ਪ੍ਰਨੀਤ ਕੌਰ ਸੰਧੂ ਦੀ ਬਿਰਹਾ ਦੇ ਦਰਦਾਂ ਦੀ ਦਾਸਤਾਨ

IMG_3412ਪ੍ਰਨੀਤ ਸੰਧੂ ਦੀਆਂ ਕਵਿਤਾਵਾਂ ਦਾ ਮੁਖ ਵਿਸ਼ਾ ਪਿਆਰ ਅਤੇ ਪਿਆਰ ਵਿੱਚ ਅਸਫਲਤਾ ਤੋਂ ਬਾਅਦ ਉਪਜੇ ਬਿਰਹਾ ਦੀ ਪੀੜ ਵਿੱਚ ਗੜੁਚ ਹਨ। ਉਹ ਆਪਣੀਆਂ ਕਵਿਤਾਵਾਂ ਵਿੱਚ ਪਿਆਰ ਦੇ ਗੀਤ ਹੀ ਗਾਉਂਦੀ ਹੈ ਖ਼ਾਸ ਤੌਰ ‘ਤੇ ਪ੍ਰੇਮੀ ਦੇ ਵਿਛੋੜੇ ਦੇ ਦਰਦ ਨੂੰ ਹੀ ਆਪ ਦੀਆਂ ਬਹੁਤੀਆਂ ਕਵਿਤਾਵਾਂ ਦਾ ਕੇਂਦਰ ਬਿੰਦੂ ਰੱਖਦੀ ਹੈ। ਪਿਆਰ ਨੂੰ ਉਹ ਸਫਲ ਜ਼ਿੰਦਗੀ ਦਾ ਹਿੱਸਾ ਮੰਨਦੀ ਹੈ। ਉਸ ਅਨੁਸਾਰ ਪਿਆਰ ਬਿਨਾ ਜ਼ਿੰਦਗੀ ਅਧੂਰੀ ਹੁੰਦੀ ਹੈ। ਇਸ ਲਈ ਉਹ ਪਿਆਰਿਆਂ ਨੂੰ ਸਲਾਹ ਵੀ ਦਿੰਦੀ ਹੈ ਕਿ ਮਾੜੀਆਂ ਮੋਟੀਆਂ ਭੁੱਲਾਂ ਅਤੇ ਗ਼ਲਤੀਆਂ ਨੂੰ ਅਣਡਿੱਠ ਕਰਕੇ ਵਸਲ ਦੀ ਜ਼ਿੰਦਗੀ ਦਾ ਆਨੰਦ ਮਾਣਨਾ ਚਾਹੀਦਾ ਹੈ। ਉਸ ਦੀ ਕਲਮ ਵਿੱਚ ਅਜਿਹੀ ਤਾਕਤ ਹੈ ਕਿ ਉਹ ਆਪਣੀਆਂ ਕਵਿਤਾਵਾਂ ਵਿਚਲੀ ਨਿੱਜੀ ਪੀੜ ਨੂੰ ਲੋਕਾਂ ਦੀ ਪੀੜ ਅਨੁਭਵ ਕਰਨ ਲਾ ਦਿੰਦੀ ਹੈ। ਉਸ ਦੀਆਂ ਕਵਿਤਾਵਾਂ ਬਿਰਹਾ ਦਾ ਅਜਿਹਾ ਤੁਣਕਾ ਲਗਾਉਂਦੀਆਂ ਹਨ, ਜਿਸ ਨਾਲ ਹਰ ਇਨਸਾਨ ਦਾ ਦਿਲ ਬਿਰਹਾ ਵਿੱਚ ਤੜਪ ਉੱਠਦਾ ਹੈ। ਉਸ ਦੀ ਪਲੇਠੀ ਪੁਸਤਕ ‘ਦਰਦਾਂ ਦੀ ਦਾਸਤਾਨ’ ਹੈ ਜਿਸ ਵਿੱਚ 82 ਕਵਿਤਾਵਾਂ ਹਨ। ਇਨ੍ਹਾਂ ਵਿਚੋਂ 58 ਕਵਿਤਾਵਾਂ ਪੰਜਾਬੀ ਭਾਸ਼ਾ ਵਿੱਚ ਅਤੇ 24 ਕਵਿਤਾਵਾਂ ਲਿਖੀਆਂ ਤਾਂ ਗੁਰਮੁਖੀ ਸਕਰਿਪਟ ਵਿੱਚ ਹੀ ਹਨ ਪ੍ਰੰਤੂ ਹਿੰਦੁਸਤਾਨੀ ਬੋਲੀ ਵਿੱਚ ਹਨ। ਇਉਂ ਲਗਦਾ ਹੈ ਕਿ ਪ੍ਰਨੀਤ ਕੌਰ ਸੰਧੂ ਨੇ ਆਪਣੇ ਪਿਆਰ ਦੀ ਅਸਫਲਤਾ ਨੂੰ ਕਵਿਤਾਵਾਂ ਦਾ ਰੂਪ ਦਿੱਤਾ ਹੈ, ਇਸ ਕਰਕੇ ਉਸ ਦੀਆਂ ਕਵਿਤਾਵਾਂ ਬੇਵਫ਼ਾਈ, ਬਿਰਹਾ, ਧੋਖਾ, ਫ਼ਰੇਬ, ਹੰਝੂ,……. ਹਉਕੇ, ਸ਼ਿਕਵੇ, ਨਿਹੋਰੇ, ਨਖ਼ਰੇ, ਅਰਮਾਨਾਂ ਅਤੇ ਗੁਨਾਹਾਂ ਦੇ ਆਲੇ ਦੁਆਲੇ ਹੀ ਘੁੰਮਣ-ਘੇਰੀਆਂ ਖਾਂਦੀਆਂ ਰਹਿੰਦੀਆਂ ਹਨ। ਲਗਭਗ ਹਰ ਕਵਿਤਾ ਵਿੱਚ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਜਿਨ੍ਹਾਂ ਦਾ ਸਿੱਧਾ ਸੰਬੰਧ ਉਦਾਸੀ ਦੇ ਆਲਮ ਨਾਲ ਹੁੰਦਾ ਹੈ। ਪਿਆਰਿਆਂ ਦੀਆਂ ਹਸਰਤਾਂ ਦਾ ਪੂਰਿਆਂ ਨਾ ਹੋਣਾ ਇਨਸਾਨੀ ਕਦਰਾਂ ਕੀਮਤਾਂ ਵਿੱਚ ਆਈਆਂ ਗਿਰਾਵਟਾਂ ਨੂੰ ਮੰਨਦੀ ਹੈ। ਬੇਕਦਰਿਆਂ ਨਾਲ ਸੰਸਾਰ ਭਰਿਆ ਪਿਆ ਹੈ, ਇਸ ਕਰਕੇ ਪਿਆਰ ਦੇ ਵਸਲ ਦੀ ਆਸ ਕਰਨੀ ਅਸੰਭਵ ਹੈ। ਫਿਰ ਵੀ ਉਹ ਆਪਣੀਆਂ ਕਵਿਤਾਵਾਂ ਵਿੱਚ ਖ਼ੁਆਬਾਂ ਦੀਆਂ ਲਹਿਰਾਂ ਵਿੱਚ ਡੁਬਕੀਆਂ ਮਾਰਦੀ ਰਹਿੰਦੀ ਹੈ। ਖ਼ੁਦਗ਼ਰਜ਼ ਦੋਸਤ ਆਪਣੀਆਂ ਖ਼ਾਹਿਸ਼ਾਂ ਦੀ ਪ੍ਰਾਪਤੀ ਤੋਂ ਬਾਅਦ ਅਧਵਾਟੇ ਛੱਡ ਕੇ ਭੱਜ ਜਾਂਦੇ ਹਨ। ਦੋਸਤੀ ਵਿੱਚ ਖ਼ੁਦਗ਼ਰਜ਼ੀ ਕਲੰਕ ਹੁੰਦੀ ਹੈ ਜੋ ਸੰਬੰਧਾਂ ਨੂੰ ਕਲੰਕਿਤ ਕਰ ਦਿੰਦੀ ਹੈ। ਨਾਲ ਦੀ ਨਾਲ ਉਹ ਇਹ ਵੀ ਕਹਿੰਦੀ ਹੈ ਕਿ ਮੁਹੱਬਤਾਂ ਵਿੱਚ ਜੁਦਾਈ ਦਾ ਹੋਣਾ ਕੁਦਰਤੀ ਹੁੰਦਾ ਹੈ, ਇਸ ਲਈ ਜੁਦਾਈ ਦੇ ਡਰ ਕਰਕੇ ਮੁਹੱਬਤਾਂ ਦੇ ਰਸਤੇ ਤਿਆਗਣੇ ਵੀ ਵਾਜਬ ਨਹੀਂ ਹੁੰਦੇ ਪ੍ਰੰਤੂ ਪਿਆਰ ਵਿੱਚ ਸ਼ੱਕ ਦੀ ਗੁੰਜਾਇਸ਼ ਹੋਣੀ ਨਹੀਂ ਚਾਹੀਦੀ। ਜਦੋਂ ਪਿਆਰ ਵਿੱਚ ਸ਼ੱਕ ਪੈਦਾ ਹੋ ਜਾਵੇ ਤਾਂ ਪਿਆਰ ਦੁਸ਼ਮਣ ਬਣ ਜਾਂਦਾ ਹੈ ਅਤੇ ਦਰਦਾਂ ਦੀ ਦਾਸਤਾਨ ਸ਼ੁਰੂ ਹੋ ਜਾਂਦੀ ਹੈ। ਇਸ਼ਕ ਵਿੱਚ ਖੱਜਲ ਖ਼ੁਆਰੀਆਂ ਤਾਂ ਹੁੰਦੀਆਂ ਹੀ ਹਨ, ਇਨ੍ਹਾਂ ਤੋਂ ਡਰਨਾ ਨਹੀਂ ਚਾਹੀਦਾ। ਉਹ ਇਹ ਵੀ ਮੰਨਦੀ ਹੈ ਕਿ ਇਸ਼ਕ ਤੋਂ ਬਿਨਾਂ ਜੀਵਨ ਨੀਰਸ ਹੈ ਅਤੇ ਇਸ਼ਕ ਨੇ ਦੁਨੀਆਂ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਪਾਗਲਪਣ ਦਾ ਦੂਜਾ ਨਾਂ ਇਸ਼ਕ ਹੈ। ਇਸ਼ਕ ਫਕੀਰ ਬਣਾ ਦਿੰਦਾ ਹੈ। ਹਾਸੇ ਅਤੇ ਖ਼ੁਸ਼ੀਆਂ ਖੋਹ ਕੇ ਇਸ਼ਕ ਗ਼ਮਾਂ ਦੇ ਸਮੁੰਦਰਾਂ ਵਿੱਚ ਸੁੱਟ ਦਿੰਦਾ ਹੈ ਜਿੱਥੋਂ ਨਿਕਲਣ ਲਈ ਪਿਆਰਿਆਂ ਦਾ ਜੀਵਨ ਦੁੱਭਰ ਕਰ ਦਿੰਦਾ ਹੈ। ਉਹ ਇਹ ਵੀ ਕਹਿੰਦੀ ਹੈ ਕਿ ਕੋਈ ਵੀ ਪਿਆਰਾ ਆਪਣੇ ਇਸ਼ਕ ਨੂੰ ਖੋਣਾ ਨਹੀਂ ਚਾਹੁੰਦਾ, ਆਸ਼ਕ ਮਸ਼ੂਕ ਬੁਰੇ ਨਹੀਂ ਹੁੰਦੇ ਪ੍ਰੰਤੂ ਮਜਬੂਰੀਆਂ ਉਨ੍ਹਾਂ ਦੇ ਰਸਤੇ ਵਿੱਚ ਪਹਾੜ ਬਣ ਕੇ ਆ ਖਲੋਂਦੀਆਂ ਹਨ। ਪ੍ਰਨੀਤ ਇਹ ਵੀ ਸਲਾਹ ਦਿੰਦੀ ਹੈ ਕਿ ਆਪਣੇ ਬਰਾਬਰ ਦਿਆਂ ਨਾਲ ਹੀ ਇਸ਼ਕ ਕਰੋ, ਆਪ ਤੋਂ ਵੱਡੇ ਹਮੇਸ਼ਾ ਧੋਖਾ ਦੇ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਯਾਰੀਆਂ ਨਿਭਦੀਆਂ ਨਹੀਂ, ਉਹ ਤਾਂ ਜਿਸਮਾਂ ਦੇ ਭੁੱਖੇ ਹੁੰਦੇ ਹਨ। ਇਨਸਾਨ ਦੀ ਸੋਚ ਬੁਰੀ ਨਹੀਂ ਹੁੰਦੀ, ਹਾਲਾਤ ਹੀ ਐਸੇ ਬਣ ਜਾਂਦੇ ਹਨ। ਆਪਣੀਆਂ ਕਵਿਤਾਵਾਂ ਵਿਚ ਉਹ ਸਿੱਟਾ ਕੱਢਦੀ ਹੈ ਕਿ ਭਾਵੇਂ ਇਸ਼ਕ ਦੇ ਜ਼ਖ਼ਮਾਂ ਦੇ ਦਰਦ ਗਹਿਰੇ ਹੁੰਦੇ ਹਨ ਪ੍ਰੰਤੂ ਇਹ ਦਰਦ ਹੀ ਜ਼ਿੰਦਗੀ ਜਿਊਣ ਦੀ ਵਜਹਿ ਹੁੰਦੇ ਹਨ। ਉਹ ਆਪਣੀਆਂ ਕਵਿਤਾਵਾਂ ਵਿੱਚ ਰੱਬ ਨੂੰ ਵੀ ਤਾਹਨੇ ਮਿਹਣੇ ਮਾਰਦੀ ਕਹਿੰਦੀ ਹੈ ਕਿ ਤੂੰ ਖ਼ੁਦ ਗ਼ਰੀਬ ਹੈਂ ਇਸੇ ਕਰਕੇ ਸਾਡੇ ਪਿਆਰ ਦੀ ਗ਼ਰੀਬੀ ਦੂਰ ਨਹੀਂ ਕਰ ਸਕਦਾ। ਤੂੰ ਦੁਨੀਆਂ ਨੂੰ ਬਣਾ ਅਤੇ ਮਿਟਾ ਸਕਦਾ ਹੈਂ ਤਾਂ ਪਿਆਰਿਆਂ ਨੂੰ ਮਿਲਾਉਣ ਵਿੱਚ ਤੈਨੂੰ ਕੀ ਤਕਲੀਫ਼ ਹੈ। ਪਿਆਰਿਆਂ ਦੇ ਦਿਲ ਜ਼ਿੱਦੀ ਹੁੰਦੇ ਹਨ, ਉਹ ਆਪਣੀ ਜ਼ਿੱਦ ਤੇ ਬਜ਼ਿਦ ਰਹਿੰਦੇ ਹਨ ਤੂੰ ਭਾਵੇਂ ਮਦਦ ਕਰ ਭਾਵੇਂ ਨਾ ਕਰ।
ਪ੍ਰਨੀਤ ਸੰਧੂ ਦਾ ਜਨਮ ਜਗਤਾਰ ਸਿੰਘ ਸੰਧੂ ਅਤੇ ਮਾਤਾ ਦਲਜੀਤ ਕੌਰ ਸੰਧੂ ਦੇ ਘਰ 7 ਅਪ੍ਰੈਲ 1987 ਨੂੰ ਫਗਵਾੜਾ ਵਿਖੇ ਹੋਇਆ। ਉਨ੍ਹਾਂ ਪ੍ਰਾਇਮਰੀ ਅਤੇ ਮਿਡਲ ਤੱਕ ਦੀ ਪੜ੍ਹਾਈ ਮਹਾਵੀਰ ਸੀਨੀਅਰ ਮਾਡਲ ਸਕੂਲ ਜੀ.ਟੀ.ਰੋਡ.ਕਰਨਾਲ ਹਰਿਆਣਾ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਪਲੱਸ ਟੂ ਸੈਫਰਨ ਪਬਲਿਕ ਸਕੂਲ ਫਗਵਾੜਾ ਤੋਂ ਪਾਸ ਕੀਤੀ। ਬੀ.ਸੀ.ਏ. ਕਰਨ ਲਈ ਉਸ ਨੇ ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ ਦਾਖ਼ਲਾ ਲੈ ਲਿਆ ਉੱਥੋਂ ਹੀ ਇਹ ਡਿਗਰੀ ਪ੍ਰਾਪਤ ਕੀਤੀ। ਉਸ ਤੋਂ ਮਗਰੋਂ ਅਦਿੱਤਿਆ ਮਹਾਂ ਵਿਦਿਆਲਿਆ ਨਾਰਥ ਕੈਂਪਸ ਨਵੀਂ ਦਿੱਲੀ ਵਿੱਚ ਦਾਖਲ ਹੋ ਗਈ, ਉੱਥੋਂ ਉਸ ਨੇ ਐਮ.ਸੀ.ਏ. ਦੀ ਡਿਗਰੀ ਪਾਸ ਕੀਤੀ। ਸਕੂਲ ਅਤੇ ਕਾਲਜ ਵਿੱਚ ਕਵਿਤਾਵਾਂ ਦੀਆਂ ਪੁਸਤਕਾਂ ਪੜ੍ਹਨ ਦਾ ਸ਼ੌਕ ਪੈਦਾ ਹੋ ਗਿਆ ਪ੍ਰੰਤੂ ਕਵਿਤਾਵਾਂ ਲਿਖਣਾ ਅਕਾਦਮਿਕ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਹੀ ਸ਼ੁਰੂ ਕੀਤਾ, ਜਦੋਂ ਪਿਆਰ ਦੇ ਵਣਜ ਵਿੱਚ ਗਹਿਰੀ ਸੱਟ ਵੱਜੀ। 2007 ਵਿੱਚ ਉਹ ਉਹ ਕੈਨੇਡਾ ਪ੍ਰਵਾਸ ਕਰ ਗਈ ਅਤੇ ਉੱਥੋਂ ਰੋਜ਼ਗਾਰ ਦੇ ਸਿਲਸਿਲੇ ਵਿੱਚ 2009 ਵਿੱਚ ਕੁਵੈਤ ਚਲੀ ਗਈ। ਆਪਣੀਆਂ ਬਹੁਤੀਆਂ ਕਵਿਤਾਵਾਂ ਕੁਵੈਤ ਵਿੱਚ ਬਿਰਹਾ ਦੀ ਜ਼ਿੰਦਗੀ ਬਤੀਤ ਕਰਦਿਆਂ ਹੀ ਲਿਖਿਆ ਹੈ।