ਪੰਜਾਬ ਸਰਕਾਰ 5 ਏਕੜ ਤੱਕ ਜ਼ਮੀਨ ਦੀ ਮਾਲਕੀ ਵਾਲੇ ਕਿਸਾਨਾਂ ਦੇ ਫ਼ਸਲੀ ਕਰਜ਼ੇ ਮੁਆਫ਼ ਕਰੇਗੀ

ਚੰਡੀਗੜ੍ਹ, 19 ਜੂਨ – ਵਿਧਾਨ ਸਭਾ ਵਿੱਚ ਰਾਜਪਾਲ ਦੇ ਭਾਸ਼ਣ ਉੱਤੇ ਬਹਿਸ ਦਾ ਜਵਾਬ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ 5 ਏਕੜ ਤੱਕ ਜ਼ਮੀਨ ਦੀ ਮਾਲਕੀ ਵਾਲੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦੇ ਫ਼ਸਲੀ ਕਰਜ਼ੇ ਅਤੇ ਖ਼ੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਦਾ ਪੂਰਾ ਕਰਜ਼ਾ ਮੁਆਫ਼ ਕਰੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਕਰੀਬ 18.5 ਲੱਖ ਕੁੱਲ ਕਿਸਾਨਾਂ ਵਿੱਚੋਂ 10.25 ਲੱਖ ਨੂੰ ਫ਼ਾਇਦਾ ਹੋਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਸਾਰੇ ਛੋਟੇ (ਪੰਜ ਏਕੜ) ਅਤੇ ਸੀਮਾਂਤ (ਢਾਈ ਏਕੜ) ਕਿਸਾਨਾਂ ਦੇ 2 ਲੱਖ ਰੁਪਏ ਤੱਕ ਦੇ ਫ਼ਸਲੀ ਕਰਜ਼ੇ ਮੁਆਫ਼ ਕਰਨ ਦਾ ਫ਼ੈਸਲਾ ਕੀਤਾ ਹੈ, ਜਿਨ੍ਹਾਂ ਸਿਰ 2 ਲੱਖ ਤੱਕ ਦਾ ਹੀ ਫ਼ਸਲੀ ਕਰਜ਼ਾ ਹੈ। ਇਸ ਦਾਇਰੇ ਵਿੱਚ 8.70 ਲੱਖ ਕਿਸਾਨ ਆ ਜਾਣਗੇ। ਇਸ ਤੋਂ ਇਲਾਵਾ ਢਾਈ ਏਕੜ ਤੱਕ ਮਾਲਕੀ ਵਾਲੇ ਜਿਨ੍ਹਾਂ ਕਿਸਾਨਾਂ ਸਿਰ ਫ਼ਸਲੀ ਕਰਜ਼ਾ 2 ਲੱਖ ਰੁਪਏ ਤੋਂ ਵੱਧ ਵੀ ਹੋਵੇਗਾ, ਉਨ੍ਹਾਂ ਦੇ ਵੀ 2 ਲੱਖ ਰੁਪਏ ਮੁਆਫ਼ ਕੀਤੇ ਜਾਣਗੇ। ਇਸ ਦਾਇਰੇ ਵਿੱਚ ਕਰੀਬ 1.5 ਲੱਖ ਕਿਸਾਨ ਹੋਰ ਆ ਜਾਣਗੇ। ਇੰਜ ਭਾਵ 10.25 ਲੱਖ ਦੇ ਕਰੀਬ ਕਿਸਾਨਾਂ ਨੂੰ ਰਾਹਤ ਮਿਲੇਗੀ।
ਉਨ੍ਹਾਂ ਖ਼ੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਦਾ ਪੂਰਾ ਕਰਜ਼ਾ ਸਰਕਾਰ ਵੱਲੋਂ ਅਦਾ ਕੀਤੇ ਜਾਣ ਦਾ ਐਲਾਨ ਕੀਤਾ ਹੈ। ਇਹ ਪੀੜਤ ਪਰਿਵਾਰ ਸੂਬੇ ਦੀਆਂ ਤਿੰਨਾਂ ਯੂਨੀਵਰਸਿਟੀਆਂ ਵੱਲੋਂ ਦਿੱਤੀ ਜਾਣ ਵਾਲੀ ਰਿਪੋਰਟ ਦੇ ਆਧਾਰ ਉੱਤੇ ਮੰਨੇ ਜਾਣਗੇ। ਉਨ੍ਹਾਂ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ੩ ਲੱਖ ਰੁਪਏ ਦੀ ਰਾਹਤ ਵਧਾ ਕੇ ੫ ਲੱਖ ਰੁਪਏ ਕਰਨ ਦਾ ਐਲਾਨ ਵੀ ਕੀਤਾ। ਗੌਰਤਲਬ ਹੈ ਕਿ ਕਰਜ਼ ਮੁਆਫ਼ੀ ਵਿੱਚ ਖੇਤੀ ਮਸ਼ੀਨਰੀ ਜਾਂ ਸਹਾਇਕ ਧੰਦਿਆਂ ਲਈ ਲਏ ਕਰਜ਼ੇ (ਟਰਮ ਲੋਨ) ਅਤੇ ਸ਼ਾਹੂਕਾਰਾ ਕਰਜ਼ਾ ਵੀ ਸ਼ਾਮਿਲ ਨਹੀਂ ਹੈ।