ਪੰਜਾਬ ਦਾ ਸੀਨੀਅਰ ਨੈਸ਼ਨਲ ਹਾਕੀ ਚੈਪੀਅਨਸ਼ਿਪ ‘ਤੇ ਕਬਜ਼ਾ

ਬੰਗਲੌਰ – ਇੱਥੇ ਹਾਕੀ ਇੰਡੀਆ ਵਲੋਂ ਕਰਵਾਈ ਦੂਜੀ ਸੀਨੀਅਰ ਨੈਸ਼ਨਲ ਹਾਕੀ ਚੈਪੀਅਨਸ਼ਿਪ ਦੇ ਫਾਈਨਲ ਵਿੱਚ ਪੰਜਾਬ ਨੇ ਏਅਰ ਇੰਡੀਆ ਦੀ ਟੀਮ ਨੂੰ ਗੋਲਡਨ ਗੋਲ ਰਾਹੀਂ ਮਾਤ ਦੇ ਕੇ ਚੈਪੀਅਨਸ਼ਿਪ ‘ਤੇ ਕਬਜ਼ਾ ਕਰ ਲਿਆ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਨੇ ਜੂਨੀਅਰ ਨੈਸ਼ਨਲ ਹਾਕੀ ਚੈਪੀਅਨਸ਼ਿਪ ‘ਤੇ ਵੀ ਕਬਜ਼ਾ ਕੀਤਾ ਸੀ। ਕੋਚ ਉਲੰਪੀਅਨ ਬਲਜੀਤ ਸਿੰਘ ਸੈਣੀ ਤੇ ਮੈਨੇਜਰ ਉਲੰਪੀਅਨ ਸੰਜੀਵ ਕੁਮਾਰ ਨੇ ਟੀਮ ਦੇ ਖਿਡਾਰੀਆਂ ਦੀ ਚੰਗੀ ਖੇਡ ਦੀਆਂ ਤਾਰੀਫ਼ਾਂ ਕੀਤੀਆਂ। ਫਾਈਨਲ ਮੈਚ ਵਿੱਚ ਦੋਵੇਂ ਟੀਮਾਂ ਪੂਰੇ ਸਮੇਂ 1-1 ਦੀ ਬਰਾਬਰੀ ‘ਤੇ ਰਹੀਆਂ। ਗੋਲਡਨ ਗੋਲ ਰਾਹੀਂ ਪੰਜਾਬ ਦੀ ਟੀਮ ਨੇ ਏਅਰ ਇੰਡੀਆ ‘ਤੇ 2-1 ਦੀ ਜਿੱਤ ਹਾਸਲ ਕਰਕੇ ਇਤਿਹਾਸ ਸਿਰਜ ਦਿੱਤਾ। ‘ਮੈਨ ਆਫ਼ ਦਾ ਫਾਈਨਲ’ ਪ੍ਰਬਦੀਪ ਸਿੰਘ (ਪੰਜਾਬ), ‘ਬੈਸਟ ਡਿਵੇਂਡਰ’ ਗੁਰਜਿੰਦਰ ਸਿੰਘ (ਪੰਜਾਬ), ‘ਬੈਸਟ ਫਾਰਵਡ’ ਅਰਜੁਨ ਹਲਪਾ (ਏਅਰ ਇੰਡੀਆ) ਅਤੇ ‘ਅਪ-ਕਮਿੰਗ ਪਲੇਅਰ’ ਐਮ. ਬੀ. ਆਇਅਪਾ (ਕਰਨਾਟਕਾ) ਨੂੰ ਐਲਾਨਿਆ ਗਿਆ।
ਦੂਜੀ ਸੀਨੀਅਰ ਨੈਸ਼ਨਲ ਹਾਕੀ ਚੈਪੀਅਨਸ਼ਿਪ ਜਿੱਤਣ ‘ਤੇ ਹਾਕੀ ਪੰਜਾਬ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਾਲ-ਨਾਲ ਹਾਕੀ ਪੰਜਾਬ ਦੇ ਜਨਰਲ ਸਕੱਤਰ ਪਦਮ ਸ੍ਰੀ ਪਰਗਟ ਸਿੰਘ ਨੇ ਟੀਮ ਦੇ ਖਿਡਾਰੀਆਂ ਤੇ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ।