ਪੰਜਾਬ ਵਿੱਚ ਅਕਾਲੀ-ਗੱਠਜੋੜ, ਯੂ.ਪੀ. ਵਿੱਚ ਸਮਾਜਵਾਦੀ, ਗੋਆ ਵਿੱਚ ਭਾਜਪਾ ਗੱਠਜੋੜ, ਮਨੀਪੁਰ ਵਿੱਚ ਕਾਂਗਰਸ ਤੇ ਉੱਤਰਾਖੰਡ ਵਿੱਚ ਕਿਸੇ ਨੂੰ ਬਹੁਮਤ ਨਹੀਂ

ਨਵੀਂ ਦਿੱਲੀ – ਦੇਸ਼ ਦੇ ਪੰਜ ਸੂਬਿਆਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ 6 ਮਾਰਚ ਨੂੰ ਹੋਈ ਗਿਣਤੀ ਨੇ ਕਈ ਸੂਬਿਆਂ ਵਿੱਚ ਹੈਰਾਨ ਕਰ ਦੇਣ ਵਾਲੇ ਨਤੀਜੇ ਦਿੱਤੇ ਹਨ। ਜਿੱਥੇ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਮੁੜ ਹਕੂਮਤ ‘ਤੇ ਕਾਬਜ਼ ਹੋ ਕੇ ਇਤਿਹਾਸ ਸਿਜਿਆ ਹੈ, ਉੱਥੇ ਦੂਜੇ ਪਾਸੇ ਉੱਤਰ ਪ੍ਰਦੇਸ਼ ‘ਚ ਸਮਾਜਵਾਦੀ ਪਾਰਟੀ ਨੇ ਉੱਤਰ ਪ੍ਰਦੇਸ਼ ਵਿੱਚ ਸੱਤਾ ਵਿਰੋਧੀ ਲਹਿਰ ਦਾ ਲਾਹਾ ਲੈਂਦਿਆਂ ਬਸਪਾ ਸੁਪਰੀਮੋ ਮਾਇਆਵਤੀ ਨੂੰ ਗੱਦੀਓਂ ਲਾਹ ਕੇ ਆਪਣੀ ਹਕੂਮਤ ਕਾਇਮ ਕਰ ਲਈ ਹੈ। ਗੋਆ ‘ਚ ਭਾਜਪਾ ਨੇ ਕਾਂਗਰਸ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ, ਜਦੋਂ ਕਿ ਮਨੀਪੁਰ ‘ਚ ਕਾਂਗਰਸ ਲਗਾਤਾਰ ਤੀਜੀ ਵਾਰ ਹਕੂਮਤ ਵਿੱਚ ਆ ਗਈ। ਉੱਤਰਾਖੰਡ ‘ਚ ਕਾਂਗਰਸ ਤੇ ਭਾਜਪਾ ਵਿਚਾਲੇ ਖਾਸੀ ਟੱਕਰ ਰਹੀ, ਦੋਵੇਂ ਧਿਰਾਂ ਹਕੂਮਤ ‘ਤੇ ਕਾਬਜ਼ ਹੋਣ ਲਈ ਜੋਰ ਲਾ ਰਹੀਆਂ ਹਨ।
ਪੰਜਾਬ ‘ਚ ਅਕਾਲੀ-ਭਾਜਪਾ ਗੱਠਜੋੜ ਨੇ ਸਾਰੀਆਂ ਗਿਣਤੀਆਂ-ਮਿਣਤੀਆਂ ਫੇਲ੍ਹ ਕਰਕੇ ਕੁੱਲ 117 ਸੀਟਾਂ ਵਿਚੋਂ 68 ਸੀਟਾਂ ਹਾਸਲ ਕੀਤੀਆਂ, ਜਦੋਂ ਕਿ ਕਾਂਗਰਸ 46 ਸੀਟਾਂ ਹੀ ਹਾਸਲ ਕਰ ਸੱਕੀ ਤੇ ਅਜ਼ਾਦ ਉਮੀਦਵਾਰਾਂ ਨੇ 3 ਸੀਟਾਂ ਜਿੱਤੀਆਂ। ਉੱਤਰ ਪ੍ਰਦੇਸ਼ ‘ਚ ਸਮਾਜਵਾਦੀ ਪਾਰਟੀ ਨੇ ਸਾਰੇ ਚੋਣ ਸਰਵੇਖਣਾਂ ਨੂੰ ਰੱਦ ਕਰਦਿਆਂ ਕੁੱਲ 403 ਸੀਟਾਂ ਵਿਚੋਂ 223 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲ ਕਰ ਲਿਆ ਹੈ। ਸੱਤਾਧਾਰੀ ਬਸਪਾ ਨੂੰ 78, ਭਾਜਪਾ ਨੂੰ 49, ਕਾਂਗਰਸ ਨੂੰ 37 ਤੇ ਹੋਰਨਾਂ ਨੇ 15 ਸੀਟਾਂ ਜਿੱਤੀਆਂ। ਜਦੋਂ ਕਿ 2007 ਦੀਆਂ ਵਿਧਾਨ ਸਭਾ ਚੋਣਾਂ ‘ਚ ਬਸਪਾ ਨੇ 206 ਸੀਟਾਂ ਜਿੱਤ ਕੇ ਹਕੂਮਤ ‘ਤੇ ਕਬਜ਼ਾ ਕੀਤਾ ਸੀ, ਜਦੋਂ ਕਿ ਸਪਾ 97, ਭਾਜਪਾ 51 ਤੇ ਕਾਂਗਰਸ ਨੇ 22 ਸੀਟਾਂ ਜਿੱਤੀਆਂ ਸਨ। ਗੋਆ ‘ਚ ਭਾਰਤੀ ਜਨਤਾ ਪਾਰਟੀ ਨੇ ਕੁੱਲ 40 ਵਿਚੋਂ 24 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲ ਕਰਦੇ ਹੋਏ ਕਾਂਗਰਸ ਨੂੰ ਹਕੂਮਤ ‘ਚੋਂ ਲਾਂਭੇ ਕਰ ਦਿੱਤਾ ਹੈ। ਸੱਤਾਧਾਰੀ ਕਾਂਗਰ ਨੂੰ 9 ਤੇ ਹੋਰਨਾਂ ਨੂੰ 7 ਸੀਟਾਂ ਹਾਸਲ ਹੋਈਆਂ। ਮਨੀਪੁਰ ‘ਚ ਕਾਂਗਰਸ ਨੇ ਕੁੱਲ 60 ਸੀਟਾਂ ਵਿਚੋਂ 42 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲ ਕਰਕੇ ਤੀਜੀ ਵਾਰ ਹਕੂਮਤ ‘ਤੇ ਕਬਜ਼ਾ ਕਾਇਮ ਰੱਖਿਆ ਹੈ, ਜਦੋਂ ਕਿ ਹੋਰਨਾਂ ਨੇ 18 ਸੀਟਾਂ ਜਿੱਤੀਆਂ ਹਨ। ਉੱਤਰਾਖੰਡ ‘ਚ ਕੁੱਲ 70 ਸੀਟਾਂ ਵਿਚੋਂ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲ ਸੱਕਿਆ। ਇੱਥੇ ਕਾਂਗਰਸ 32 ਸੀਟਾਂ ਲੈ ਕੇ ਅੱਗੇ ਹੈ, ਜਦੋਂ ਕਿ ਭਾਜਪਾ 31 ਸੀਟਾਂ ਨਾਲ ਦੂਜੇ ਨੰਬਰ ‘ਤੇ ਹੈ ਤੇ ਹੋਰਨਾਂ ਨੂੰ 7 ਸੀਟਾਂ ਹਾਸਲ ਹੋਈਆਂ ਹਨ। ਹੁਣ ਇਨ੍ਹਾਂ ਦੇ ਹੱਥ ਵਿੱਚ ਸੂਬੇ ਦੀ ਨਵੀਂ ਸਰਕਾਰ ਬਨਾਉਣ ਦਾ ਫੈਸਲਾ ਹੈ ਕਿ ਉਹ ਸੂਬੇ ਵਿੱਚ ਕਿਸ ਦੀ ਸਰਕਾਰ ਬਨਾਉਣ ਵਿੱਚ ਮਦਦ ਕਰਦੇ ਹਨ। ਅਕਾਲੀ ਭਾਜਪਾ ਸਰਕਾਰ ਦੇ ਮੁੜ ਸੱਤਾ ਤੇ ਕਾਬਜ ਹੋਣ ਨਾਲ ਸ. ਪ੍ਰਕਾਸ਼ ਸਿੰਘ ਬਾਦਲ ਦਾ ੫ਵੀਂ ਵਾਰ ਸੂਬੇ ਦਾ ਮੁੱਖ ਮੰਤਰੀ ਬਣਨਾ ਤੈਅ ਹੈ। ਜਦ ਕਿ ਯੂ.ਪੀ ਵਿੱਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਉਣ ਬਾਰੇ ਪਾਰਟੀ ਵਲੋਂ ਐਲਾਨ ਕਰ ਦਿੱਤਾ ਗਿਆ ਹੈ।