ਪ੍ਰਸਿੱਧ ਗਾਇਕ ਹਰਮਿੰਦਰ ਨੂਰਪੁਰੀ ਦੇ ਨਵੇਂ ਗੀਤ ‘ਧੀਆਂ’ ਦੀ ਵੀਡੀਓ ਸ਼ੂਟਿੰਗ ਹੋਈ ਮੁਕੰਮਲ

‘ਧੀਆਂ’: ਖ਼ੁਸ਼ੀਆਂ ਦਾ ਸਿਰਨਾਵਾਂ
ਹਰਜਿੰਦਰ ਸਿੰਘ ਬਸਿਆਲਾ ਦਾ ਲਿਖਿਆ ਗੀਤ ਹੋਵੇਗਾ ਜਲਦੀ ਰਿਲੀਜ਼
ਆਕਲੈਂਡ, 12 ਅਕਤੂਬਰ (ਅਮਰਜੀਤ ਸਿੰਘ ਸੈਣੀ) –
ਕੱਲ੍ਹ ਜਿੱਥੇ ਪੂਰੇ ਵਿਸ਼ਵ ਦੇ ਵਿੱਚ ‘ਅੰਤਰਰਾਸ਼ਟਰੀ ਕੰਨਿਆ ਦਿਵਸ’ ਮਨਾਇਆ ਗਿਆ ਉੱਥੇ ਪ੍ਰਸਿੱਧ ਪੰਜਾਬੀ ਗਾਇਕ ਹਰਮਿੰਦਰ ਨੂਰਪੁਰੀ ਨੇ ਆਪਣੇ ਆ ਰਹੇ ਨਵੇਂ ਗੀਤ ‘ਧੀਆਂ’ ਦੀ ਸ਼ੂਟਿੰਗ ਵੀ ਮੁਕੰਮਲ ਕਰ ਲਈ। ਇਹ ਗੀਤ ਨਿਊਜ਼ੀਲੈਂਡ ਵੱਸਦੇ ਪੱਤਰਕਾਰ ਤੇ ਲੇਖਕ ਸ. ਹਰਜਿੰਦਰ ਸਿੰਘ ਬਸਿਆਲਾ ਨੇ ਲਿਖਿਆ ਹੈ। ਇਸ ਦੀ ਆਡੀਓ ਰਿਕਾਰਡਿੰਗ ਤੋਂ ਬਾਅਦ ਇਸ ਦੀ ਵੀਡੀਓ ਰਿਕਾਰਡਿੰਗ ਕਰਕੇ ਦੁਨੀਆ ਦੇ ਵਿੱਚ ਇਹ ਸੰਦੇਸ਼ਾ ਛੱਡਣ ਦਾ ਯਤਨ ਕੀਤਾ ਜਾਵੇਗਾ ਕਿ ਅੱਜ ‘ਧੀਆਂ’ ਪੂਰੀ ਦੁਨੀਆ ਦੇ ਵਿੱਚ ਹਰ ਖੇਤਰ ਦੇ ਵਿੱਚ ਅੱਗੇ ਹਨ। ਇਹ ਧੀਆਂ ਆਪਣੇ ਜਿੱਥੇ ਇਕ ਪਰਿਵਾਰ ਦੀਆਂ ਖ਼ੁਸ਼ੀਆਂ ਦਾ ਸਿਰਨਾਵਾਂ ਹੋ ਨਿੱਬੜਦੀਆਂ ਹਨ ਉੱਥੇ ਮਾਪਿਆਂ ਦਾ ਪਰਛਾਵਾਂ ਬਣ ਜੀਵਨ ਦੇ ਅੰਤ ਤੱਕ ਪੇਕਿਆਂ ਨਾਲ ਪਿਆਰ ਦੀਆਂ ਤੰਦਾਂ ਮਜ਼ਬੂਤ ਬਣਾਈ ਰੱਖਦੀਆਂ ਹਨ।
ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਦਵਿੰਦਰ ਸਿੰਘ ਸੁੱਜੋਂ ਬੀਟ ਬ੍ਰਦਰਜ਼ ਨੰਗਲ ਵੱਲੋਂ ਜਦ ਕਿ ਮਿਕਸਿੰਗ ਦਾ ਕੰਮ ਮੋਹਾਲੀ ਤੋਂ ਦੇਬੂ ਸੁਖਦੇਵ ਨੇ ਕੀਤਾ ਹੈ। ਵੀਡੀਓ ਡਾਇਰੈਕਟਰ ਚਰਨਜੀਤ ਢੱਟ ਨੇ ਬੀਤੇ ਕੱਲ੍ਹ ਪੰਜਾਬੀ ਫ਼ਿਲਮੀ ਕਲਾਕਾਰ ਦੇ ਨਾਲ ਇਸ ਗੀਤ ਦੀ ਵੀਡੀਓਗ੍ਰਾਫੀ ਕੀਤੀ। ਇਨ੍ਹਾਂ ਕਲਾਕਾਰਾਂ ਦੇ ਵਿੱਚ ਸ. ਅੰਮ੍ਰਿਤਪਾਲ ਸਿੰਘ ਬਿੱਲਾ ਭਾਜੀ, ਮੈਡਮ ਪਰਮਿੰਦਰ ਕੌਰ ਗਿੱਲ ਅਤੇ ਮਾਡਲ ਪ੍ਰਭਲੀਨ ਕੌਰ ਸ਼ਾਮਿਲ ਹਨ। ਗਾਇਕ ਹਰਮਿੰਦਰ ਨੂਰਪੁਰੀ ਦੇ ਹੁਣ ਤੱਕ ਦੇ ਬੜੇ ਕਮਾਲ ਦੇ ਗੀਤ ਆ ਚੁੱਕੇ ਹਨ ਜਿਨ੍ਹਾਂ ਨੂੰ ਗੀਤਕਾਰ ਹਰਵਿੰਦਰ ਓਹੜਪੁਰੀ ਹੋਰਾਂ ਨੇ ਲਿਖਿਆ ਸੀ। ਇਹ ਗੀਤ ਆਉਣ ਵਾਲੇ ਕੁੱਝ ਦਿਨਾਂ ਦੇ ਵਿੱਚ ਰਿਲੀਜ਼ ਕੀਤਾ ਜਾਵੇਗਾ। ਵੀਡੀਓ ਰਿਕਾਰਡਿੰਗ ਸਿਨੇਮਾ ਪੱਧਰ ਦੀ ਤਕਨੀਕ ਕੈਮਰਿਆਂ ਨਾਲ ਕੀਤੀ ਗਈ ਹੈ। ਗਾਇਕ ਹਰਮਿੰਦਰ ਨੂਰਪੁਰੀ ਨੇ ਇਸ ਗੀਤ ਦੇ ਵਿੱਚ ਸਹਿਯੋਗ ਦੇਣ ਦੇ ਲਈ ਨਿਊਜ਼ੀਲੈਂਡ ਵੱਸਦੇ ਆਪਣੇ ਦੋਸਤਾਂ ਮਿੱਤਰਾਂ ਸ. ਦਲਬੀਰ ਸਿੰਘ ਲਸਾੜਾ, ਸ. ਖੜਗ ਸਿੰਘ, ਸ. ਕੁਲਦੀਪ ਸਿੰਘ ਰਈਆ, ਸ. ਸੰਨੀ ਸਿੰਘ, ਸ. ਜਰਨੈਲ ਸਿੰਘ ਹਜ਼ਾਰਾ, ਸ. ਅਵਤਾਰ ਤਰਕਸ਼ੀਲ ਅਤੇ ਹੋਰ ਮੀਡੀਆ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਹੈ।
ਸੋ ਅੱਜ ਦੇ ਪ੍ਰਚਲਿਤ ਗੀਤਾਂ ਦੇ ਵਿੱਚ ਧੀਆਂ ਨੂੰ ਸਮਰਪਿਤ ਗੀਤ ਪੇਸ਼ ਕਰਨਾ ਦਰਸਾਉਂਦਾ ਹੈ ਕਿ ਸੰਦੇਸ਼ ਵਾਹਕ ਗੀਤਾਂ ਦਾ ਵੇਲਾ ਹਮੇਸ਼ਾ ਬਰਕਰਾਰ ਰਹਿੰਦਾ ਹੈ। ਪਰਿਵਾਰਾਂ ਦੇ ਰਿਸ਼ਤਿਆਂ ਨੂੰ ਕਾਇਮ ਰੱਖਣ ਲਈ ਅਜਿਹੇ ਗੀਤਾਂ ਦੀ ਪ੍ਰਸ਼ੰਸਾ ਕਰਨੀ ਜ਼ਰੂਰ ਬਣਦੀ ਹੈ।