ਪੰਜਾਬ ਦੇ ਲੋਕਾਂ ਦੇ ਸਰਬਪੱਖੀ ਵਿਕਾਸ ਨੂੰ ਮਿਲਿਆ ਭਰਵਾਂ ਹੁੰਗਾਰਾ – ਸੁਖਬੀਰ ਸਿੰਘ ਬਾਦਲ

ਮੋਹਾਲੀ, 16 ਅਗਸਤ (ਏਜੰਸੀ) – ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 15 ਅਗਸਤ ‘ਤੇ ਇਹ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਸੂਬੇ ਅੰਦਰ ਸਰਬਪੱਖੀ ਵਿਕਾਸ ਦੇ ਏਜੰਡੇ ਨੂੰ ਜਾਰੀ ਰੱਖਣ ਲਈ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੂੰ ਵੱਡਾ ਫਤਵਾ ਦੇ ਕੇ ਦੇਸ਼ ਅੰਦਰ ਨਵਾਂ ਇਤਿਹਾਸ ਸਿਰਜਿਆ ਹੈ।
ਇਥੇ ਸਥਾਨਕ ਫੇਜ਼-6 ਸਥਿਤ ਸਰਕਾਰੀ ਕਾਲਜ ਵਿਖੇ ਆਜ਼ਾਦੀ ਦਿਵਸ ਸਮਾਗਮ ਦੌਰਾਨ ਤਿਰੰਗਾ ਲਹਿਰਾਉਣ ਉਪਰੰਤ ਆਪਣੇ ਸੰਬੋਧਨ ਵਿੱਚ ਸ. ਬਾਦਲ ਨੇ ਕਿਹਾ ਕਿ ਇਸ ਇਤਿਹਾਸਕ ਲੋਕ ਫਤਵੇ ਨੇ ਸਾਡੇ ਅੱਗੇ ਪੰਜਾਬ ਦੇ ਲੋਕਾਂ ਦੀਆਂ ਅੱਗੇ ਨਾਲੋਂ ਵਧੀਆਂ ਉਮੀਦਾਂ ਅਤੇ ਖ਼ਾਹਸ਼ਾਂ ਦੀ ਪੂਰਤੀ ਦੀ ਚੁਣੌਤੀ ਪੇਸ਼ ਕੀਤੀ ਹੈ। ਉਨ੍ਹਾਂ ਪੰਜਾਬ ਦੇ ਵਿਕਾਸ ਏਜੰਡੇ ਨੂੰ ਹੋਰ ਵੀ ਵਧੇਰੇ ਸ਼ਿੱਦਤ ਨਾਲ ਜਾਰੀ ਰੱਖਣ ਦਾ ਪ੍ਰਣ ਕਰਦਿਆਂ ਕਿਹਾ ਕਿ ਉਹ ਪੰਜਾਬ ਨੂੰ ਦੇਸ਼ ਦੇ……. ਵਿਕਾਸ ਮੰਚ ਤੇ ਨੰਬਰ 1 ਰਾਜ ਬਣਾਉਣ ਲਈ ਦ੍ਰਿੜ ਸੰਕਲਪ ਹਨ।
ਸੂਬੇ ਦੇ ਸੰਗਠਿਤ ਵਿਕਾਸ ‘ਤੇ ਧਿਆਨ ਕੇਂਦਰਤ ਕਰਦੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਅਗਲੇ 25 ਸਾਲ ਦਰਪੇਸ਼ ਆਉਣ ਵਾਲੀਆਂ ਚੁਨੌਤੀਆਂ ਦੇ ਮੱਦੇ ਨਜ਼ਰ ਆਪਣਾ ਭਵਿੱਖੀ ਪ੍ਰੋਗਰਾਮ ਤਹਿ ਕੀਤਾ ਹੈ ਅਤੇ ਸੂਬੇ ਭਰ ਵਿੱਚ ਸਾਰੇ ਵਿਕਾਸ ਪ੍ਰਾਜੈਕਟ ਅਤੇ ਪ੍ਰੋਗਰਾਮ ਇਸੇ ਤੱਥ ਨੂੰ ਮੱਦੇ ਨਜ਼ਰ ਰੱਖ ਕੇ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਾਲ 2014 ਵਿੱਚ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਜਾਵੇਗਾ ਜਿਸ ਦੇ ਸਾਰੇ ਸ਼ਹਿਰ ਅਤੇ ਪ੍ਰਮੁੱਖ ਕਸਬੇ 4/6 ਮਾਰਗੀ ਸੜਕਾਂ ਨਾਲ ਜੁੜੇ ਹੋਣਗੇ।
ਪੰਜਾਬ ਦੇ ਦੇਸ਼ ਦੇ ਬਾਕੀ ਹਿੱਸਿਆਂ ਨਾਲ ਬਿਹਤਰ ਸੰਪਰਕ ਦੀ ਲੋੜ ‘ਤੇ ਜ਼ੋਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਮੋਹਾਲੀ ਹਵਾਈ ਅੱਡੇ ਦੇ ਨਿਰਮਾਣ ਦਾ ਕਾਰਜ ਵਿਸ਼ਵ ਪ੍ਰਸਿੱਧ ਲਾਰਸਨ ਅਤੇ ਟੂਬਰੋ ਕੰਪਨੀ ਨੂੰ ਅਲਾਟ ਹੋਇਆ ਹੈ ਅਤੇ ਨਵਾਂ ਟਰਮੀਨਲ ਅਗਲੇ 16 ਮਹੀਨਿਆਂ ਦੌਰਾਨ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਲੁਧਿਆਣਾ ਹਵਾਈ ਅੱਡੇ ਦੇ ਵਿਸਥਾਰ ਲਈ ਲੋੜੀਂਦੀ ਜ਼ਮੀਨ ਖਰੀਦ ਲਈ ਹੈ ਅਤੇ ਉਥੇ ਰਾਤ ਸਮੇਂ ਹਵਾਈ ਜਹਾਜ਼ ਉੱਤਰਨ ਲਈ ਲੋੜੀਂਦੇ ਉਪਕਰਣ ਸਥਾਪਿਤ ਕਰ ਦਿੱਤੇ ਹਨ ਅਤੇ ਇਸ ਵਿਸਥਾਰ ਦਾ ਮਕਸਦ ਉਥੇ ਬੋਇੰਗ 320 ਜਹਾਜ਼ਾਂ ਦੇ ਉੱਤਰਨ ਦੀ ਵਿਵਸਥਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਹਵਾਈ ਅੱਡੇ ਤੋਂ ਘਰੇਲੂ ਉਡਾਣਾਂ ਅਗਲੇ ਮਹੀਨੇ ਸ਼ੁਰੂ ਹੋ ਜਾਣਗੀਆਂ ਅਤੇ ਰਾਜ ਸਰਕਾਰ ਵਲੋਂ ਆਦਮਪੁਰ ਸਥਿਤ ਏਅਰ ਫੋਰਸ ਦੇ ਹਵਾਈ ਅੱਡੇ ਤੋਂ ਘਰੇਲੂ ਉਡਾਣਾਂ ਸ਼ੁਰੂ ਕਰਨ ਦੀ ਆਗਿਆ ਵੀ ਕੇਂਦਰ ਸਰਕਾਰ ਤੋਂ ਮੰਗੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਹਵਾਈ ਅੱਡਿਆਂ ਦੀ ਸਥਾਪਨਾ ਨਾਲ ਪੰਜਾਬ ਦੇਸ਼ ਦਾ ਅਜਿਹਾ ਪਹਿਲਾ ਸੂਬਾ ਬਣ ਜਾਵੇਗਾ ਜਿਥੇ ਹਰ 60 ਕਿ. ਮੀ. ‘ਤੇ ਕੌਮਾਂਤਰੀ ਹਵਾਈ ਅੱਡਾ ਹੋਵੇਗਾ।
