੱਕ, ਕੌਮੀ ਖੇਤੀਬਾੜੀ ਆਰਥਿਕਤਾ ਤੇ ਨੀਤੀ ਖੋਜ ਕੇਂਦਰ ਦੇ ਡਾਇਰੈਕਟਰ ਡਾ. ਰਮੇਸ਼ ਚੰਦਨ, ਕੌਮੀ ਖੇਤੀਬਾੜੀ ਖੋਜ ਕੌਂਸਲ, ਨਵੀਂ ਦਿੱਲੀ ਦੇ ਸਾਬਕਾ ਡਾਇਰੈਕਟਰ ਜਨਰਲ ਡਾ. ਆਰ. ਐੱਸ. ਪਰੋਡਾ ਵੀ ਸ਼ਾਮਲ ਹੋਣਗੇ ਖੇਤੀਬਾੜੀ ਉਤਪਾਦਨ, ਮੰਡੀਕਰਨ ਅਤੇ ਖੇਤੀਬਾੜੀ ਤੇ ਐਗਰੋ ਪ੍ਰੋਸੈਸਿੰਗ ਦਰਮਿਆਨ ਸੁਮੇਲ ਲਈ ਸੰਭਾਵਨਾਵਾਂ ਅਤੇ ਫ਼ਸਲਾਂ ਤੋਂ ਤਿਆਰ ਹੁੰਦੇ ਉਤਪਾਦਾਂ ਬਾਰੇ ਆਪਣੇ ਵਿਚਾਰ ਪੇਸ਼ ਕਰਨਗੇ।
ਇਹ ਸੰਮੇਲਨ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀਆਂ ਸੰਜੀਦਾ ਕੋਸ਼ਿਸ਼ਾਂ ਦਾ ਸਿੱਟਾ ਹੈ ਜਿਸ ਦਾ ਉਦੇਸ਼ ਖੇਤੀ ਸੰਕਟ ਕਾਰਨ ਰੀਂਗ ਰਹੀ ਕਿਸਾਨੀ ਨੂੰ ਇਸ ਸਥਿਤੀ ‘ਚੋਂ ਬਾਹਰ ਕੱਢਣਾ ਅਤੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਖੇਤੀ ਨਾਲ ਜੁੜੇ ਪਸ਼ੂ ਪਾਲਨ ਵਰਗੇ ਹੋਰ ਧੰਦਿਆਂ ਵੱਲ ਵੱਡੀ ਪੱਧਰ ‘ਤੇ ਪ੍ਰੇਰਿਤ ਕਰਨਾ ਹੈ। ਮੁੱਖ ਮੰਤਰੀ ਨੇ ਸਿਆਸੀ ਲੀਹਾਂ ‘ਤੇ ਉੱਪਰ ਉੱਠ ਕੇ ਸਾਰੇ ਮੁੱਖ ਮੰਤਰੀਆਂ, ਖੇਤੀਬਾੜੀ ਮੰਤਰੀਆਂ ਅਤੇ ਕੌਮੀ ਸਿਆਸੀ ਆਗੂਆਂ ਨੂੰ ਇਸ ਇਤਿਹਾਸਕ ਸੰਮੇਲਨ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ ਤਾਂ ਜੋ ਉਹ ਕਿਸਾਨਾਂ ਦੀ ਕਰੁਣਾਮਈ ਹਾਲਤ ‘ਤੇ ਆਪਣੇ ਵਡਮੁੱਲੇ ਵਿਚਾਰ ਪੇਸ਼  ਕਰਨ ਸਕਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਸੁਝਾਅ ਪੇਸ਼ ਕਰ ਸਕਣ।
ਇੱਥੇ ਇਹ ਜ਼ਿਕਰਯੋਗ ਹੈ ਕਿ ਦੇਸ਼ ਵਿੱਚ 13 ਕਰੋੜ 80 ਲੱਖ ਕਿਸਾਨਾਂ ਵਿੱਚੋਂ ਤਕਰੀਬਨ 9 ਕਰੋੜ 2 ਲੱਖ ਕਿਸਾਨ ਇਕ ਏਕੜ ਤੋਂ ਘੱਟ ਜ਼ਮੀਨ ਦੇ ਮਾਲਕ ਹਨ ਅਤੇ ਮੌਜੂਦਾ ਖੇਤੀ ਸੰਕਟ ਕਾਰਨ ਇਨ੍ਹਾਂ ਦੀ ਹਾਲਤ ਬਹੁਤ ਤਰਸਯੋਗ ਹੋ ਗਈ ਹੈ ਅਤੇ ਇਹ ਹੁਣ ਨਾ ਕਿਸਾਨ ਰਹਿ ਗਏ ਹਨ ਅਤੇ ਨਾ ਹੀ ਮਜ਼ਦੂਰ ਰਹਿ ਗਏ ਹਨ। ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮ-ਨਿਰਭਰ ਬਣਾਉਣ ਲਈ ਪੰਜਾਬ ਦੇ ਕਿਸਾਨਾਂ ਵੱਲੋਂ ਪਾਏ ਲਾਮਿਸਾਲ ਯੋਗਦਾਨ ਦੇ ਸੰਦਰਭ ਵਿੱਚ ਹੁਣ ਭਾਰਤ ਸਰਕਾਰ ਲਈ ਇਨ੍ਹਾਂ ਕਿਸਾਨਾਂ ਦੀ ਬਾਂਹ ਫੜਨ ਦਾ ਮੌਕਾ ਆ ਗਿਆ ਹੈ ਜਿਨ੍ਹਾਂ ਨੇ ਪਹਿਲਾਂ ਹੀ ਦੇਸ਼ ਨੂੰ ਅਨਾਜ ਸੁਰੱਖਿਆ ਪ੍ਰਦਾਨ ਕਰਨ ਲਈ ਕੁਦਰਤੀ ਸੋਮਿਆਂ ਦੀ ਬਲੀ ਦੇ ਦਿੱਤੀ ਹੈ। ਕਿਸਾਨ ਭਾਈਚਾਰੇ ਦੀ ਅਜੋਕੀ ਸਥਿਤੀ ਇਸ ਨੂੰ ਅਣਗੌਲੇ ਜਾਣ ਕਰਕੇ ਹੋਈ ਹੈ ਜਿਸ ਦੀ ਭਰਪਾਈ ਕਿਸਾਨ ਪੱਖੀ ਨੀਤੀਆਂ ਬਣਾ ਕੇ ਕੀਤੀ ਜਾ ਸਕਦੀ ਹੈ ਅਤੇ ਇਹ ਸੰਮੇਲਨ ਢੁਕਵੀਂ ਰਾਸ਼ਟਰੀ ਖੇਤੀਬਾੜੀ ਨੀਤੀ ਤਿਆਰ ਕਰਨ ਲਈ ਆਮ ਸਹਿਮਤੀ ਬਣਾਉਣ ਵਾਸਤੇ ਮੀਲ ਪੱਥਰ ਸਾਬਤ ਹੋਵੇਗਾ।
ਚੱਪੜਚਿੜੀ ਵਿਖੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਵਿਖੇ 130 ਏਕੜ ਰਕਬੇ ਵਿੱਚ ਕਰਵਾਏ ਜਾ ਰਹੇ ਇਸ ਸੰਮੇਲਨ ਵਿੱਚ ਪੰਜਾਬ ਤੋਂ ਲਗਭਗ 50,000 ਕਿਸਾਨ ਅਤੇ ਪੱਛਮੀ ਬੰਗਾਲ, ਛੱਤੀਸਗੜ੍ਹ, ਰਾਜਸਥਾਨ, ਮੱਧ ਪ੍ਰਦੇਸ਼, ਹਰਿਆਣਾ, ਆਸਾਮ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਸਮੇਤ ਹੋਰ ਸੂਬਿਆਂ ਤੋਂ 5000 ਕਿਸਾਨ ਸ਼ਿਰਕਤ ਕਰਨਗੇ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਹਰ ਜ਼ਿਲ੍ਹੇ ਦੇ ਤਿੰਨ ਕਿਸਾਨਾਂ ਅਤੇ ਦੇਸ਼ ਦੇ ਹਰੇਕ ਸੂਬੇ ਦੇ ਤਿੰਨ ਕਿਸਾਨਾਂ ਦਾ ਖੇਤੀਬਾੜੀ ਅਤੇ ਖੇਤੀ ਨਾਲ ਸਬੰਧਿਤ ਧੰਦਿਆਂ ਵਿੱਚ ਪਾਏ ਯੋਗਦਾਨ ਬਦਲੇ ਉਨ੍ਹਾਂ ਨੂੰ 51-51 