ਪੰਜਾਬ ਤੇ ਹਰਿਆਣਾ ‘ਚ ਠੰਢ ਦਾ ਕਹਿਰ ਜਾਰੀ

ਚੰਡੀਗੜ੍ਹ – ਠੰਢ ਨੇ ਪੰਜਾਬ ਤੇ ਹਰਿਆਣਾ ਦੇ ਲੋਕਾਂ ਨੂੰ ਆਪਣੇ ਕਹਿਰ ਹੇਠ ਦੱਬਿਆ ਹੋਇਆ ਹੈ ਤੇ ਦੋਵਾਂ ਸੂਬਿਆਂ ਵਿੱਚ ਤਾਪਮਾਨ ਆਮ ਨਾਲੋਂ ਥੋੜ੍ਹਾ ਰਿਹਾ। ਲੁਧਿਆਣਾ, ਅੰਮ੍ਰਿਤਸਰ ਤੇ ਕਰਨਾਲ ਸਣੇ ਕੁਝ ਹੋਰ ਹਲਕਿਆਂ ਵਿੱਚ ਧੁੰਦ ਛਾਈ ਰਹੀ ਤੇ ਆਮ ਜਨ ਜੀਵਨ ਪ੍ਰਭਾਵਿਤ ਰਿਹਾ। ਪੰਜਾਬ ਵਿੱਚ ਅੰਮ੍ਰਿਤਸਰ ਸਭ ਨਾਲੋਂ ਠੰਢਾ ਰਿਹਾ, ਜਿੱਥੇ ਤਾਪਮਾਨ 2.8 ਡਿਗਰੀ ਰਿਹਾ ਜਦੋਂ ਕਿ ਲੁਧਿਆਣਾ ‘ਚ 5 ਤੇ ਪਟਿਆਲਾ ‘ਚ 5.5 ਡਿਗਰੀ ਰਿਹਾ। ਹਰਿਆਣਾ ਦਾ ਨਾਰਨੌਲ ਸਭ ਤੋਂ ਵੱਧ ਠੰਢਾ ਰਿਹਾ। ਮੌਸਮ ਵਿਭਾਗ ਦੇ ਸੂਤਰਾਂ ਅਨੁਸਾਰ ਨਾਰਨੌਲ ਵਿੱਚ ਘੱਟ ਤੋਂ ਘੱਟ ਤਾਪਮਾਨ 2.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਕਰਨਾਲ ਦਾ ਤਾਪਮਾਨ 4.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੋ ਆਮ ਨਾਲੋਂ 3 ਡਿਗਰੀ ਘੱਟ ਸੀ। ਅੰਬਾਲਾ ਤੇ ਭਿਵਾਨੀ ਦਾ ਤਾਪਮਾਨ ਕ੍ਰਮਵਾਰ 6.5 ਡਿਗਰੀ ਤੇ 4.5 ਡਿਗਰੀ ਰਿਹਾ।