ਅਗਲੇ ਸਾਲ ਤੱਕ ਸੂਬੇ ਅੰਦਰ ਚਿਰਾਂ ਤੋਂ ਚੱਲੀ ਆ ਰਹੀ ਬਿਜਲੀ ਦੀ ਕਮੀ ਦੀ ਸਮੱਸਿਆ ਦੇ ਸਦੀਵੀਂ ਹੱਲ ਦਾ ਵਾਅਦਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਅਗਲੇ ਵਰ੍ਹੇ ਤਲਵੰਡੀ ਸਾਬੋ, ਰਾਜ ਪੁਰਾ ਅਤੇ ਗੋਇੰਦਵਾਲ ਸਾਹਿਬ ਵਿਖੇ ਥਰਮਲ ਪਲਾਂਟਾਂ ਦੇ ਮੁਕੰਮਲ ਹੋ ਜਾਣ ਨਾਲ ਪੰਜਾਬ ਦੇਸ਼ ਦਾ ਪਹਿਲਾ ਬਿਜਲੀ ਦੀ ਬਹੁਤਾਤ ਵਾਲਾ ਸੂਬਾ ਬਣ ਜਾਵੇਗਾ।
ਨਸ਼ੀਲੇ ਪਦਾਰਥਾਂ ਦੇ ਕਾਰੋਬਾਰੀਆਂ ਵਿਰੁੱਧ ਆਪਣੀ ਲੜਾਈ ਨੂੰ ਹੋਰ ਤੇਜ਼ ਕਰਨ ਦਾ ਨਿਸ਼ਚਾ ਦੁਹਰਾਉਂਦਿਆਂ ਸ. ਬਾਦਲ ਨੇ ਕਿਹਾ ਕਿ ਜਾਂ ਤਾ ਉਹ ਪੰਜਾਬ ਛੱਡ ਜਾਣ ਨਹੀਂ ਫੇਰ ਜੇਲ੍ਹ ਅੰਦਰ ਜਾਣ ਦੀ ਤਿਆਰੀ ਕਰ ਲੈਣ। ਉਨ੍ਹਾਂ ਕਿਹਾ ਕਿ ਉਨ੍ਹਾਂ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੀਆਂ ਜਾਇਦਾਦਾਂ ਦੀ ਨਿਲਾਮੀ ਸਮੇਤ ਇਕ ਬਹੁ-ਪੜਾਵੀ ਰਣਨੀਤੀ ਤਿਆਰ ਕੀਤੀ ਹੈ ਤਾਂ ਜੋ ਇਸ ਭੈੜ ਨੂੰ ਖਤਮ ਕੀਤਾ ਜਾ ਸਕੇ। ਉਨ੍ਹਾਂ ਇਸ ਮੌਕੇ ਮਾਪਿਆਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਤਾਂ ਜੋ ਬੱਚਿਆਂ ਤੇ ਨੈਤਿਕ ਦਬਾਅ ਪਾ ਕੇ ਉਨ੍ਹਾਂ ਨੂੰ ਨਸ਼ਿਆਂ ਦੇ ਰਾਹ ਤੇ ਭਟਕਣ ਤੋਂ ਬਚਾਇਆ ਜਾ ਸਕੇ।
ਇਸ ਤੋਂ ਪਹਿਲਾਂ ਸ. ਬਾਦਲ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ ਪਰੇਡ ਕਮਾਂਡਰ ਸ਼੍ਰੀ ਕੁਲਦੀਪ ਸਿੰਘ ਚਾਹਲ, ਏ.ਐਸ.ਪੀ ਅਗਵਾਈ ਵਾਲੇ ਅਤੇ ਪੰਜਾਬ ਪੁਲਿਸ, ਪੰਜਾਬ ਆਰਮਡ ਬਟਾਲੀਅਨਜ਼, ਹੋਮ ਗਾਰਡ ਅਤੇ ਐਨ. ਸੀ. ਸੀ. ਦੀਆਂ ਟੁਕੜੀਆਂ ਤੇ ਅਧਾਰਤ ਇਕ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਕੀਤੇ ਗਏ ਸਮੂਹਕ ਪੀ. ਟੀ. ਸ਼ੋਅ ਉਪਰੰਤ ਪੇਸ਼ ਕੀਤੇ ਗਏ ਰੰਗਾ-ਰੰਗ ਪ੍ਰੋਗਰਾਮ ਨੇ ਸਭਨਾਂ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ।
ਉਪ ਮੁੱਖ ਮੰਤਰੀ ਪੰਜਾਬ ਨੇ ਇਸ ਮੌਕੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਬੱਚਿਆਂ ਨੂੰ 2.50 ਲੱਖ ਰੁਪਏ ਅਤੇ ਭਲਕੇ 16 ਅਗਸਤ ਨੂੰ ਜ਼ਿਲ੍ਹੇ ਵਿੱਚ ਸਰਕਾਰੀ ਅਤੇ ਗ਼ੈਰ-ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਵੀ ਕੀਤਾ। ਇਸ ਮੌਕੇ ਉਪ ਮੁੱਖ ਮੰਤਰੀ ਪੰਜਾਬ ਨੇ ਸੁਤੰਤਰਤਾ ਸੰਗਰਾਮੀ/ਰਿਵਾਰਕ ਮੈਂਬਰ ਜਿਨ੍ਹਾਂ ਵਿੱਚ ਪ੍ਰੀਤਮ ਸਿੰਘ ਸਫ਼ਰੀ, ਸ੍ਰੀਮਤੀ ਕੁਲਦੀਪ ਕੌਰ, ਸ੍ਰੀਮਤੀ ਗੁਰਨਾਮ ਕੌਰ, ਸ੍ਰੀ ਗੁਰਬਚਨ ਸਿੰਘ, ਸ੍ਰੀ ਬਲਵੰਤ ਸਿੰਘ, ਸ੍ਰੀ ਕਰਤਾਰ ਸਿੰਘ, ਸ੍ਰੀ ਗੰਡਾ ਸਿੰਘ, ਸ੍ਰੀਮਤੀ ਪ੍ਰੇਮ ਕੌਰ, ਸ੍ਰੀਮਤੀ ਮਾਇਆ ਦੇਵੀ, ਸ੍ਰੀਮਤੀ ਲਜਾਵਤੀ, ਸ੍ਰੀਮਤੀ ਅਮਰ ਕੌਰ, ਸ੍ਰੀਮਤੀ ਚਿੰਤ ਕੌਰ, ਸ. ਸਵਰਨ ਸਿੰਘ, ਸ. ਸੁਰਜਨ ਸਿੰਘ, ਸ. ਸੁਖਦੇਵ ਸਿੰਘ, ਸ੍ਰੀ ਗੱਜਾ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਉਨ੍ਹਾਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਲੋੜਵੰਦਾਂ ਸ੍ਰੀ ਤਲਵਿੰਦਰ ਸਿੰਘ ਅਤੇ ਸ੍ਰੀ ਸਾਧੂ ਸਿੰਘ ਨੂੰ ਟਰਾਈ ਸਾਈਕਲ ਅਤੇ ਇਸ ਤੋਂ ਇਲਾਵਾ ਸ੍ਰੀਮਤੀ ਕੁਲਵੰਤ ਕੌਰ, ਗੁਲਜ਼ਾਰ ਕੌਰ, ਮੀਨਾ ਕੁਮਾਰੀ, ਰਾਜਿੰਦਰ ਕੌਰ, ਕੈਲਾਸ਼ ਕੌਰ, ਮੀਲੋ ਦੇਵੀ, ਸੀਮਾ ਦੇਵੀ, ਜਮੀਰੋ, ਸੁਰਿੰਦਰ ਕੌਰ ਅਤੇ ਪ੍ਰੀਤੀ ਦੇਵੀ ਨੂੰ ਸਿਲਾਈ ਮਸ਼ੀਨਾਂ ਵੀ ਵੰਡੀਆਂ। ਉਨ੍ਹਾਂ  ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਸ਼ਖਸੀਅਤਾਂ ਜਿਨ੍ਹਾਂ ਵਿੱਚ ਸ੍ਰੀ ਬਲਵੰਤ ਸਿੰਘ, ਸ੍ਰੀ ਅਮਨਦੀਪ ਸਿੰਘ, ਮਿਸ ਸੁਰਭੀ, ਸ੍ਰੀ ਧਰਮਪਾਲ ਰਾਣਾ, ਸਹਾਇਕ ਥਾਣੇਦਾਰ ਹਰਮਿੰਦਰ ਸਿੰਘ, ਸਹਾਇਕ ਥਾਣੇਦਾਰ ਰਘਬੀਰ ਸਿੰਘ, ਹੋਲਦਾਰ ਸੁਖਵਿੰਦਰ ਸਿੰਘ, ਸਿਪਾਹੀ ਪਵਨ ਕੁਮਾਰ, ਸ੍ਰੀ ਜਸਜੀਤ ਸਿੰਘ, ਸ੍ਰੀ ਧਰਮਪਾਲ, ਡਾ. ਗੁਰਸ਼ਰਨ ਸਿੰਘ ਸ੍ਰੀਮਤੀ ਸੁਨੀਤਾ ਸ਼ਰਮਾ, ਇੰਜ. ਪੀ. ਐਸ. ਵਿਰਦੀ, ਇੰਜ ਐਨ. ਐਸ. ਸਿੱਧੂ, ਸ੍ਰੀਮਤੀ ਹਰਜਿੰਦਰ ਕੌਰ, ਸ੍ਰੀ ਗੁਰਬਚਨ ਸਿੰਘ, ਸ੍ਰੀ ਗੁਰਬੀਰ ਸਿੰਘ ਚੀਮਾ, ਸ੍ਰੀ ਬਖਸ਼ੀਸ ਸਿੰਘ ਨੂੰ ਸਨਮਾਨਿਤ ਵੀ ਕੀਤਾ। ਉਨ੍ਹਾਂ ਸਰਕਾਰੀ ਹਾਈ ਸਕੂਲ ਬਲਟਾਣਾ, ਰਾਜੋ ਮਾਜਰਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 100 ਫੀਸਦੀ ਨਤੀਜੇ ਆਉਣ ਕਰਕੇ  ਸਕੂਲ ਦੇ ਮੁਖੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਆ ਅਤੇ ਸਿੱਖਿਆ ਦੇ ਖੇਤਰ ਵਿੱਚ ਜ਼ਿਲ੍ਹਾ ਪੱਧਰ ‘ਤੇ ਪਹਿਲਾ, ਦੂਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ  ਨੂੰ ਸਨਮਾਨਿਤ ਕੀਤਾ ਜਿਨ੍ਹਾਂ ਵਿੱਚ ੧੦ਵੀਂ ਦੀਆਂ ਵਿਦਿਆਰਥਣਾਂ ਰੋਜੀ ਬਾਲਾ ਬਨੂੰੜ, ਅਮਨਦੀਪ ਕੌਰ ਖਰੜ ਅਤੇ ਬਾਰਵੀਂ ਕਲਾਸ ਦੀਆਂ ਵਿਦਿਆਰਥਣਾਂ ਸਾਇੰਸ ਗਰੁੱਪ ਸ਼ਰਨਪ੍ਰੀਤ ਕੌਰ ਖਰੜ, ਅਮਨਦੀਪ ਕੌਰ ਖਰੜ , ਕਾਮਰਸ ਗਰੁੱਪ ਰਜਤ ਡੇਰਾਬਸੀ, ਪ੍ਰਵੀਨ ਕੌਰ ਸੁਹਾਣਾ, ਹਿਊਮਿਨਿਟੀ ਗਰੁੱਪ ਗੁਰਜਿੰਦਰ ਕੌਰ ਛੱਤਬੀੜ, ਗੁਰਪ੍ਰੀਤ ਕੌਰ ਛੱਤਬੀੜ, ਵੋਕੇਸ਼ਨਲ ਗਰੁੱਪ ਅਭਿਲਾਸ਼ਾ ਪਾਂਡੇ ਲਾਲੜੂ, ਹੇਮ ਲਤਾ ਲਾਲੜੂ ਸ਼ਾਮਿਲ ਸਨ।