ਪੰਜਾਬੀ ਬੋਲੀ ਅਤੇ ਸਭਿਆਚਾਰ ਵਾਸਤੇ ਕੰਮ ਕਰਨ ਲਈ ਉਪ ਰਾਸ਼ਟਰਪਤੀ ਵਲੋਂ ਮਨਜੀਤ ਸਿੰਘ ਜੀ. ਕੇ. ਸਨਮਾਨਿਤ

ਨਵੀਂ ਦਿੱਲੀ – ਪੰਜਾਬੀ ਬੋਲੀ, ਸਭਿਆਚਾਰ ਅਤੇ ਰਿਤੀ ਰਿਵਾਜਾਂ ਨੂੰ ਭਰਵਾਂ ਹੁੰਗਾਰਾ ਦੇ ਕੇ ਪ੍ਰਚਾਰ ਕਰਨ ਵਾਸਤੇ ਸ਼ਾਨਦਾਰ ਸਹਿਯੋਗ ਦੇਣ ਕਰਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੇ ਕੀਤੇ ਕਾਰਜਾਂ ਨੂੰ ਉਸ ਵੇਲੇ ਮਾਨਤਾ ਮਿਲ ਗਈ ਜਦੋਂ ਦੇਸ਼ ਦੇ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਵਲੋਂ ਦੇਸ਼ ਦੇ ਸਾਬਕਾ ਚੀਫ਼ ਜਸਟੀਸ ਐਮ. ਐਨ. ਵੈਂਕਟਚਲਈਆ ਦੀ ਮੌਜੂਦਗੀ ਵਿੱਚ ਵਕਾਰੀ ਸਮਝੇ ਜਾਂਦੇ ਕੇਪਿਟਲ ਫਾਉਂਡੇਸ਼ਨ ਨੈਸ਼ਨਲ ਐਵਾਰਡ ਵਜੋਂ ਸਨਮਾਨਿਤ ਕੀਤਾ ਗਿਆ। ਮਨਜੀਤ ਸਿੰਘ ਜੀ. ਕੇ,. ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਸੇ ਪਹਿਲੇ ਪ੍ਰਧਾਨ ਨੇ ਜਿਨ੍ਹਾਂ ਨੂੰ ਬੀਤੇ ੬ ਮਹੀਨੇ ਦੌਰਾਨ ਕਮੇਟੀ ਦੇ ਪ੍ਰਧਾਨ ਵਜੋਂ ਕੀਤੇ ਸਮਾਜਿਕ…. ਕਾਰਜਾਂ ਕਰਕੇ ਸਨਮਾਨਿਤ ਕੀਤਾ ਗਿਆ ਹੈ। ਮਨਜੀਤ ਸਿੰਘ ਜੀ. ਕੇ. ਸਣੇ ਐਸ. ਜੈਪਾਲ ਰੇਡੀ, ਅਰੂਣ ਜੇਤਲੀ, ਲਲਿਤ ਭਸੀਨ, ਵਿਜਏ ਪੰਜਵਾਨੀ, ਜਸਟੀਸ ਕੇ. ਨਾਰਾਇਣ ਕੁਰੁਪ, ਲੈਫਟੀਨੈਂਟ ਜਨਰਲ ਐਸ.ਐ. ਹਸਨੈਨ, ਮੈਜਰ ਜਨਰਲ ਐਨ. ਸੀ. ਅਰੋੜਾ ਤੇ ਐਮ. ਜੀ. ਅਰੋੜਾ ਨੂੰ ਵੀ ਇਨ੍ਹਾਂ ਵਕਾਰੀ ਐਵਾਰਡਾ ਨਾਲ ਦਿੱਲੀ ਦੇ ਇੰਡੀਆ ਦੇ ਇਸਲਾਮਿਕ ਕਲਚਰਲ ਸੈਂਟਰ ਵਿਖੇ ਆਪਣੇ-ਆਪਣੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਸਤੇ ਉਪ ਰਾਸ਼ਟਰਪਤੀ ਵਲੋਂ ਸਨਮਾਨਿਤ ਕੀਤਾ ਗਿਆ।
ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਉਹ ਆਪਣੇ ਸਵਰਗਵਾਸੀ ਪਿਤਾ ਜਥੇਦਾਰ ਸੰਤੋਖ ਸਿੰਘ ਕਰਕੇ ਹੀ ਇਸ ਸਥਾਨ ‘ਤੇ ਪਹੁੰਚ ਪਾਏ ਨੇ ਤੇ ਉਨ੍ਹਾਂ ਦੇ ਪਿਤਾ ਨੇ ਸਿੱਖ ਕੌਮ ਦੀ ਭਲਾਈ ਅਤੇ ਚੜ੍ਹਦੀ ਕਲਾ ਵਾਸਤੇ ਆਪਣਾ ਪੁਰਾ ਜੀਵਨ ਸਮਾਜਿਕ ਕੰਮਾਂ ਤੇ ਕੌਮ ਦੇ ਲੇਖੇ ਲਾ ਦਿੱਤਾ ਸੀ। ੧੯੬੪ ਵਿੱਚ ਉਨ੍ਹਾਂ ਦੇ ਪਿਤਾ ਨੇ ਹੀ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਹੋਣ ਦੇ ਨਾਤੇ ਦਿੱਲੀ ਵਿਖੇ ਪੰਜਾਬੀ ਭਾਸ਼ਾ ਨੂੰ ਬਣਦਾ ਸਤਿਕਾਰ ਦਿਵਾਉਣ ਲਈ ਲੜਾਈ ਸ਼ੁਰੂ ਕੀਤੀ ਸੀ, ਕਿਉਂਕਿ ਪਾਕਿਸਤਾਨ ਤੋਂ ਬਟਵਾਰੇ ਤੋਂ ਬਾਅਦ ਉਸ ਵੇਲੇ ਦਿੱਲੀ ਵਿਖੇ ਪੰਜਾਬੀਆਂ ਦੀ ਵਸੋਂ ੭੦% ਸੀ ਤੇ ਉਨ੍ਹਾਂ ਦੇ ਯਤਨਾਂ ਸਦਕਾ ਹੀ ਦਿੱਲੀ ਵਿਖੇ ਹੋਰ ਭਾਸ਼ਾਵਾਂ ਦੇ ਨਾਲ ਰੋੜ ਸਾਈਨ ਬੋਰਡਾਂ ਤੇ ਪੰਜਾਬੀ ਵੀ ਲਿਖੀ ਜਾਣ ਲਗੀ ਅਤੇ ੧੯੮੦ ਵਿੱਚ ਦਿੱਲੀ ਵਿਖੇ ਪੰਜਾਬੀ ਅਕਾਦਮੀ ਹੋਂਦ ਵਿੱਚ ਆ ਸਕੀ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬੀ ਭਾਸ਼ਾ ਦੇ ਸਤਿਕਾਰ ਨੂੰ ਬਰਕਰਾਰ ਰਖਣ ਵਾਸਤੇ ਅੱਗੇ ਵੀ ਲੜਾਈ ਲੜਨ ਦਾ ਦਾਅਵਾ ਕਰਦੇ ਹੋਏ ਕਿਹਾ ਕਿ ੨੦੦੧ ਵਿੱਚ ਉਨ੍ਹਾਂ ਦੇ ਸਾਥੀਆਂ ਦੇ ਸਹਿਯੋਗ ਕਰਕੇ ਹੀ ਦਿੱਲੀ ਵਿੱਚ ਪੰਜਾਬੀ ਨੂੰ ਦੂਸਰੀ ਭਾਸ਼ਾ ਦਾ ਦਰਜਾ ਮਿਲਿਆ ਸੀ।