ਪੰਜਾਬ ‘ਚੋਂ 40 ਕਲਾਕਾਰ ਕਿਸਾਨ ਅੰਦੋਲਨ ਦੀ ਹਮਾਇਤ ਲਈ ਟਿਕਰੀ ਬਾਰਡਰ ਪੁੱਜੇ

ਅਸੀਂ ਕਿਸਾਨਾਂ ਦੇ ਬੱਚੇ ਹਾਂ ਤੇ ਅੰਦੋਲਨ ਦੀ ਹਮਾਇਤ ਕਰਦੇ ਹਾਂ – ਪੰਜਾਬੀ ਕਲਾਕਾਰ
ਟਿਕਰੀ ਬਾਰਡਰ (ਨਵੀਂ ਦਿੱਲੀ), 10 ਫਰਵਰੀ
– ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ‘ਤੇ ਪਿਛਲੇ ਢਾਈ ਮਹੀਨਿਆਂ ਤੋਂ ਜਾਰੀ ਕਿਸਾਨ ਅੰਦੋਲਨ ‘ਚ ਆਪਣੀ ਹਾਜ਼ਰੀ ਲੁਆਉਣਾ ਲਈ ਪੰਜਾਬ ਦੇ ਗਾਇਕ, ਫ਼ਿਲਮੀ ਕਲਾਕਾਰ, ਕਾਮੇਡੀ ਕਲਾਕਾਰ ਅਤੇ ਹੋਰ ਰੰਗ ਮੰਚ ਨਾਲ ਜੁੜੇ ਕਲਾਕਾਰ ਕਾਫ਼ਲੇ ਦੇ ਰੂਪ ਵਿੱਚ ਟਿਕਰੀ ਬਾਰਡਰ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਮੁੱਖ ਸਟੇਜ ਪਕੌੜਾ ਚੌਂਕ ਬਹਾਦਰਗੜ੍ਹ ਪਹੁੰਚੇ। ਜਿਵੇਂ ਹੀ ਪੰਜਾਬੀ ਕਲਾਕਾਰਾਂ ਦਾ ਕਾਫ਼ਲਾ ਸਟੇਜ ਦੇ ਪੰਡਾਲ ਨੇੜੇ ਪੁੱਜਾ ਤਾਂ ਕਿਸਾਨ ਕਲਾਕਾਰ ਏਕਤਾ ਦੇ ਨਾਅਰਿਆਂ ਨਾਲ ਅਸਮਾਨ ਗੂੰਜ ਉੱਠਿਆ। ਗਾਇਕ ਪੰਮੀ ਬਾਈ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਕੋਈ ਭਾਸ਼ਣ ਨਹੀਂ ਦੇਣ ਆਏ ਬਲਕਿ ਤੁਹਾਡਾ ਹੌਸਲਾ ਵਧਾਉਣ ਆਏ ਹਾਂ। ਬਾਲੀਵੁੱਡ ਦੇ ਚਾਰ ਕਲਾਕਾਰ ਅੰਦੋਲਨ ਖ਼ਿਲਾਫ਼ ਬੋਲ ਰਹੇ ਹਨ ਤੇ ਅਸੀਂ ਚਾਲੀ ਕਲਾਕਾਰ ਤੁਹਾਡੇ ਹੱਕ ‘ਚ ਹਾਂ। ਕਾਮੇਡੀ ਅਤੇ ਫ਼ਿਲਮੀ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਕਿ ਤੁਹਾਡੇ ਹੌਸਲੇ ਅਤੇ ਏਕੇ ਤੋਂ ਤੁਹਾਡੇ ਵਿਰੋਧੀ ਘਬਰਾਏ ਹਨ। ਕਰਮਜੀਤ ਅਨਮੋਲ ਨੇ ਕੰਮੀਆਂ ਦਾ ਵਿਹੜਾ ਗੀਤ ਗਾ ਕੇ ਰੰਗ ਬੰਨ੍ਹ ਦਿੱਤਾ। ਇਸ ਮੌਕੇ ਮੈਡਮ ਨਿਰਮਲ ਰਿਸ਼ੀ, ਸੁਨੀਤਾ ਧੀਰ, ਸਰਦਾਰ ਸੋਹੀ, ਮੈਡਮ ਭੰਗੂ, ਬੀਨੂ ਢਿੱਲੋਂ, ਰੂਪੀ ਬਰਨਾਲਾ, ਸਵਿੰਦਰ ਮਾਹਲ, ਰਤਨ ਔਲਖ, ਮਲਕੀਤ ਰੌਣੀ, ਰਾਜਵੀਰ ਜਵੰਦਾ, ਰਾਖੀ ਹੁੰਦਲ, ਚਾਚਾ ਰੌਣਕੀ ਰਾਮ, ਸਿਕੰਦਰ ਸਲੀਮ, ਗੁਰਮੀਤ ਸਾਜਨ, ਰਵਿੰਦਰ ਮੰਡ, ਕੁਮਾਰ ਪਵਨਦੀਪ, ਜੱਗੀ ਧੂਰੀ, ਬੀਬਾ ਰਾਜ ਧਾਲੀਵਾਲ, ਡਾਕਟਰ ਰਣਜੀਤ, ਭੁਪਿੰਦਰ ਬਰਨਾਲਾ, ਸੰਦੀਪ ਪੰਨੂ, ਸੀਮਾ ਕੌਸ਼ਿਕ, ਸਤਵੰਤ ਕੌਰ ਆਦਿ ਪੰਜਾਬੀ ਕਲਾਕਾਰਾਂ ਨੇ ਇੱਕ ਸੁਰ ਵਿੱਚ ਕਿਸਾਨਾਂ ਨੂੰ ਕਿਹਾ ਕਿ ਅਸੀਂ ਇੱਥੇ ਅੰਦੋਲਨ ‘ਚ ਤੁਹਾਡੇ ਨਾਲ ਹਿੱਸਾ ਪਾਉਣ ਆਏ ਹਾਂ। ਅਸੀਂ ਵੀ ਕਿਸਾਨਾਂ ਦੇ ਪੁੱਤਰ ਧੀਆਂ ਹਾਂ। ਸਮੁੱਚਾ ਕਲਾਕਾਰ ਭਾਈਚਾਰਾ ਹਮੇਸ਼ਾ ਤੁਹਾਡੇ ਨਾਲ ਚਟਾਨ ਵਾਂਗ ਖੜ੍ਹਾ ਰਹੇਗਾ।