ਪ੍ਰਵਾਸੀਆਂ ਵਿਰੁੱਧ ਵਰਤਿਆ ਜਾ ਰਿਹਾ ‘ਪਬਲਿਕ ਚਾਰਜ ਰੂਲ’ ਰੱਦ ਕੀਤਾ ਜਾਵੇ, 57 ਕਾਂਗਰਸ ਮੈਂਬਰਾਂ ਨੇ ਜੋਅ ਬਾਇਡੇਨ ਨੂੰ ਲਿਖਿਆ ਪੱਤਰ

ਸੈਕਰਾਮੈਂਟੋ / ਕੈਲੀਫੋਰਨੀਆ, 18 ਜਨਵਰੀ (ਹੁਸਨ ਲੜੋਆ ਬੰਗਾ) – 17 ਜਨਵਰੀ ਨੂੰ ਭਾਰਤੀ ਮੂਲ ਦੇ ਰਿਪਬਲਿਕਨ ਮੈਂਬਰ ਪਰਮਿਲਾ ਜੈਪਾਲ ਤੇ ਆਰ ਓ ਖੰਨਾ ਸਮੇਤ 57 ਕਾਂਗਰਸ ਮੈਂਬਰਾਂ ਨੇ ਰਾਸ਼ਟਰਪਤੀ ਚੁਣੇ ਗਏ ਜੋਅ ਬਾਇਡੇਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਅਹੁਦਾ ਸੰਭਾਲਣ ਉਪਰੰਤ ਉਹ ਫ਼ੌਰਨ ‘ਪਬਲਿਕ ਚਾਰਜ ਰੂਲ’ ਰੱਦ ਕਰ ਦੇਣ। ਪੱਤਰ ਵਿੱਚ ਕਿਹਾ ਗਿਆ ਹੈ ਕਿ ਪ੍ਰਵਾਸੀ ਭਾਈਚਾਰੇ ਵਿੱਚ ਖ਼ੌਫ਼ ਪੈਦਾ ਹੋ ਗਿਆ ਹੈ। ਪਿਛਲੇ ਤਿੰਨ ਸਾਲਾਂ ਦੌਰਾਨ ਜਦੋਂ ਤੋਂ ਟਰੰਪ ਨੇ ਇਹ ਨਿਯਮ ਥੋਪਣਾ ਸ਼ੁਰੂ ਕੀਤਾ ਹੈ ਪ੍ਰਵਾਸੀਆਂ ਨੇ ਸੰਘੀ ਲਾਭਾਂ ਲਈ ਆਪਣੇ ਆਪ ਨੂੰ ਦਰਜ ਕਰਵਾਉਣਾ ਬੰਦ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਵਿੱਚ ਡਰ ਪੈਦਾ ਹੋ ਗਿਆ ਹੈ ਕਿ ਇਸ ਨਾਲ ਗਰੀਨ ਕਾਰਡ ਲੈਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਸੱਟ ਵੱਜੇਗੀ। ਪੱਤਰ ਵਿੱਚ ਕਿਹਾ ਗਿਆ ਹੈ ਹਾਲਾਂ ਕਿ ਇਹ ਨਿਯਮ 1882 ਤੋਂ ਲਾਗੂ ਹਨ ਪਰ ਇਸ ਦੀ ਵਰਤੋਂ ਸ਼ਾਇਦ ਹੀ ਕਦੀ ਹੋਈ ਹੋਵੇ ਪਰ ਟਰੰਪ ਪ੍ਰਸ਼ਾਸਨ ਨੇ ਇਸ ਦੀ ਵਰਤੋਂ ਕੀਤੀ। ਪੱਤਰ ਅਨੁਸਾਰ ਬਹੁਤ ਸਾਰੀਆਂ ਅਦਾਲਤਾਂ ਨੇ ਇਸ ਨਿਯਮ ਨੂੰ ਲਾਗੂ ਕੀਤੇ ਜਾਣ ਤੋਂ ਰੋਕ ਦਿੱਤਾ ਸੀ ਪਰੰਤੂ ਟਰੰਪ ਪ੍ਰਸ਼ਾਸਨ 24 ਫਰਵਰੀ 2020 ਜਦੋਂ ਕੋਰੋਨਾ-19 ਮਹਾਂਮਾਰੀ ਸ਼ੁਰੂ ਹੋਈ ਸੀ, ‘ਪਬਲਿਕ ਚਾਰਜ ਰੂਲ’ ਅਮਲ ਵਿੱਚ ਲਿਆਉਣ ਵਿੱਚ ਕਾਮਯਾਬ ਹੋ ਗਿਆ ਸੀ। ਪੱਤਰ ਅਨੁਸਾਰ ਇਸ ਨਿਯਮ ਦੀ ਵਰਤੋਂ ਕਰਕੇ ਯੂ ਐੱਸ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸਿਜ਼, ਉਨ੍ਹਾਂ ਪ੍ਰਵਾਸੀਆਂ ਨੂੰ ਗਰੀਨ ਕਾਰਡ ਦੇਣ ਤੋਂ ਇਨਕਾਰ ਕਰ ਸਕਦੇ ਹਨ ਜਿਨ੍ਹਾਂ ਨੇ ਆਰਜ਼ੀ ਸਹਾਇਤਾ ਜਾਂ ਨਕਦੀ ਰਾਹਤ ਸਮੇਤ ਕੋਈ ਵੀ ਸੰਘੀ ਲਾਭ ਲਿਆ ਹੋਵੇਗਾ। ਇਸ ਨਿਯਮ ਦੀ ਵਰਤੋਂ ਹੋਰ ਦੇਸ਼ਾਂ ਵਿਚਲੇ ਅਮਰੀਕੀ ਕੌਂਸਲਖਾਨੇ ਜਾਂ ਦੂਤਘਰ ਵੀ ਪ੍ਰਵਾਸੀਆਂ ਵਿਰੁੱਧ ਵਰਤ ਸਕਦੇ ਹਨ ਤੇ ਉਹ ਵੀਜ਼ਾ ਦੇਣ ਤੋਂ ਨਾਂਹ ਕਰ ਸਕਦੇ ਹਨ। ਪੱਤਰ ਵਿੱਚ ਬੇਨਤੀ ਕੀਤੀ ਗਈ ਹੈ ਕਿ ਉਮਰ, ਅੰਗਰੇਜ਼ੀ ਬੋਲਣ ਦੀ ਸਮਰੱਥਾ ਤੇ ਕੰਮ ਕਰਨ ਦੀ ਯੋਗਤਾ ਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਜਦ ਕਿ ਪ੍ਰਵਾਸੀਆਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਇਸ ਨਿਯਮ ਤਹਿਤ ਵੱਡੀ ਉਮਰ ਦੇ ਲੋਕਾਂ ਨੂੰ ਅਮਰੀਕਾ ਵਿੱਚ ਦਾਖ਼ਲੇ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ‘ਪਬਲਿਕ ਚਾਰਜ ਰੂਲ’ ਦੀ ਪਹਿਲਾਂ ਵੀ ਬਹੁਤ ਅਲੋਚਨਾ ਹੋ ਚੁੱਕੀ ਹੈ ਤੇ ਇਸ ਨੂੰ ‘ ਬੇਰਹਿਮ ਵੈਲਥ ਟੈੱਸਟ’ ਦਾ ਨਾਂ ਦਿੱਤਾ ਜਾ ਚੁੱਕਾ ਹੈ ਜਿਸ ਦਾ ਮਕਸਦ ਗ਼ਰੀਬ ਪ੍ਰਵਾਸੀਆਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣਾ ਹੈ। ਪੱਤਰ ਵਿੱਚ ਮੰਗ ਕੀਤੀ ਹੈ ਕਿ ਨਾਗਰਿਕਤਾ ਲੈਣ ਦੀ ਪ੍ਰਕ੍ਰਿਆ ਦੌਰਾਨ ਇਸ ਨਿਯਮ ਦੀ ਵਰਤੋਂ ਨਹੀਂ ਹੋਣੀ ਚਾਹੀਦੀ । ਪੱਤਰ ਵਿੱਚ ਕਿਹਾ ਹੈ ਕਿ ‘ਇਸ ਸਮੇਂ ਜਦੋਂ ਕੋਵਿਡ ਮਹਾਂਮਾਰੀ ਫੈਲੀ ਹੋਈ ਹੈ ਤਾਂ ਇਸ ਗੱਲ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਹਰ ਇਕ ਦਾ ਟੈੱਸਟ ਹੋਵੇ ਤੇ ਇਲਾਜ ਹੋਵੇ। ਸਾਡੀ ਅਰਥ ਵਿਵਸਥਾ ਨੂੰ ਪ੍ਰਵਾਸੀਆਂ ਦੀ ਲੋੜ ਹੈ ਤੇ ਇਹ ਵੀ ਹਕੀਕਤ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ ਕਿ ਪ੍ਰਵਾਸੀਆਂ ਨੇ ਇਸ ਸੰਕਟ ਦੇ ਸਮੇਂ ਦੌਰਾਨ ਹੈਲਥ ਕੇਅਰ ਵਰਕਰਾਂ ਤੇ ਸਾਜ਼ ਸਮਾਨ ਦੇ ਸਪਲਾਇਰ ਵਜੋਂ ਮੋਹਰੇ ਹੋ ਕੇ ਕੰਮ ਕੀਤਾ ਹੈ। ਇੱਥੇ ਜ਼ਿਕਰਯੋਗ ਹੈ ਕਿ ਬਾਇਡੇਨ ਨੇ ਆਪਣੀ ਚੋਣ ਮੁਹਿੰਮ ਵੈੱਬਸਾਈਟ ਉੱਪਰ ‘ਪਬਲਿਕ ਚਾਰਜ ਰੂਲ’ ਵਾਪਸ ਲੈਣ ਦਾ ਵਾਅਦਾ ਕਰਦਿਆਂ ਕਿਹਾ ਸੀ ਕਿ ਇਹ ਅਮਰੀਕੀ ਕਦਰਾਂ ਕੀਮਤਾਂ ਤੇ ਸਾਡੇ ਦੇਸ਼ ਦੇ ਇਤਿਹਾਸ ਦੇ ਵਿਰੁੱਧ ਹੈ।