ਪੰਜਾਬ ਸਰਕਾਰ ਵੱਲੋਂ ‘ਟਰੈਵਲ ਏਜੰਟਾਂ ਦੀ ਲਾਇਸੰਸ ਬਣਾਉਣ ਦੀ ਮਿਤੀ ਵਿੱਚ 31 ਜਨਵਰੀ ਤੱਕ ਵਾਧਾ

ਚੰਡੀਗੜ੍ਹ, 14 ਜਨਵਰੀ – ਪੰਜਾਬ ਸਰਕਾਰ ਨੇ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਨਿਯਮ, 2013 ਤਹਿਤ ਟ੍ਰੈਵਲ ਏਜੰਟਾਂ ਨੂੰ ਆਪਣੇ ਆਪ ਨੂੰ ਰਜਿਸਟਰ ਕਰਵਾਉਣ ਦੀ ਮਿਤੀ ਵਿੱਚ 31-01-2014 ਤੱਕ ਦਾ ਵਾਧਾ ਕੀਤਾ ਜਾਂਦਾ ਹੈ। ਵਰਨਣਯੋਗ ਹੈ ਕਿ ਪਹਿਲਾਂ ਲਾਇਸੰਸ ਲੈਣ ਲਈ ਸਮਾਂ 31 ਦਸੰਬਰ,2013 ਤੱਕ ਸੀ। ਇਹ ਵਾਧਾ ਟਰੈਵਲ ਏਜੰਟਸ ਐਸੋਸੀਏਸ਼ਨਜ਼ ਨਾਲ ਮਿਤੀ 09-01-2014 ਨੂੰ ਹੋਈ ਮੀਟਿੰਗ ਦੌਰਾਨ ਉਨ੍ਹਾਂ ਦੀ ਮੰਗ ‘ਤੇ ਕੀਤਾ ਗਿਆ।
ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਪੰਜਾਬ ਦੇ ਪ੍ਰਮੁੱਖ ਸਕੱਤਰ ਗ੍ਰਹਿ ਡੀ. ਐੱਸ. ਬੈਂਸ ਨੇ ਦੱਸਿਆ ਕਿ ਬਹੁਤ ਸਾਰੇ ਧੋਖੇਬਾਜ਼ ਏਜੰਟਾਂ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਨਿਰਦੋਸ਼ ਲੋਕਾਂ ਨੂੰ ਉਨ੍ਹਾਂ ਹੱਥੋਂ ਸ਼ੋਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਇਨ੍ਹਾਂ ਗਲਤ ਕਾਰਵਾਈਆਂ ਨੂੰ ਰੋਕਣ ਲਈ ਹੀ ਸਰਕਾਰ ਵੱਲੋਂ ਮਨੁੱਖੀ ਤਸਕਰੀ ਰੋਕੂ ਐਕਟ, ਪੰਜਾਬ ਪਾਸ ਕੀਤਾ ਗਿਆ ਹੈ। ਇਸ ਐਕਟ ਤਹਿਤ ਟਰੈਵਲ ਏਜੰਟਾਂ ਜਾਂ ਇਮੀਗ੍ਰੇਸ਼ਨ ਕੰਸਲਟੈਂਟਾਂ ਜਾਂ ਫਿਰ ਟਿਕਟ ਏਜੰਟਾਂ ਨੂੰ ਵੀ ਰਜਿਸਟਰ ਹੋਣਾ ਪਵੇਗਾ।
ਸ੍ਰੀ ਡੀ. ਐੱਸ. ਬੈਂਸ ਪ੍ਰਮੁੱਖ ਸਕੱਤਰ ਗ੍ਰਹਿ ਨੇ ਕਿਹਾ ਕਿ ਇਹ ਐਕਟ ਅਤੇ ਨਿਯਮਾਂ ਨੂੰ ਪੰਜਾਬ ਸਰਕਾਰ ਦੀ ਵੈੱਬ ਸਾਈਟ www.punjabgovt.gov.in. ‘ਤੇ ਅੱਪਲੋਡ ਕੀਤਾ ਗਿਆ ਹੈ। ਉਨ੍ਹਾਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਹਰੇਕ ਲਾਇਸੈਂਸ ‘ਤੇ ਜਾਰੀ ਕਰਤਾ ਵੱਲੋਂ ਵਿਲੱਖਣ ਨੰਬਰ ਦਰਸਾਇਆ ਜਾਵੇ।