ਪੰਜਾਬ ਵਿੱਚ ਕਾਂਗਰਸ ਦਾ ਕੋਈ ਭਵਿੱਖ ਨਹੀਂ – ਸੁਖਬੀਰ

ਲੁਧਿਆਣਾ ਵਿਖੇ ਕਾਂਗਰਸ ਨੂੰ ਵੱਡਾ ਝਟਕਾ ਜਿਲ੍ਹਾ ਯੂਥ ਕਾਂਗਰਸ ਦਾ ਪ੍ਰਧਾਨ ਤੇ ਬਸਪਾ ਦਾ ਸੂਬਾ ਜਨਰਲ ਸਕੱਤਰ ਅਕਾਲੀ ਦਲ ਵਿੱਚ ਸ਼ਾਮਿਲ
ਲੁਧਿਆਣਾ, 12 ਸਤੰਬਰ – ਕਾਂਗਰਸ ਨੂੰ ਲੁਧਿਆਣਾ ਜਿੱਲ੍ਹੇ ਵਿੱਚ ਵੱਡਾ ਝਟਕਾ ਲੱਗਾ ਜਦ ਜਿਲ੍ਹਾ ਯੂਥ ਕਾਂਗਰਸ ਸ਼ਹਿਰੀ ਦੇ ਸਾਬਕਾ ਪ੍ਰਧਾਨ ਸ੍ਰੀ ਡਿੰਪਲ ਰਾਣਾ ਆਪਣੇ ਹਜ਼ਾਰਾਂ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ਇਸ ਤੋਂ ਇਲਾਵਾ ਬਸਪਾ ਦੇ ਸੂਬਾ ਜਨਰਲ ਸਕੱਤਰ ਸ੍ਰੀ ਜਗਦੀਸ਼ ਸਿੰਘ ਜੱਸੋਵਾਲ ਵੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ। ਕਾਂਗਰਸ ਤੇ ਬਸਪਾ ਦੇ ਆਗੂਆਂ ਦਾ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਸਵਾਗਤ ਕਰਦਿਆਂ  ਸ. ਬਾਦਲ ਨੇ ਕਿਹਾ ਕਿ ਕਾਂਗਰਸ ਦੇ ਆਗੂਆਂ ਵਲੋਂ ਪਾਰਟੀ ਨੂੰ ਧੜਾਧੜ ਛੱਡਣਾ ਇਹ ਸਾਬਤ ਕਰਦਾ ਹੈ ਕਿ ਪੰਜਾਬ ਦਾ ਕਾਂਗਰਸ ਵਿੱਚ ਕੋਈ ਭਵਿੱਖ ਨਹੀਂ ਹੈ। ਉਨ੍ਹਾਂ ਕਿਹਾ ਕਿ ਆਗਾਮੀ ਸੰਸਦੀ ਚੋਣਾਂ ਵਿੱਚ ਅਕਾਲੀ ਦਲ 13 ਦੀਆਂ 13 ਸੀਟਾਂ ‘ਤੇ ਜਿੱਤ ਪ੍ਰਾਪਤ ਕਰੇਗਾ। ਸ. ਬਾਦਲ ਨੇ ਕਿਹਾ ਕਿ ਅੰਦਰੂਨੀ ਖ਼ਾਨਾ-ਜੰਗੀ ਕਾਰਨ ਕਾਂਗਰਸੀ ਕੈਂਪ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਚੁੱਕਾ ਹੈ।
ਇਸ ਮੌਕੇ ਡਿੰਪਲ ਰਾਣਾ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਕਾਂਗਰਸ ਦੇ ਫਾਇਟ ਸਟਾਰ ਕਲਚਰ ਵਿੱਚ ਫਿੱਟ ਨਹੀਂ ਸਮਝਦੇ ਅਤੇ ਪਿੰਡ ਪੱਧਰ ਤੱਕ ਦੀ ਚੋਣ ਜਿੱਤਣ ਦੀ ਸਮਰੱਥਾ ਵੀ ਨਾ ਰੱਖਣ ਵਾਲੇ ਆਗੂਆਂ ਨੂੰ ਦਿੱਲੀ ਵਿਖੇ ਸਨਮਾਨ ਦਿੱਤਾ ਜਾਂਦਾ ਹੈ। ਇਸ ਮੌਕੇ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਵਿਧਾਇਕ ਰਣਜੀਤ ਸਿੰਘ ਢਿੱਲੋਂ, ਮੁੱਖ ਮੰਤਰੀ ਦੇ ਸਲਾਹਕਾਰ ਮਹੇਸ਼ ਇੰਦਰ ਸਿੰਘ ਗਰੇਵਾਲ, ਮੇਅਰ ਐਚ. ਐਸ. ਗੋਹਲਵੜੀਆ, ਸਾਬਕਾ ਸਾਂਸਦ ਅਮਰੀਕ ਸਿੰਘ ਆਲੀਵਾਲ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਸਾਬਕਾ ਮੇਅਰ ਹਾਕਮ ਸਿੰਘ ਗਿਆਸਪੁਰਾ, ਮਦਨ ਲਾਲ ਬੱਗਾ ਤੇ ਬਾਬਾ ਅਜੀਤ ਸਿੰਘ ਦੋਵੇਂ ਸਾਬਕਾ ਚੇਅਰਮੈਨ ਆਦਿ ਹਾਜ਼ਰ ਸਨ।