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਖੇਤੀਬਾੜੀ ਦੇ 50 ਮਾਹਿਰਾਂ ਅਤੇ ਵਿਗਿਆਨੀ ਦਾ ਖੇਤੀਬਾੜੀ ਅਤੇ ਪਸ਼ੂ ਪਾਲਨ ਵਿੱਚ ਪਾਏ ਗਏ ਯੋਗਦਾਨ ਲਈ ਵੀ ਸਨਮਾਨ ਕੀਤਾ ਜਾਵੇਗਾ। ਅਨਾਜ ਉਤਪਾਦਨ ਵਿੱਚ ਦੇਸ਼ ਨੂੰ ਆਤਮ ਨਿਰਭਰ ਬਨਾਉਣ ਲਈ ਪੰਜਾਬ ਵੱਲੋਂ ਪਾਏ ਗਏ ਯੋਗਦਾਨ ਅਤੇ ਹਰੀ ਅਤੇ ਚਿੱਟੀ ਕ੍ਰਾਂਤੀ ਦਾ ਯੁੱਗ ਸ਼ੁਰੂ ਕਰਨ ਦੀ ਜਾਣਕਾਰੀ ਦਿੰਦੀ ‘ਕਾਫੀ ਟੇਬਲ ਬੁੱਕ’ ਵੀ ਪ੍ਰਕਾਸ਼ਿਤ ਕੀਤੀ ਜਾਵੇਗੀ। ਸੰਮੇਲਨ ਤੋਂ ਬਾਅਦ ਇਸ ਦੌਰਾਨ ਡੈਲੀਗੇਟਾਂ ਤੇ ਮਾਹਿਰਾਂ ਵੱਲੋਂ ਦਿੱਤੇ ਗਏ ਸੁਝਾਵਾਂ ਤੇ ਸਿਫ਼ਾਰਸ਼ਾਂ ‘ਤੇ ਆਧਾਰਿਤ ਇਕ ‘ਤਕਨੀਕੀ ਕਿਤਾਬਚਾ’ ਵੀ ਤਿਆਰ ਕਰਕੇ ਉਸ ਅਨੁਕੂਲ ਕਿਸਾਨਾਂ ਦੀ ਆਰਥਿਕਤਾ ਸੁਧਾਰਨ ਲਈ ਦੇਸ਼ ਵਿੱਚ ਸਮੁੱਚੇ ਖੇਤੀ ਵਿਕਾਸ ਬਾਰੇ ਇਕ ਵਿਆਪਕ ਖਾਕਾ ਉਲੀਕਿਆ ਜਾਵੇਗਾ।
ਸੰਮੇਲਨ ਦੌਰਾਨ 11 ਤਕਨੀਕੀ ਸੈਸ਼ਨ ਹੋਣਗੇ ਜਿਨ੍ਹਾਂ ਪੰਜਾਬ ਦੀ ਖੇਤੀਬਾੜੀ ਨੂੰ ਦਰਪੇਸ਼ ਚੁਣੌਤੀਆਂ ਅਤੇ ਦਿਸਹੱਦੇ, ਖੇਤੀਬਾੜੀ ਵਿੱਚ ਬਾਇਓ-ਤਕਨਾਲੋਜੀ, ਆਲੂ ਬੀਜ ਉਤਪਾਦਨ, ਛੋਟੇ ਪਸ਼ੂਆਂ ਦਾ ਪਾਲਮ-ਪੋਸ਼ਣ, ਵਪਾਰਕ ਡੇਅਰੀ ਫਾਰਮਿੰਗ, ਖੇਤੀਬਾੜੀ ਮੰਡੀਕਰਨ ਅਤੇ ਜੋਖ਼ਮ ਪ੍ਰਬੰਧਨ, ਮਧੂ ਮੱਖੀ ਪਾਲਨ, ਅਨਾਜ ਅਤੇ ਐਗਰੀ ਪ੍ਰੋਸੈਸਿੰਗ ਤੋਂ ਇਲਾਵਾ ਕਿਸਾਨਾਂ ਦੀ ਆਰਥਿਕਤਾ ਬਾਰੇ ਮਾਹਿਰਾਂ ਦੀ ਵਿਚਾਰ-ਚਰਚਾ ਹੋਵੇਗੀ ਜਿਸ ਨੂੰ ਪੰਜਾਬ ਅਤੇ ਭਾਰਤੀ ਖੇਤੀਬਾੜੀ ਆਰਥਿਕਤਾ ‘ਤੇ ਕੇਂਦਰਿਤ ਕੀਤਾ ਜਾਵੇਗਾ। ਖੇਤੀ ਨਾਲ ਸਬੰਧਿਤ ਅਤਿ-ਆਧੁਨਿਕ ਮਸ਼ੀਨਰੀ, ਸਾਜ਼ੋ-ਸਮਾਨ ਅਤੇ ਔਜ਼ਾਰਾਂ ਦੀ 35 ਏਕੜ ਰਕਬੇ ‘ਤੇ ਪ੍ਰਦਰਸ਼ਨੀ ਲਾਈ ਜਾਵੇਗੀ। ਤੁਪਕਾ ਸਿੰਚਾਈ, ਨੈੱਟ ਹਾਊਸਿੰਗ, ਪਸ਼ੂ ਧਨ ਦੀ ਪ੍ਰਦਰਸ਼ਨੀ ਦੇ ਵੀ 400 ਸਟਾਲ ਲਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਆਈ. ਸੀ. ਏ. ਆਰ. ਨਵੀਂ ਦਿੱਲੀ, ਡਾਇਰੈਕਟਰ ਆਫ਼ ਐਨੀਮਲ ਹਸਬੈਂਡਰੀ, ਡੇਅਰੀ ਐਂਡ ਫਿਸ਼ਰੀ ਨਵੀਂ ਦਿੱਲੀ, ਨੈਸ਼ਨਲ ਹਾਰਟੀਕਲਚਰ ਬੋਰਡ, ਨੈਸ਼ਨਲ ਸੀਡ ਕਾਰਪੋਰੇਸ਼ਨ, ਬੀਜੀ, ਨਵੀਂ ਦਿੱਲੀ, ਕੋਕੋਨਟ ਡਿਵੈਲਪਮੈਂਟ ਬੋਰਡ ਕੇਰਲਾ, ਨੈਸ਼ਨਲ ਐਗਰੀਕਲਚਰ ਕੋਅਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ਼ ਇੰਡੀਆ ਲਿਮਟਿਡ, ਨਵੀਂ ਦਿੱਲੀ, ਡਿਰੈਕਟੋਰੇਟ ਆਫ਼ ਪਲਾਂਟ ਪ੍ਰੋਟੈਕਸ਼ਨ ਫ਼ਰੀਦਾਬਾਦ, ਨੈਸ਼ਨਲ ਹਾਰਟੀਕਲਚਰ ਮਿਸ਼ਨ ਨਵੀਂ ਦਿੱਲੀ, ਨੈਸ਼ਨਲ ਕਮੇਟੀ ਔਨ ਪਲਾਸਟੀਕਲਚਰ ਐਪਲੀਕੇਸ਼ਨਜ਼ ਇਨ ਹਾਰਟੀਕਲਚਰ ਨਵੀਂ ਦਿੱਲੀ, ਸਟੇਟ ਫਾਰਮਰਜ ਐਗਰੀ ਬਿਜ਼ਨੈੱਸ ਕੋਨਸੋਰਟਿਜਮ ਨਵੀਂ ਦਿੱਲੀ, ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਗੁਜਰਾਤ, ਨੈਸ਼ਨਲ ਕੋਅਪਰੇਟਿਵ ਡਿਵੈਲਪਮੈਂਟ ਕੋਰਪੋਰੇਸ਼ਨ ਨਵੀਂ ਦਿੱਲੀ ਦੇ ਮੁੱਖ ਅਧਿਕਾਰੀ ਅਤੇ ਨੁਮਾਇੰਦੇ ਵੀ ਇਸ ਸੰਮੇਲਨ ਵਿੱਚ ਹਿੱਸਾ ਲੈਣਗੇ। ਸ. ਬਾਦਲ ਨੇ ਦੱਸਿਆ ਕਿ ਅਦਿੱਤਿਆ ਬਿਰਲਾ ਗਰੁੱਪ, ਟਾਟਾ ਕੈਮੀਕਲ,  ਮਹਿੰਦਰਾ ਐਂਡ ਮਹਿੰਦਰਾ ਐਗਰੀ ਬਿਜ਼ਨੈੱਸ, ਗੋਦਰੇਜ਼ ਐਗਰੋਵੈਟ, ਡਾਬਰ ਇੰਡੀਆ ਲਿਮਟਿਡ, ਆਈ ਟੀ ਸੀ, ਨੈਸਲੇ, ਕੋਕਾ ਕੋਲਾ, ਪੈਪਸੀਕੋ  ਇੰਡੀਆ, ਸ੍ਰੀਰਾਮ ਫੈਟਲਾਈਜ਼ਰ ਤੇ ਕੈਮੀਕਲ, ਨਿਊ ਹਾਲੈਂਡ ਫੀਏਟ ਇੰਡੀਆ ਲਿਮਟਿਡ, ਸਾਇਜੈਂਟਾ ਇੰਡੀਆ, ਵਿਮਕੋ ਲਿਮਟਿਡ, ਈ.ਆਈ. ਡੂਪੋਂਟ ਇੰਡੀਆ ਲਿਮਟਿਡ, ਕਾਰਗਿਲ ਇੰਡੀਆ ਪ੍ਰਾਈਵੇਟ ਲਿਮਟਿਡ, ਜੌਹਨ ਡੀਅਰ ਇੰਡੀਆ ਲਿਮਟਿਡ ਅਤੇ ਰੇਲੀਜ਼ ਇੰਡੀਆ ਲਿਮਟਿਡ ਵਰਗੀਆਂ ਵੱਡੀਆਂ ਕੰਪਨੀਆਂ ਵੀ ਹਿੱਸਾ ਲੈਣਗੀਆਂ।