ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਵਲੋਂ ਉੱਘੇ ਪ੍ਰਵਾਸੀ ਲੇਖਕ ਸ. ਸ਼ਰਨਜੀਤ ਬੈਂਸ ਦੀ ਤੀਸਰੀ ਪੁਸਤਕ ਲੋਕ ਅਰਪਿਤ ਕੀਤੀ ਗਈ

ਕੈਲੀਫੋਰਨੀਆ, (ਹੁਸਨ ਲੜੋਆ ਬੰਗਾ) – ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿਖੇ ‘ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ’ ਵਲੋਂ ਮਾਸਿਕ ਮਿਲਣੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕਵੀਆਂ, ਗੀਤਕਾਰਾਂ, ਕਹਾਣੀਕਾਰਾਂ ਅਤੇ ਹੋਰ ਸਾਹਿਤਕ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਭਰਵੇਂ ਸਮਾਗਮ ਦੌਰਾਨ ਉੱਘੇ ਪ੍ਰਵਾਸੀ ਲੇਖਕ ਸ. ਸ਼ਰਨਜੀਤ ਬੈਂਸ ਦੀ ਤੀਸਰੀ ਪੁਸਤਕ ‘ਨਹੀਓ ਲੱਭਣੇ ਲਾਲ ਗੁਆਚੇ’ ਉਸਤਾਦ ਨੁਸਰਤ ਫਤਹਿ ਅਲੀ ਖਾਂ ਨੂੰ ਲੋਕ ਅਰਪਿਤ ਕੀਤਾ ਗਿਆ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਪੰਜਾਬ ਤੋਂ ਪਹੁੰਚੇ ਪ੍ਰੋ. ਸੁਹਿੰਦਰਬੀਰ ਨੇ ਬੋਲਦਿਆਂ ਕਿਹਾ ਕਿ ਉਸਤਾਦ ਨੁਸਰਤ ਫਤਹਿ ਅਲੀ ਖਾਂ ਦੇ ਸੰਗੀਤ ਦੀ ਕੁੱਲ ਕਾਇਨਾਤ ਸ਼ੁਦਾਈ ਹੈ। ਉਨ੍ਹਾਂ ਕਿਹਾ ਕਿ ਨੁਸਰਤ ਸਾਹਿਬ ਵਰਗੇ ਗਵੱਈਏ ਕਈ ਸਦੀਆਂ ਬਾਅਦ…. ਪੈਦਾ ਹੁੰਦੇ ਹਨ ਜੋ ਆਪਣੀ ਗਾਇਕੀ ਰਾਹੀਂ ਸੰਗੀਤ ਪ੍ਰੇਮੀਆਂ ਨੂੰ ਇੱਕ ਡੋਰੀ ਵਿੱਚ ਪਰੋ ਦਿੰਦੇ ਹਨ। ਉਨ੍ਹਾਂ ਹੋਰ ਕਿਹਾ ਕਿ ਅਜਿਹੀ ਮਹਾਨ ਸ਼ਖਸੀਅਤ ਉਪਰ ਪੁਸਤਕ ਲਿਖ ਕੇ ਸ. ਸ਼ਰਨਜੀਤ ਬੈਂਸ ਨੇ ਉਸ ਮਹਾਨ ਆਤਮਾ ਨੂੰ ਸੱਚੀ ਸ਼ਰਧਾਂਜਲੀ ਭੇਂਟ ਕੀਤੀ ਹੈ। ਇਸ ਮੌਕੇ ਚੇਤਨਾ ਪ੍ਰਕਾਸ਼ਨ ਲੁਧਿਆਣਾ ਦੇ ਮਾਲਕ ਸਤੀਸ਼ ਗੁਲ੍ਹਾਟੀ ਨੇ ਵੀ ਸ਼ਰਨਜੀਤ ਬੈਂਸ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਫਰੀਮਾਂਟ ਤੋਂ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਵਲੋਂ ਵੀ ਸ਼ਰਨਜੀਤ ਬੈਂਸ ਦੀ ਤੀਸਰੀ ਪੁਸਤਕ ਬਾਰੇ ਬੋਲਦਿਆਂ ਕਿਹਾ ਕਿ ਇਹ ਪੁਸਤਕ ਸੰਗੀਤ ਪ੍ਰੇਮੀਆਂ ਲਈ ਇੱਕ ਬੇ-ਮਿਸਾਲ ਤੋਹਫ਼ਾ ਹੈ। ਇਸ ਮੌਕੇ ਕਵਿੱਤਰੀ ਨੀਲਮ ਸੈਣੀ ਨੇ ਸ਼ਰਨਜੀਤ ਬੈਂਸ ਨੂੰ ਉਨ੍ਹਾਂ ਦੀ ਤੀਸਰੀ ਪੁਸਤਕ ਤੇ ਵਾਧਾਈ ਦਿੱਤੀ ਅਤੇ ਆਪਣੀ ਕਵਿਤਾ ‘ਆਦਤ ਹੀ ਬਣ ਗਈ ਹੈ ਮੇਰੀ, ਮੇਲ ਬਾਕਸ ਨੂੰ ਘੂਰਨ ਦੀ, ਬਿੱਲ-ਨੁਮਾ ਚਿੱਠੀਆਂ ਪੜ੍ਹ ਕੇ, ਅੰਦਰੋਂ ਅੰਦਰ ਝੂਰਨ ਦੀ’ ਸੁਣਾ ਕੇ ਵਾਹ ਵਾਹੀ ਖੱਟੀ। ਇਸ ਤੋਂ ਬਾਅਦ ‘ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਸੈਕਰਾਮੈਂਟੋ’ ਦੇ ਡਾਇਰੈਕਟਰ ਸ. ਰਠੇਸ਼ਵਰ ਸਿੰਘ ਸੂਰਾਪੁਰੀ ਨੇ ਬੋਲਦਿਆਂ ਕਿਹਾ ਕਿ ਸ਼ਰਨਜੀਤ ਬੈਂਸ ਦੀ ਪਹਿਲੀ ਪੁਸਤਕ ‘ਫ਼ਨਕਾਰ ਪੰਜ ਆਬ ਦੇ’ ਵੀ ਸੰਗੀਤ ਪ੍ਰੇਮੀਆਂ ਨੂੰ ਸਮਰਪਿਤ ਸੀ। ਉਨ੍ਹਾਂ ਕਿਹਾ ਕਿ ਸ.ਬੈਂਸ ਨੇ ਆਪਣੀ ਦੂਸਰੀ ਪੁਸਤਕ ‘ਸਤਨਾਜ਼ਾ’ ਰਾਹੀ ਸਮਾਜ ਦੇ ਗੰਭੀਰ ਮਸਲਿਆਂ ਨੂੰ ਬਖ਼ੂਬੀ ਪੇਸ਼ ਕੀਤਾ ਹੈ। ਉਨ੍ਹਾਂ ਅਗੇ ਬੋਲਦਿਆਂ ਕਿਹਾ ਕਿ ਸ. ਬੈਂਸ ਦੀ ਤੀਸਰੀ ਪੁਸਤਕ ‘ਨਹੀਓ ਲੱਭਣੇ ਲਾਲ ਗੁਆਚੇ’ ਇੱਕ ਬੇਮਿਸਾਲ ਪੁਸਤਕ ਹੈ। ਇਸ ਵਿੱਚ ਸ਼ਰਨਜੀਤ ਬੈਂਸ ਵਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਹੋਰ ਕਿਤੇ ਪੜਨ ਜਾਂ ਸੁਣਨ ਨੂੰ ਨਹੀਂ ਮਿਲੇਗੀ। ਇਸ ਪੁਸਤਕ ਲਈ ਉਨ੍ਹਾਂ ਨੇ ਸ਼ਰਨਜੀਤ ਬੈਂਸ ਨੂੰ ਵਧਾਈ ਦਿੱਤੀ। ਇਸ ਸਮਾਗਮ ਦੇ ਦੂਸਰੇ ਦੌਰ ਵਿੱਚ ਕਹਾਣੀ ਦਰਬਾਰ ਸ਼ੁਰੂ ਕੀਤਾ ਗਿਆ ਜਿਸ ਵਿੱਚ ਤਤਿੰਦਰ ਕੌਰ, ਮਹਿੰਦਰ ਸਿੰਘ ਘੱਗ, ਜੋਤੀ ਸਿੰਘ, ਜਸ ਫ਼ਿਜ਼ਾ ਅਤੇ ਜਸਵੰਤ ਜੱਸੀ ਸ਼ੀਂਮਾਰ ਨੇ ਆਪਣੀਆਂ ਤਾਜ਼ੀਆਂ ਲਿਖੀਆਂ ਕਹਾਣੀਆਂ ਸੁਣਾ ਕੇ ਵਾਹਵਾ ਖੱਟੀ। ਇਸ ਮੌਕੇ ਪਰਮਿੰਦਰ ਰਾਏ ਵਲੋਂ ਲਿਖੀ ਹੋਈ ਕਿਤਾਬ ‘ਭਰਮਾਂ ਦਾ ਨਾਸ’ ਵੀ ਨੂੰ ਲੋਕ-ਅਰਪਤ ਕੀਤਾ ਗਿਆ। ਇਸ ਸਮਾਗਮ ਵਿੱਚ ਪਹੁੰਚੇ ਕਵੀਆਂ, ਗੀਤਕਾਰਾਂ ਨੇ ਵੀ ਆਪਣੀਆਂ ਰਚਨਾਵਾਂ ਪੇਸ਼ ਕਰਕੇ ਵਾਹ ਵਾਹੀ ਖੱਟੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਾਜ ਸੈਣੀ, ਪ੍ਰਧਾਨ ਦਲਵੀਰ ਦਿਲ ਨਿਝਰ, ਹਰਬੰਸ ਸਿੰਘ ਜਗਿਆਸੂ ਅਤੇ ਤਾਰਾ ਸਾਗਰ, ਇੰਦਰਜੀਤ ਗਰੇਵਾਲ, ਮਨਜੀਤ ਕੌਰ, ਮਹਿੰਦਰ ਕੌਰ, ਕਮਲ ਬੰਗਾ, ਜੀਵਨ ਰੱਤੂ, ਇੰਦਰਜੀਤ ਗਰੇਵਾਲ, ਹਰਬੰਸ ਸਿੰਘ ਜਗਿਆਸੂ, ਪਰਮਿੰਦਰ ਸਿੰਘ ਰਾਏ, ਅਜਮੇਰ ਸਿੰਘ ਸੰਧੂ, ਪ੍ਰਸਿੱਧ ਗਾਇਕ, ਕੁਲਵਿੰਦਰ ਸਿੰਘ, ਰਮੇਸ਼ ਬੰਗੜ, ਪਰਮਿੰਦਰ ਸਿੰਘ ਰਾਏ, ਦਲਜੀਤ ਸੂਦ ਆਦਿ ਹਾਜ਼ਰ ਸਨ।